Homeਪੰਜਾਬਸੀਐਮ ਮਾਨ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ; ਹੁਣ ਕਲਾਸਰੂਮ ਬਣਨਗੇ ਨਸ਼ਾ-ਮੁਕਤੀ ਦਾ...

ਸੀਐਮ ਮਾਨ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ; ਹੁਣ ਕਲਾਸਰੂਮ ਬਣਨਗੇ ਨਸ਼ਾ-ਮੁਕਤੀ ਦਾ ਕੇਂਦਰ

ਚੰਡੀਗੜ੍ਹ, 3 ਜੁਲਾਈ 2026: ਪੰਜਾਬ ਵਿੱਚ ਇੱਕ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਮੁੜ ਖੁੱਲ੍ਹਣ ਨਾਲ ਹਜ਼ਾਰਾਂ ਅਧਿਆਪਕ ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਦੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਨਸ਼ਿਆਂ ਖ਼ਿਲਾਫ਼ ਲੜਾਈ ਦਾ ਕੇਂਦਰ ਪੁਲਿਸ ਥਾਣਿਆਂ ਅਤੇ ਨਸ਼ਾ ਛੁਡਾਊ ਕੇਂਦਰਾਂ ਤੋਂ ਬਦਲ ਕੇ ਸਕੂਲਾਂ ਅਤੇ ਕਲਾਸਰੂਮਾਂ ਤੱਕ ਪਹੁੰਚ ਰਿਹਾ ਹੈ। ਇਸ ਤਹਿਤ ਤਰਬੀਅਤਯਾਫ਼ਤਾ ਅਧਿਆਪਕ, ਜਾਗਰੂਕ ਪ੍ਰਿੰਸੀਪਲ ਅਤੇ ਸੁਰੱਖਿਅਤ ਸਕੂਲੀ ਮਾਹੌਲ ਰਾਹੀਂ ਹਰ ਬੱਚੇ ਲਈ ਇੱਕ ਸੁਰੱਖਿਆ ਘੇਰਾ ਤਿਆਰ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਮਾਨਸਿਕ ਤਣਾਅ ਨਾਲ ਨਜਿੱਠਣ ਦੀਆਂ ਯੋਗਤਾਵਾਂ ਅਤੇ ਸੁਰੱਖਿਅਤ ਤੇ ਗੁਪਤ ਢੰਗ ਨਾਲ ਜਾਣਕਾਰੀ ਸਾਂਝੀ ਕਰਨ ਦੇ ਵਿਕਲਪ ਵੀ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਵਿੱਚ ਨਿਵੇਸ਼ ਕਰ ਰਹੀ ਹੈ ਜੋ ਹਰ ਰੋਜ਼ ਕਿਸ਼ੋਰਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ (TISS) ਦੇ ਮਾਹਿਰਾਂ ਦੇ ਸਹਿਯੋਗ ਨਾਲ ਨੌਂ ਜ਼ਿਲ੍ਹਿਆਂ, ਖ਼ਾਸ ਕਰਕੇ ਸਰਹੱਦੀ ਇਲਾਕਿਆਂ, ਦੇ 1,400 ਤੋਂ ਵੱਧ ਸਕੂਲ ਮੁਖੀਆਂ ਨੂੰ ਨਸ਼ਿਆਂ ਦੀ ਵਰਤੋਂ ਦੇ ਸ਼ੁਰੂਆਤੀ ਲੱਛਣ ਪਛਾਣਣ, ਹਮਦਰਦੀ ਨਾਲ ਪ੍ਰਤੀਕਿਰਿਆ ਕਰਨ ਅਤੇ ਮਾਨਸਿਕ ਸਿਹਤ ਨੂੰ ਜਨ ਸਿਹਤ ਦੇ ਨਜ਼ਰੀਏ ਨਾਲ ਸਮਝਣ ਲਈ ਸੰਵੇਦਨਸ਼ੀਲ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ, ਅੰਮ੍ਰਿਤਸਰ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਾਉਣ ਵਾਲੇ 3,000 ਤੋਂ ਵੱਧ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪਾਂ ਕਰਵਾਈਆਂ ਗਈਆਂ। ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦੇ ਹੌਂਸਲਾ-ਅਫ਼ਜ਼ਾਈ ਨਤੀਜੇ ਸਾਹਮਣੇ ਆਏ ਹਨ। 75 ਫੀਸਦੀ ਅਧਿਆਪਕਾਂ ਨੇ ਕਿਹਾ ਕਿ ਉਹ ਸਕੂਲਾਂ ਵਿੱਚ ਹੋਰ ਸਿਹਤਮੰਦ ਮਾਹੌਲ ਬਣਾਉਣ ਲਈ ਪ੍ਰੇਰਿਤ ਹੋਏ ਹਨ, ਜਦਕਿ 85 ਫੀਸਦੀ ਨੇ ਮੰਨਿਆ ਕਿ ਕਿਸ਼ੋਰਾਂ ਵਿੱਚ ਨਸ਼ਿਆਂ ਦੀ ਲਤ, ਤਣਾਅ, ਸਾਥੀਆਂ ਦੇ ਦਬਾਅ ਅਤੇ ਭਾਵਨਾਤਮਕ ਚੁਣੌਤੀਆਂ ਆਪਸ ਵਿੱਚ ਗਹਿਰੇ ਤੌਰ ‘ਤੇ ਜੁੜੀਆਂ ਹੋਈਆਂ ਹਨ। ਹੁਣ ਇਸ ਪ੍ਰੋਗਰਾਮ ਦਾ ਵਿਸਥਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੱਕ ਕੀਤਾ ਜਾ ਰਿਹਾ ਹੈ।

ਸਕੂਲੀ ਸਟਾਫ਼ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰ ਕਿਸ਼ੋਰਾਂ ਦੀ ਨਸ਼ਿਆਂ ਵੱਲ ਵੱਧ ਰਹੀ ਸੰਵੇਦਨਸ਼ੀਲਤਾ ਦੇ ਇੱਕ ਵੱਡੇ ਕਾਰਨ, ਮਾਨਸਿਕ ਤਣਾਅ ਅਤੇ ਭਾਵਨਾਤਮਕ ਦਬਾਅ, ਨੂੰ ਵੀ ਦੂਰ ਕਰਨ ਲਈ ਕਦਮ ਚੁੱਕ ਰਹੀ ਹੈ। ਇਸ ਲਈ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲਾਂ ਵਿੱਚ ਸੂਬਾ-ਪੱਧਰੀ ਮਾਈਂਡਫੁਲਨੈੱਸ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਇਸ ਤਹਿਤ ਹਰ ਸਵੇਰੇ 30 ਮਿੰਟ ਦਾ ਗਾਈਡਿਡ ਸੈਸ਼ਨ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਾਹ ਲੈਣ ਦੀਆਂ ਕਸਰਤਾਂ, ਧਿਆਨ, ਸਕਾਰਾਤਮਕ ਸੋਚ ਅਤੇ ਸ਼ੁਕਰਗੁਜ਼ਾਰੀ ਦੀਆਂ ਗਤੀਵਿਧੀਆਂ ਸ਼ਾਮਲ ਹਨ, ਤਾਂ ਜੋ ਵਿਦਿਆਰਥੀਆਂ ਦਾ ਧਿਆਨ, ਭਾਵਨਾਤਮਕ ਮਜ਼ਬੂਤੀ ਅਤੇ ਮਾਨਸਿਕ ਸਿਹਤ ਬਿਹਤਰ ਹੋ ਸਕੇ।

ਇਹ ਪ੍ਰੋਗਰਾਮ ਪਹਿਲਾਂ ਮੋਹਾਲੀ ਦੇ ਲਗਭਗ 210 ਸਰਕਾਰੀ ਸਕੂਲਾਂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਚਲਾਇਆ ਗਿਆ ਸੀ, ਜਿੱਥੇ 83 ਫੀਸਦੀ ਵਿਦਿਆਰਥੀਆਂ ਨੇ ਦੱਸਿਆ ਕਿ ਹੁਣ ਉਹ ਮੁਸ਼ਕਲ ਹਾਲਾਤਾਂ ਨਾਲ ਬਿਨਾਂ ਬੇਹੱਦ ਤਣਾਅ ਦੇ ਨਜਿੱਠਣ ਵਿੱਚ ਪਹਿਲਾਂ ਨਾਲੋਂ ਵਧੇਰੇ ਸਮਰੱਥ ਮਹਿਸੂਸ ਕਰਦੇ ਹਨ।

ਇਨ੍ਹਾਂ ਪਹਿਲਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਨਸ਼ਿਆਂ ਤੋਂ ਬਚਾਇਆ ਗਿਆ ਹਰ ਬੱਚਾ ਇੱਕ ਪਰਿਵਾਰ ਦੀ ਰੱਖਿਆ ਅਤੇ ਇੱਕ ਸੁਰੱਖਿਅਤ ਭਵਿੱਖ ਦੀ ਗਾਰੰਟੀ ਹੈ। ਸਕੂਲਾਂ ਨੂੰ ਅਜਿਹੀ ਥਾਂ ਬਣਾਕੇ ਜਿੱਥੇ ਬੱਚੇ ਆਤਮ-ਵਿਸ਼ਵਾਸ, ਮਾਨਸਿਕ ਮਜ਼ਬੂਤੀ ਅਤੇ ਜੀਵਨ ਨਾਲ ਜੁੜੀਆਂ ਯੋਗਤਾਵਾਂ ਵਿਕਸਿਤ ਕਰ ਸਕਣ, ਪੰਜਾਬ ਇੱਕ ਹੋਰ ਤੰਦਰੁਸਤ ਅਤੇ ਮਜ਼ਬੂਤ ਸਮਾਜ ਦੀ ਨੀਂਹ ਰੱਖ ਰਿਹਾ ਹੈ। ਸਾਡਾ ਮਕਸਦ ਸਿਰਫ਼ ਬੱਚਿਆਂ ਨੂੰ ਨਸ਼ਿਆਂ ਦੇ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਸਹੀ ਜਾਣਕਾਰੀ, ਮਜ਼ਬੂਤੀ ਅਤੇ ਸੋਚ-ਸਮਝ ਕੇ ਫ਼ੈਸਲੇ ਲੈਣ ਦੀ ਸਮਰੱਥਾ ਦੇਣਾ ਹੈ।”

ਪੰਜਾਬ ਨੇ ਆਪਣੀ ਨਸ਼ਾ ਰੋਕਥਾਮ ਰਣਨੀਤੀ ਨੂੰ ਹੋਰ ਮਜ਼ਬੂਤ ਕਰਦਿਆਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ ਭਾਰਤ ਦਾ ਪਹਿਲਾ ਸੂਬਾ-ਪੱਧਰੀ ਵਿਗਿਆਨਕ ਸਬੂਤਾਂ ‘ਤੇ ਆਧਾਰਿਤ ਐਂਟੀ-ਡਰੱਗ ਕਰੀਕੁਲਮ ਵੀ ਸ਼ੁਰੂ ਕੀਤਾ ਹੈ। ਅਗਸਤ 2025 ਵਿੱਚ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਤਹਿਤ 3,658 ਸਕੂਲਾਂ ਦੇ ਲਗਭਗ ਅੱਠ ਲੱਖ ਵਿਦਿਆਰਥੀਆਂ ਨੂੰ 6,500 ਤੋਂ ਵੱਧ ਤਰਬੀਅਤਯਾਫ਼ਤਾ ਅਧਿਆਪਕਾਂ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ।

ਜੇ-ਪਾਲ ਸਾਊਥ ਏਸ਼ੀਆ (J-PAL South Asia) ਅਤੇ ਵਿਹਾਰਕ ਵਿਗਿਆਨੀਆਂ ਦੇ ਸਹਿਯੋਗ ਨਾਲ ਤਿਆਰ ਕੀਤੇ ਇਸ ਕਰੀਕੁਲਮ ਵਿੱਚ ਸਿਰਫ਼ ਜਾਗਰੂਕਤਾ ਤੱਕ ਹੀ ਸੀਮਿਤ ਨਹੀਂ ਰਿਹਾ ਗਿਆ। ਡਾਕੂਮੈਂਟਰੀਆਂ, ਕੁਇਜ਼, ਬਹਿਸਾਂ ਅਤੇ ਕਲਾਸਰੂਮ ਵਿਚਾਰ-ਵਟਾਂਦਰੇ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਲਤ, ਸਾਥੀਆਂ ਦੇ ਦਬਾਅ, ਸਹੀ ਫ਼ੈਸਲੇ ਲੈਣ ਅਤੇ ਨਸ਼ਿਆਂ ਤੋਂ ਇਨਕਾਰ ਕਰਨ ਦੀਆਂ ਵਿਹਾਰਕ ਯੋਗਤਾਵਾਂ ਬਾਰੇ ਸਿਖਾਇਆ ਜਾਂਦਾ ਹੈ।

ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਬਲਵਿੰਦਰ ਕੌਰ, ਜੋ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਾਰਗਦਰਸ਼ਨ ਦੇ ਰਹੀ ਹੈ, ਨੇ ਕਿਹਾ, “ਸਾਨੂੰ ਬੱਚਿਆਂ ਵੱਲੋਂ ਬਹੁਤ ਹੀ ਹੌਂਸਲਾ-ਅਫ਼ਜ਼ਾਈ ਕਰਨ ਵਾਲਾ ਸਹਿਯੋਗ ਮਿਲ ਰਿਹਾ ਹੈ। ਉਹ ਕਲਾਸਾਂ ਅਤੇ ਸਕੂਲ ਪੱਧਰ ਦੀਆਂ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਇਸ ਨਾਲ ਸਾਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਕਿਸ਼ੋਰ ਨਸ਼ਿਆਂ ਦੀ ਬੁਰਾਈ ਤੋਂ ਸੁਰੱਖਿਅਤ ਰਹਿਣਗੇ।”

ਵਿਦਿਆਰਥੀਆਂ ਲਈ ਮਦਦ ਲੈਣਾ ਹੋਰ ਆਸਾਨ ਬਣਾਉਣ ਵਾਸਤੇ ਸਕੂਲਾਂ ਵਿੱਚ ਗੁਪਤ ਸੁਝਾਅ ਪੇਟੀਆਂ (Anonymous Tipping Boxes) ਵੀ ਲਗਾਈਆਂ ਗਈਆਂ ਹਨ, ਤਾਂ ਜੋ ਉਹ ਬਿਨਾਂ ਕਿਸੇ ਡਰ ਜਾਂ ਸਮਾਜਿਕ ਦਾਗ਼ ਦੇ ਨਸ਼ਿਆਂ ਨਾਲ ਜੁੜੀਆਂ ਚਿੰਤਾਵਾਂ ਬਾਰੇ ਜਾਣਕਾਰੀ ਦੇ ਸਕਣ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਾਰੀਆਂ ਪਹਿਲਾਂ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਪ੍ਰਤੀ ਸਰਕਾਰ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ, “ਅਧਿਆਪਕਾਂ ਨੇ ਹਮੇਸ਼ਾ ਸਮਾਜ ਵਿੱਚ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚੱਲ ਰਹੀਆਂ ਮੁਹਿੰਮਾਂ ਦੇ ਸਕਾਰਾਤਮਕ ਨਤੀਜੇ ਪਹਿਲਾਂ ਹੀ ਸਾਹਮਣੇ ਆ ਰਹੇ ਹਨ। ਸਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਇੱਕ ਟੀਮ ਵਰਕ ਹੈ, ਜਿਸ ਵਿੱਚ ਅਧਿਆਪਕ ਅਤੇ ਮਾਰਗਦਰਸ਼ਕ ਸਭ ਤੋਂ ਕੇਂਦਰੀ ਭੂਮਿਕਾ ਨਿਭਾਉਂਦੇ ਹਨ।”

ਪੰਜਾਬ ਪਹਿਲਾਂ ਹੀ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੂਬਾ ਬਣ ਚੁੱਕਾ ਹੈ ਅਤੇ ਨੈਸ਼ਨਲ ਅਚੀਵਮੈਂਟ ਸਰਵੇ ਅਤੇ ਨੀਤੀ ਆਯੋਗ ਸਕੂਲ ਐਜੂਕੇਸ਼ਨ ਸਿਸਟਮ ਰਿਪੋਰਟ 2026 ਵਿੱਚ ਪਹਿਲਾ ਸਥਾਨ ਹਾਸਲ ਕਰ ਚੁੱਕਾ ਹੈ। ਹੁਣ ਸੂਬਾ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਵੀ ਇੱਕ ਨਵਾਂ ਮਾਪਦੰਡ ਸਥਾਪਤ ਕਰ ਰਿਹਾ ਹੈ। ਇਹ ਮਾਡਲ ਦਰਸਾਉਂਦਾ ਹੈ ਕਿ ਨਸ਼ਿਆਂ ਦੀ ਰੋਕਥਾਮ ਸਿਰਫ਼ ਕਾਨੂੰਨੀ ਕਾਰਵਾਈ ਨਾਲ ਨਹੀਂ, ਸਗੋਂ ਹਮਦਰਦੀ, ਵਿਗਿਆਨਕ ਸਬੂਤਾਂ ਅਤੇ ਸਮੇਂ ਸਿਰ ਰੋਕਥਾਮ ਰਾਹੀਂ ਸੰਭਵ ਹੈ। ਅਧਿਆਪਕਾਂ, ਸਕੂਲ ਮੁਖੀਆਂ ਅਤੇ ਕਲਾਸਰੂਮਾਂ ਨੂੰ ਇਸ ਮੁਹਿੰਮ ਦੇ ਕੇਂਦਰ ਵਿੱਚ ਰੱਖ ਕੇ ਪੰਜਾਬ ਅਜਿਹਾ ਮਾਡਲ ਤਿਆਰ ਕਰ ਰਿਹਾ ਹੈ, ਜਿਸ ਦਾ ਮਕਸਦ ਬੱਚਿਆਂ ਨੂੰ ਨਸ਼ਿਆਂ ਦੀ ਲਪੇਟ ਵਿੱਚ ਆਉਣ ਤੋਂ ਪਹਿਲਾਂ ਹੀ ਸੁਰੱਖਿਅਤ ਕਰਨਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments