ਨੇਪਾਲ 11 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਬੀਤੇ ਦਿਨੀ ਨੇਪਾਲ ਵਿੱਚ ਹੋਏ ਪ੍ਰਦਰਸ਼ਨ ਕਾਰਨ ਫੈਲੀ ਹਿੰਸਾ ਕਾਰਨ ਉਥੋਂ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਸੀ। ਝੜਪਾਂ ਤੋਂ ਬਾਅਦ ਉਥੇ ਕਰਫਿਊ ਲਗਾ ਦਿੱਤਾ ਗਿਆ। ਇਸੇ ਤਹਿਤ ਹੁਣ ਫਰਾਂਸ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੇ ਵਿਰੋਧ ਵਿੱਚ ਸੜਕਾਂ ਤੇ ਆ ਕੇ ਰੋਸ ਪ੍ਰਦਰਸ਼ਨੀਆਂ ਕੀਤੀਆਂ। ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ ਦਿਖਾਈ ਦੇ ਰਿਹਾ ਹੈ। ਰਾਜਧਾਨੀ ਪੈਰਿਸ ਵਿੱਚ ਅੱਗਜ਼ਨੀ ਹੋ ਰਹੀ ਹੈ ਅਤੇ ਲੋਕ ਪੁਲਿਸ ‘ਤੇ ਪੱਥਰ ਸੁੱਟ ਰਹੇ ਹਨ। ਲੋਕ ਸੜਕਾਂ ‘ਤੇ ਹਨ ਤੇ ਲੋਕ ਇਮੈਨੁਅਲ ਮੈਕਰੋਨ ਸਰਕਾਰ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਮੈਕਰੋਨ ਸਰਕਾਰ ਨੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਕੁਝ ਨਹੀਂ ਕੀਤਾ ਹੈ ਅਤੇ ਉਨ੍ਹਾਂ ਦਾ ਵਿੱਤੀ ਪ੍ਰਬੰਧਨ ਬਹੁਤ ਮਾੜਾ ਰਿਹਾ ਹੈ। ਇਹ ਵਿਰੋਧ ਪ੍ਰਦਰਸ਼ਨ ਸੋਸ਼ਲ ਮੀਡੀਆ ‘ਤੇ ‘ਸਭ ਕੁਝ ਬਲਾਕ ਕਰੋ’ ਦੇ ਸੱਦੇ ਨਾਲ ਸ਼ੁਰੂ ਹੋਏ ਸਨ ਤੇ ਹੁਣ ਲੋਕ ਵਿਰੋਧ ਕਰਨ ਲਈ ਸੰਗਠਿਤ ਹੋ ਰਹੇ ਹਨ।
ਹਜ਼ਾਰਾਂ ਪੁਲਿਸ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਭੀੜ ਹਰ ਪਾਸੇ ਬੇਕਾਬੂ ਹੋ ਰਹੀ ਹੈ। ਪ੍ਰਦਰਸ਼ਨਕਾਰੀ ਪੂਰੇ ਫਰਾਂਸ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਕੂੜੇਦਾਨ ਸਾੜੇ ਜਾ ਰਹੇ ਹਨ ਅਤੇ ਕਈ ਥਾਵਾਂ ‘ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋ ਰਹੀਆਂ ਹਨ।
ਪੁਲਿਸ ਅਧਿਕਾਰੀਆਂ ਵੱਲੋਂ ਦੇਸ਼ ਭਰ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।







