Homeਪੰਜਾਬਮਾਨਸੂਨ ਤੋਂ ਪਹਿਲਾਂ ਭਾਜਪਾ ਪੰਜਾਬ ਦੀ ਤਿਆਰੀ, ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਲਵੇਗੀ...

ਮਾਨਸੂਨ ਤੋਂ ਪਹਿਲਾਂ ਭਾਜਪਾ ਪੰਜਾਬ ਦੀ ਤਿਆਰੀ, ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਲਵੇਗੀ ਜਾਇਜ਼ਾ

ਚੰਡੀਗੜ੍ਹ:2ਜੁਲਾਈ (ਛਤਰਪਾਲ ਸਿੰਘ):ਮਾਨਸੂਨ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਹੜ੍ਹ ਪ੍ਰਭਾਵਿਤ ਅਤੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਜ਼ਮੀਨੀ ਪੱਧਰ ‘ਤੇ ਹਾਲਾਤਾਂ ਦਾ ਜਾਇਜ਼ਾ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਹੜ੍ਹ ਨਾਲ ਨਜਿੱਠਣ ਲਈ ਕੀਤੀ ਗਈ ਤਿਆਰੀ ਦਾ ਮੁਲਾਂਕਣ ਕਰਨਾ ਅਤੇ ਰਾਹਤ ਤੇ ਰੋਕਥਾਮ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਕਰਨਾ ਹੈ।

ਇਸ ਸਬੰਧੀ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਿਛਲੇ ਸਾਲ ਹੜ੍ਹਾਂ ਨਾਲ ਪ੍ਰਭਾਵਿਤ ਰਹੇ ਜ਼ਿਲ੍ਹਿਆਂ ਦੇ ਦੌਰੇ ਲਈ ਨਿਯੁਕਤ ਕੀਤਾ ਹੈ। ਇਨ੍ਹਾਂ ਦੌਰਿਆਂ ਦੌਰਾਨ ਸਬੰਧਤ ਜ਼ਿਲ੍ਹਾ ਪ੍ਰਧਾਨ ਵੀ ਉਨ੍ਹਾਂ ਦੇ ਨਾਲ ਰਹਿਣਗੇ ਅਤੇ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਲੈ ਕੇ ਜਾਣਗੇ।

ਦੌਰੇ ਲਈ ਨਿਯੁਕਤ ਕੀਤੇ ਗਏ ਆਗੂਆਂ ਵਿੱਚ ਅਸ਼ਵਨੀ ਸ਼ਰਮਾ – ਗੁਰਦਾਸਪੁਰ, ਫਤਿਹਜੰਗ ਸਿੰਘ ਬਾਜਵਾ – ਅੰਮ੍ਰਿਤਸਰ, ਸ਼ਵੇਤ ਮਲਿਕ – ਪਠਾਨਕੋਟ, ਸੁਰਜੀਤ ਜਿਆਣੀ – ਫਿਰੋਜ਼ਪੁਰ, ਸੁਨੀਲ ਜਾਖੜ – ਫਾਜ਼ਿਲਕਾ, ਸੁਸ਼ੀਲ ਰਿੰਕੂ – ਅਬੋਹਰ, ਅਵਿਨਾਸ਼ ਰਾਏ ਖੰਨਾ – ਜਲੰਧਰ, ਜੰਗੀ ਲਾਲ ਮਹਾਜਨ – ਹੁਸ਼ਿਆਰਪੁਰ, ਵਿਜੇ ਸਾਂਪਲਾ – ਰੂਪਨਗਰ ਅਤੇ ਇਕਬਾਲ ਸਿੰਘ ਲਾਲਪੁਰਾ – ਐਸ.ਏ.ਐਸ. ਨਗਰ (ਮੋਹਾਲੀ) ਸ਼ਾਮਲ ਹਨ।

ਇਹ ਆਗੂ ਹੜ੍ਹ ਪ੍ਰਭਾਵਿਤ ਪਰਿਵਾਰਾਂ ਅਤੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਹੜ੍ਹਾਂ ਕਾਰਨ ਆਈਆਂ ਮੁਸ਼ਕਲਾਂ, ਰਾਹਤ ਕਾਰਜਾਂ ਅਤੇ ਮੁੜ ਵਸੇਬੇ ਸਬੰਧੀ ਪਹਿਲੇ ਹੱਥ ਜਾਣਕਾਰੀ ਇਕੱਠੀ ਕਰਨਗੇ।

ਇਸ ਤੋਂ ਇਲਾਵਾ, ਉਹ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਅਤੇ ਹੜ੍ਹਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਵਿੱਚ ਰਹਿ ਗਈਆਂ ਕਮੀਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਪਾਰਟੀ ਹਾਈਕਮਾਨ ਨੂੰ ਸੌਂਪਣਗੇ।

ਭਾਜਪਾ ਪੰਜਾਬ ਨੇ ਕਿਹਾ ਹੈ ਕਿ ਪਾਰਟੀ ਹਰ ਮੁਸ਼ਕਲ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਜਨਤਕ ਸੁਰੱਖਿਆ, ਆਫ਼ਤ ਪ੍ਰਬੰਧਨ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਰਾਹਤ ਮੁਹੱਈਆ ਕਰਵਾਉਣ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਉਠਾਉਂਦੀ ਰਹੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments