‘ਹਰਿਆਣਾ-ਫੂਕੂਓਕਾ ਕਨੈਕਟ 2026’ ਮੀਟਿੰਗ ਵਿੱਚ ਕੌਸ਼ਲ ਵਿਕਾਸ, ਤਕਨੀਕੀ ਸਿੱਖਿਆ ਅਤੇ ਨਿਵੇਸ਼ ਨੂੰ ਲੈ ਕੇ ਬਣੀ ਸਹਿਮਤੀ
ਹਰਿਆਣਾ/ਜਾਪਾਨ 29 ਜੂਨ: (ਸੰਜੀਵ ਸ਼ਰਮਾ): ਜਾਪਾਨ ਦੇ ਫੂਕੂਓਕਾ ਪ੍ਰੀਫੈਕਚਰ ਵਿੱਚ ਤਕਨੀਕੀ ਖੇਤਰ ਨਾਲ ਜੁੜੀਆਂ ਕੰਪਨੀਆਂ ਨੂੰ ਹੁਨਰਮੰਦ ਕਰਮਚਾਰੀਆਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਫੂਕੂਓਕਾ ਪ੍ਰਸ਼ਾਸਨ ਨੇ ਹਰਿਆਣਾ ਸਰਕਾਰ ਨਾਲ ਮਿਲ ਕੇ ਅਗਲੇ ਪੰਜ ਸਾਲਾਂ ਵਿੱਚ ਹਰਿਆਣਾ ਦੇ 50,000 ਨੌਜਵਾਨਾਂ ਨੂੰ ਤਕਨੀਕੀ ਸਿਖਲਾਈ ਦੇ ਕੇ ਜਾਪਾਨ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਯੋਜਨਾ ‘ਤੇ ਕੰਮ ਸ਼ੁਰੂ ਕੀਤਾ ਹੈ।
ਇਸ ਸਬੰਧੀ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿੱਚ ‘ਹਰਿਆਣਾ-ਫੂਕੂਓਕਾ ਕਨੈਕਟ 2026’ ਤਹਿਤ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਵਿੱਚ ਫੂਕੂਓਕਾ ਪ੍ਰੀਫੈਕਚਰ ਸਰਕਾਰ, ਫੂਕੂਓਕਾ ਇੰਸਟੀਚਿਊਟ ਆਫ ਟੈਕਨੋਲੋਜੀ, ਉਦਯੋਗ ਜਗਤ ਦੇ ਨੁਮਾਇੰਦਿਆਂ ਅਤੇ ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਉਦਯੋਗਿਕ ਨਿਵੇਸ਼, ਕੌਸ਼ਲ ਵਿਕਾਸ, ਤਕਨੀਕੀ ਸਿੱਖਿਆ ਅਤੇ ਮਨੁੱਖੀ ਸਰੋਤ ਵਿਕਾਸ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।
ਦੋਵਾਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਕਿ ਹਰਿਆਣਾ ਦੇ ਵਿਦਿਆਰਥੀਆਂ ਅਤੇ ਤਕਨੀਕੀ ਪੇਸ਼ੇਵਰਾਂ ਲਈ ਜਾਪਾਨ ਵਿੱਚ ਰੁਜ਼ਗਾਰ, ਇੰਟਰਨਸ਼ਿਪ ਅਤੇ ਕੌਸ਼ਲ ਵਿਕਾਸ ਦੇ ਮੌਕਿਆਂ ਨੂੰ ਹੋਰ ਵਧਾਇਆ ਜਾਵੇਗਾ। ਫੂਕੂਓਕਾ ਵਿੱਚ ਸੇਮੀਕੰਡਕਟਰ, ਆਟੋਮੋਬਾਈਲ, ਆਈਟੀ ਅਤੇ ਨਿਰਮਾਣ ਖੇਤਰਾਂ ਵਿੱਚ ਹੁਨਰਮੰਦ ਨੌਜਵਾਨਾਂ ਦੀ ਵੱਡੀ ਮੰਗ ਹੈ, ਜਿਸ ਨੂੰ ਹਰਿਆਣਾ ਦੇ ਯੁਵਕ ਪੂਰਾ ਕਰ ਸਕਦੇ ਹਨ।
ਵਿਦੇਸ਼ ਸਹਿਯੋਗ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ. ਕੁਮਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਜਾਪਾਨੀ ਨਿਵੇਸ਼ਕਾਂ ਲਈ ਸਿੰਗਲ ਵਿੰਡੋ ਸਿਸਟਮ, ਤੇਜ਼ ਮਨਜ਼ੂਰੀ ਪ੍ਰਕਿਰਿਆ ਅਤੇ ਉਦਯੋਗ-ਅਨੁਕੂਲ ਮਾਹੌਲ ਵਿਕਸਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਜਾਪਾਨ ਯਾਤਰਾ ਤੋਂ ਬਾਅਦ ਦੋਵਾਂ ਖੇਤਰਾਂ ਵਿਚਾਲੇ ਸਹਿਯੋਗ ਨੂੰ ਨਵੀਂ ਦਿਸ਼ਾ ਮਿਲੀ ਹੈ।
ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਫੂਕੂਓਕਾ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ‘ਹਰਿਆਣਾ ਸਕੂਰਾ ਵਰਕਿੰਗ ਗਰੁੱਪ’ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਾਪਾਨੀ ਕੰਪਨੀਆਂ ਦੀ ਸਹਾਇਤਾ ਲਈ ਵਿਸ਼ੇਸ਼ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਗੁਰੂਗ੍ਰਾਮ ਵਿੱਚ ਫੂਕੂਓਕਾ ਇੰਸਟੀਚਿਊਟ ਆਫ ਟੈਕਨੋਲੋਜੀ ਦਾ ਕੈਂਪਸ ਸਥਾਪਿਤ ਕਰਨ ਦੀ ਸੰਭਾਵਨਾ ‘ਤੇ ਵੀ ਚਰਚਾ ਹੋਈ, ਜਿਸ ਨਾਲ ਹਰਿਆਣਾ ਅਤੇ ਐਨਸੀਆਰ ਵਿੱਚ ਰਹਿ ਰਹੇ ਜਾਪਾਨੀ ਪਰਿਵਾਰਾਂ ਅਤੇ ਭਾਰਤੀ ਵਿਦਿਆਰਥੀਆਂ ਨੂੰ ਲਾਭ ਮਿਲ ਸਕੇਗਾ।
ਮੀਟਿੰਗ ਵਿੱਚ ਹਰਿਆਣਾ ਦੀਆਂ ਯੂਨੀਵਰਸਿਟੀਆਂ, ਉੱਚੇਰੀ ਸਿੱਖਿਆ ਵਿਭਾਗ, ਐਚਕੇਆਰਐਨ ਅਤੇ ਵਿਦੇਸ਼ ਸਹਿਯੋਗ ਵਿਭਾਗ ਦੇ ਅਧਿਕਾਰੀਆਂ ਨੇ ਵੀ ਆਪਣੇ ਸੁਝਾਅ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਸਾਂਝੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ।








