ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ;


ਪਟਿਆਲਾ, 30 ਜੂਨ: (ਹਰਸ਼ਪ੍ਰੀਤ ਕੌਰ) : ਪਟਿਆਲਾ ਸ਼ਹਿਰ ਵਿੱਚ ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਉਤਸਵ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ।
ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਜਦਕਿ ਗੁਰੂ ਗੋਬਿੰਦ ਸਿੰਘ ਪਰਿਵਾਰ ਅਕੈਡਮੀ ਦੇ ਰਾਗੀ ਸਿੰਘ ਬੱਚਿਆਂ ਨੇ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਇਸ ਤੋਂ ਇਲਾਵਾ ਛੋਟੇ ਬੱਚਿਆਂ ਅਤੇ ਲਾਡਲੀ ਨਿਹੰਗ ਸਿੰਘ ਫੌਜਾਂ ਵੱਲੋਂ ਗਤਕੇ ਦੇ ਸ਼ਾਨਦਾਰ ਜੌਹਰ ਵਿਖਾਏ ਗਏ, ਜਿਨ੍ਹਾਂ ਨੂੰ ਸੰਗਤ ਨੇ ਖੂਬ ਸਰਾਹਿਆ।

ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਆਰੰਭ ਹੋ ਕੇ ਤਵੱਕਲੀ ਮੋੜ, ਗਊਸ਼ਾਲਾ ਰੋਡ, ਸ਼ੇਰ-ਏ-ਪੰਜਾਬ ਮਾਰਕੀਟ, ਲਾਹੌਰੀ ਗੇਟ, ਆਰੀਆ ਸਮਾਜ ਚੌਂਕ, ਨਾਮਦਾਰ ਖਾਂ ਰੋਡ, ਸੈਫਾਬਾਦੀ ਗੇਟ, ਸਰਹੰਦੀ ਬਜ਼ਾਰ, ਕਿਲ੍ਹਾ ਚੌਂਕ, ਪੁਰਾਣਾ ਕੋਤਵਾਲੀ ਚੌਂਕ, ਛੋਟੀ ਸਬਜ਼ੀ ਮੰਡੀ, ਏ-ਟੈਂਕ, ਅਦਾਲਤ ਬਜ਼ਾਰ, ਅਨਾਰਦਾਣਾ ਚੌਂਕ ਅਤੇ ਧਰਮਪੁਰਾ ਬਜ਼ਾਰ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ।
ਨਗਰ ਕੀਰਤਨ ਦੇ ਪੂਰੇ ਰੂਟ ਦੌਰਾਨ ਸ਼ਹਿਰ ਭਰ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਥਾਂ-ਥਾਂ ਠੰਢੇ ਜਲ, ਸ਼ਰਬਤ ਅਤੇ ਹੋਰ ਲੰਗਰਾਂ ਦੀ ਸੇਵਾ ਲਗਾਈ ਗਈ। ਸੰਗਤ ਨੇ ਸੇਵਾ ਭਾਵਨਾ ਨਾਲ ਲੰਗਰ ਛਕਿਆ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਸਾਂਝੀ ਕੀਤੀ।

ਪੂਰਾ ਸ਼ਹਿਰ “ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ ਅਤੇ ਧਾਰਮਿਕ ਮਾਹੌਲ ਨੇ ਹਰ ਪਾਸੇ ਆਧਿਆਤਮਿਕ ਰੰਗ ਬਿਖੇਰ ਦਿੱਤਾ। ਨਗਰ ਕੀਰਤਨ ਦੌਰਾਨ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਪ੍ਰਸ਼ਾਸਨ ਵੱਲੋਂ ਵੀ ਯੋਗ ਪ੍ਰਬੰਧ ਕੀਤੇ ਗਏ।








