ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਮਿੱਟੀ ਤੇ ਪਾਣੀ ਦੀ ਸੰਭਾਲ ਬਾਰੇ ਦਿੱਤੀ ਵਿਗਿਆਨਕ ਜਾਣਕਾਰੀ
ਲਹਿਰਾਗਾਗਾ, 21 ਜੂਨ (ਵਿਸ਼ਾਲ ਗੁਪਤਾ): ਖੇਤੀ ਦੀ ਵੱਧ ਰਹੀ ਲਾਗਤ ਨੂੰ ਘਟਾਉਣ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਅਤੇ ਖਾਦਾਂ ਤੇ ਪਾਣੀ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਭੂਟਾਲ ਕਲਾਂ (ਨੇੜੇ ਲਹਿਰਾਗਾਗਾ) ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਕੈਂਪ ਵਿੱਚ ਕਰੀਬ 30 ਕਿਸਾਨਾਂ ਨੇ ਭਾਗ ਲੈ ਕੇ ਨਵੀਆਂ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਕੈਂਪ ਨੂੰ ਸੰਬੋਧਨ ਕਰਦਿਆਂ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਮਿੱਟੀ ਪਰਖ ਅਧਾਰਿਤ ਖਾਦ ਪ੍ਰਬੰਧਨ, ਝੋਨੇ ਅਤੇ ਬਾਸਮਤੀ ਦੀ ਪੌਦ ਲਈ ਜੀਵਾਣੂ ਖਾਦਾਂ ਦੀ ਮਹੱਤਤਾ ਅਤੇ ਫਾਸਫੋਰਸ ਖਾਦ ਦੀ ਲੋੜ ਅਨੁਸਾਰ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਨਾ ਸਿਰਫ਼ ਖੇਤੀ ਦੀ ਲਾਗਤ ਘਟਦੀ ਹੈ, ਸਗੋਂ ਮਿੱਟੀ ਦੀ ਸਿਹਤ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ।
ਡਾ. ਗਰਗ ਨੇ ਮਾੜੇ ਪਾਣੀਆਂ ਦੇ ਪ੍ਰਬੰਧਨ ਸਬੰਧੀ ਦੱਸਿਆ ਕਿ ਲੂਣੇ ਅਤੇ ਖਾਰੇ ਪਾਣੀ ਦੀ ਲਗਾਤਾਰ ਵਰਤੋਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਟਿਊਬਵੈੱਲ ਦੇ ਪਾਣੀ ਦੀ ਜਾਂਚ ਕਰਵਾ ਕੇ ਹੀ ਉਸ ਦੀ ਵਰਤੋਂ ਬਾਰੇ ਫੈਸਲਾ ਕੀਤਾ ਜਾਵੇ। ਉਨ੍ਹਾਂ ਇਹ ਵੀ ਸਮਝਾਇਆ ਕਿ ਖਾਰੇ ਪਾਣੀ ਨੂੰ ਜਿਪਸਮ ਦੀ ਵਰਤੋਂ ਨਾਲ ਸੁਧਾਰਿਆ ਜਾ ਸਕਦਾ ਹੈ।
ਕੈਂਪ ਦੌਰਾਨ ਮਿੱਟੀ ਦੇ ਨਮੂਨੇ ਲੈਣ ਦੀ ਸਹੀ ਵਿਧੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਡਾ. ਗਰਗ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਡੀਏਪੀ ਅਤੇ ਯੂਰੀਆ ਦੀ ਬੇਲੋੜੀ ਵਰਤੋਂ ਤੋਂ ਬਚਣ ਦੀ ਅਪੀਲ ਕੀਤੀ ਅਤੇ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਸਿਫਾਰਸ਼ੀ ਮਾਤਰਾ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਜੈਵਿਕ ਖਾਦਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਜ਼ੋਸਪਾਇਰਲਮ ਵਰਗੇ ਜੀਵਾਣੂ ਟੀਕੇ ਫਸਲ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਵਿੱਚ ਵੀ ਮਦਦਗਾਰ ਸਾਬਤ ਹੁੰਦੇ ਹਨ। ਇਸ ਮੌਕੇ ਝੋਨੇ ਦੀ ਪਨੀਰੀ ਵਿੱਚ ਆਉਣ ਵਾਲੇ ਰੋਗਾਂ ਦੀ ਪਛਾਣ ਅਤੇ ਰੋਕਥਾਮ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਕੈਂਪ ਦੀ ਸਫਲਤਾ ਵਿੱਚ ਸ. ਹਰਸੰਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿੱਚ ਕਿਸਾਨਾਂ ਨੂੰ ਐਜ਼ੋਸਪਾਇਰਲਮ ਦੇ ਟੀਕੇ ਪ੍ਰਦਰਸ਼ਨੀ ਵਜੋਂ ਵੰਡੇ ਗਏ ਅਤੇ ਖੇਤੀਬਾੜੀ ਸਾਹਿਤ ਵੀ ਉਪਲਬਧ ਕਰਵਾਇਆ ਗਿਆ। ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਵਿਗਿਆਨਕ ਅਤੇ ਤਰਕਸੰਗਤ ਜਵਾਬ ਵੀ ਦਿੱਤੇ ਗਏ।








