Homeਪੰਜਾਬਸ਼ੁਰੂ ਕੀਤਾ ਵਿਸ਼ੇਸ਼ ਸੰਮੇਲਨ "ਸਾਂਝਾ ਸੁਨੇਹਾ – ਇਕਜੁੱਟ ਪੰਜਾਬ"

ਸ਼ੁਰੂ ਕੀਤਾ ਵਿਸ਼ੇਸ਼ ਸੰਮੇਲਨ “ਸਾਂਝਾ ਸੁਨੇਹਾ – ਇਕਜੁੱਟ ਪੰਜਾਬ”

ਚੰਡੀਗੜ੍ਹ,4ਜੁਲਾਈ (ਛਤਰਪਾਲ ਸਿੰਘ): ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਸਮਾਜਿਕ ਜਨ ਅੰਦੋਲਨ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਵੀਰਵਾਰ ਨੂੰ “ਸਾਂਝਾ ਸੁਨੇਹਾ – ਇਕਜੁੱਟ ਪੰਜਾਬ” ਨਾਮਕ ਆਪਣੀ ਕਿਸਮ ਦਾ ਪਹਿਲਾ ਵਿਸ਼ੇਸ਼ ਸੰਮੇਲਨ ਆਯੋਜਿਤ ਕੀਤਾ। ਇਸ ਦਾ ਮਕਸਦ ਸਰਕਾਰੀ ਏਜੰਸੀਆਂ, ਸਮਾਜਿਕ ਸੰਸਥਾਵਾਂ, ਭਾਈਚਾਰਕ ਆਗੂਆਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਿਚਕਾਰ ਲੰਬੇ ਸਮੇਂ ਲਈ ਸਾਂਝੇਦਾਰੀ ਬਣਾਕੇ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਦਾ ਡਟ ਕੇ ਮੁਕਾਬਲਾ ਕਰਨਾ ਹੈ।

ਇਹ ਸੰਮੇਲਨ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ (DITSU) ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਅਤੇ ਗੈਰਕਾਨੂੰਨੀ ਤਸਕਰੀ ਰੋਕੂ ਦਿਵਸ ਦੇ ਮੌਕੇ ‘ਤੇ ਕਰਵਾਇਆ ਗਿਆ। DITSU ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਵਿਆਪਕ ਮੁਹਿੰਮ ਦੀ ਤਕਨੀਕੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਿਹਾ ਹੈ। ਇਸ ਸਮਾਗਮ ਵਿੱਚ 40 ਤੋਂ ਵੱਧ ਸੰਸਥਾਵਾਂ ਦੇ 80 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜੋ ਸਿੱਖਿਆ, ਮਾਨਸਿਕ ਸਿਹਤ, ਨਸ਼ਾ ਮੁਕਤੀ, ਬਾਲ ਸੁਰੱਖਿਆ, ਯੁਵਾ ਵਿਕਾਸ, ਮਹਿਲਾ ਸਸ਼ਕਤੀਕਰਨ, ਖੇਡਾਂ ਅਤੇ ਸਮਾਜਿਕ ਭਲਾਈ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ।

ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤਿੰਨ ਪੱਖੀ ਰਣਨੀਤੀ ਅਪਣਾਈ ਹੈ, ਜਿਸ ਵਿੱਚ ਸਖ਼ਤ ਕਾਰਵਾਈ (Enforcement), ਇਲਾਜ ਅਤੇ ਮੁੜ ਵਸੇਬਾ (Treatment & Rehabilitation) ਅਤੇ ਰੋਕਥਾਮ (Prevention) ਨੂੰ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਨਾਲ ਹੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਇਸ ਲੜਾਈ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, “ਇਕਜੁੱਟ ਪੰਜਾਬ ਹੀ ਰੰਗਲਾ ਪੰਜਾਬ ਹੈ। ਨਸ਼ਿਆਂ ਵਿਰੁੱਧ ਮੁਹਿੰਮ ਉਸੇ ਵੇਲੇ ਸਫ਼ਲ ਹੋਵੇਗੀ ਜਦੋਂ ਇਹ ਲੋਕ ਅੰਦੋਲਨ ਬਣੇਗੀ। ਐਨਜੀਓਜ਼, ਸਿੱਖਿਆ ਸੰਸਥਾਵਾਂ, ਸਮਾਜਿਕ ਆਗੂਆਂ ਤੋਂ ਲੈ ਕੇ ਨਸ਼ਿਆਂ ਦੇ ਪ੍ਰਭਾਵਿਤ ਪਰਿਵਾਰਾਂ ਤੱਕ, ਹਰ ਵਰਗ ਦੀ ਭਾਗੀਦਾਰੀ ਲਾਜ਼ਮੀ ਹੈ। ਇਸੇ ਲਈ ਅੱਜ 40 ਤੋਂ ਵੱਧ ਗੈਰ-ਸਰਕਾਰੀ ਸੰਸਥਾਵਾਂ ਇਸ ਮੰਚ ਨਾਲ ਜੁੜੀਆਂ ਹਨ।”

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਸੂਬੇ ਭਰ ਵਿੱਚ ਨਸ਼ਾ ਮੁਕਤੀ ਕੇਂਦਰਾਂ ਅਤੇ ਮੁੜ ਵਸੇਬਾ ਸੇਵਾਵਾਂ ਦਾ ਵਿਸਥਾਰ ਕਰ ਰਹੀ ਹੈ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਣ ਤੋਂ ਬਚਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਇਹ ਸੰਮੇਲਨ ਵੱਖ-ਵੱਖ ਸੰਸਥਾਵਾਂ ਲਈ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਆਪਸੀ ਸਹਿਯੋਗ ਵਧਾਉਣ ਦਾ ਮਹੱਤਵਪੂਰਨ ਮੰਚ ਸਾਬਤ ਹੋਇਆ। UNODC, UNFPA, ਅਨਨਿਆ ਬਿਰਲਾ ਫਾਊਂਡੇਸ਼ਨ, ਸਲੈਮ ਆਉਟ ਲਾਊਡ, ਸੈਂਟਰ ਸਕੁਏਅਰ ਫਾਊਂਡੇਸ਼ਨ, ਲਾਡਲੀ ਫਾਊਂਡੇਸ਼ਨ, ਆਦਿਤਿਆ ਬਿਰਲਾ ਐਜੂਕੇਸ਼ਨ ਟਰੱਸਟ, ਕਲਗੀਧਰ ਟਰੱਸਟ, ਹੰਸ ਫਾਊਂਡੇਸ਼ਨ, ਬ੍ਰਹਮ ਕੁਮਾਰੀਜ਼, ਰਾਊਂਡਗਲਾਸ ਫਾਊਂਡੇਸ਼ਨ, ਯੂਥ ਫੁੱਟਬਾਲ ਕਲੱਬ ਰੂਰਕਾ ਕਲਾਂ, SPYM, ਕਰੁਣਾ ਸ਼ਕਤੀ ਫਾਊਂਡੇਸ਼ਨ, ਉਦਯਨ ਕੇਅਰ, TYCIA ਅਤੇ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਸਮੇਤ ਕਈ ਸੰਸਥਾਵਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ।

ਭਾਗੀਦਾਰਾਂ ਨੇ ਕਾਲਜਾਂ ਅਤੇ ਸਕੂਲਾਂ ਵਿੱਚ ਨਸ਼ਾ ਰੋਕਥਾਮ, ਸਿਹਤ ਅਤੇ ਮਾਨਸਿਕ ਤੰਦਰੁਸਤੀ, ਬੱਚਿਆਂ ਦੀ ਸੁਰੱਖਿਆ, ਕਾਨੂੰਨ ਨਾਲ ਟਕਰਾਅ ਵਾਲੇ ਬੱਚਿਆਂ ਦੀ ਮਦਦ ਅਤੇ ਖੇਡਾਂ ਰਾਹੀਂ ਨੌਜਵਾਨਾਂ ਦੇ ਸਸ਼ਕਤੀਕਰਨ ਵਰਗੇ ਮੁੱਖ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

“ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ” ਵਿਸ਼ੇ ‘ਤੇ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੇਹੁਲ ਸੈਣੀ, ਅਮਰਪ੍ਰੀਤ ਸਿੰਘ, ਕਰਮਨ ਕੌਰ ਮਿਗਲਾਨੀ, ਸਿਮਰਨ ਕੌਰ ਖਾਲਸਾ, ਕੁਲਦੀਪ ਘਈ, ਆਰਜੇ ਗਗਨ ਅਤੇ ਆਰਜੇ ਜੱਸੀ ਵਰਗੇ ਡਿਜ਼ੀਟਲ ਇਨਫਲੂਐਂਸਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਲੋਕਾਂ ਦੀ ਸੋਚ ਬਦਲਣ ਦਾ ਪ੍ਰਭਾਵਸ਼ਾਲੀ ਸਾਧਨ ਹੈ ਅਤੇ ਇਸ ਰਾਹੀਂ ਨਸ਼ਾ ਮੁਕਤ ਸਮਾਜ ਦਾ ਸੰਦੇਸ਼ ਵੱਡੇ ਪੱਧਰ ‘ਤੇ ਫੈਲਾਇਆ ਜਾ ਸਕਦਾ ਹੈ।

ਚਰਚਾ ਦੌਰਾਨ ਭਾਗੀਦਾਰਾਂ ਨੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਸਿੱਖਿਆ ਸੰਸਥਾਵਾਂ ਵਿੱਚ ਸਹਾਇਤਾ ਪ੍ਰਣਾਲੀ ਵਧਾਉਣ, ਸੰਵੇਦਨਸ਼ੀਲ ਵਰਗਾਂ ਤੱਕ ਪਹੁੰਚ ਸੁਧਾਰਨ ਅਤੇ ਨੌਜਵਾਨਾਂ ਨੂੰ ਖੇਡਾਂ, ਹੁਨਰ ਵਿਕਾਸ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੋੜਨ ਵਰਗੇ ਖੇਤਰਾਂ ਵਿੱਚ ਸਾਂਝੇ ਤੌਰ ‘ਤੇ ਕੰਮ ਕਰਨ ‘ਤੇ ਸਹਿਮਤੀ ਜਤਾਈ।

SPYM ਦੇ ਟੀਮ ਲੀਡਰ ਮਨੀਸ਼ ਕੁਮਾਰ ਨੇ ਕਿਹਾ ਕਿ ਨਸ਼ਾ ਮੁਕਤੀ ਵਿੱਚ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਰਕਾਰ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਕਿ ਕਿੱਥੇ ਨਸ਼ਾ ਮੁਕਤੀ ਕੇਂਦਰਾਂ ਜਾਂ ਜਾਗਰੂਕਤਾ ਕੈਂਪਾਂ ਦੀ ਲੋੜ ਹੈ ਅਤੇ ਇਲਾਜ ਤੋਂ ਬਾਅਦ ਮਰੀਜ਼ਾਂ ਦੀ ਲਗਾਤਾਰ ਨਿਗਰਾਨੀ ਕਰਦੀ ਹੈ ਤਾਂ ਜੋ ਨਸ਼ੇ ਦੀ ਦੁਬਾਰਾ ਆਦਤ ਪੈਣ ਦੇ ਮਾਮਲੇ ਘਟ ਸਕਣ।

ਲੁਧਿਆਣਾ ਦੀ ਜ਼ਿਲਾ ਫਾਊਂਡੇਸ਼ਨ ਦੀ ਮੁਖੀ ਡਾ. ਨੀਲਮ ਸੋਢੀ ਨੇ ਕਿਹਾ ਕਿ ਨਸ਼ਾ ਅਕਸਰ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਦਾ ਗਲਤ ਤਰੀਕਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਣ ਅਤੇ ਬੱਚਿਆਂ ਨੂੰ ਆਪਣੀ ਸ਼ਖ਼ਸੀਅਤ ਨੂੰ ਪਛਾਣਨ ਵਿੱਚ ਮਦਦ ਕਰਦੀ ਹੈ, ਤਾਂ ਜੋ ਉਹ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਨਸ਼ਿਆਂ ਦੀ ਬਜਾਏ ਸਕਾਰਾਤਮਕ ਢੰਗ ਨਾਲ ਕਰ ਸਕਣ।

RELATED ARTICLES
- Advertisment -
Google search engine
Google search engine
Google search engine

Most Popular

Recent Comments