ਫਿਰੋਜ਼ਪੁਰ:20ਜੂਨ (ਛਤਰਪਾਲ ਸਿੰਘ):ਹਨੀ ਟਰੈਪ, ਬਲੈਕਮੇਲਿੰਗ ਅਤੇ ਜਬਰੀ ਵਸੂਲੀ ਦੇ ਇੱਕ ਸਨਸਨੀਖੇਜ਼ ਮਾਮਲੇ ਵਿੱਚ ਸਦਰ ਫਿਰੋਜ਼ਪੁਰ ਪੁਲਿਸ ਨੇ ਦੋ ਔਰਤਾਂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਇਨ੍ਹਾਂ ਨੇ ਇੱਕ ਨੌਜਵਾਨ ਨੂੰ ਜਾਲ ਵਿੱਚ ਫਸਾ ਕੇ ਪਿਸਤੌਲ ਦੀ ਨੋਕ ’ਤੇ ਧਮਕਾਇਆ ਅਤੇ ਉਸ ਤੋਂ ਲੱਖਾਂ ਰੁਪਏ ਵਸੂਲ ਕੀਤੇ।
ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੁਲਾਬੇ ਵਾਲਾ ਦੇ ਵਸਨੀਕ ਹਰਬੰਸ ਸਿੰਘ ਦੇ ਪੁੱਤਰ ਲਵਦੀਪ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 308(3), 318(4), 61(2), 351(3) ਅਤੇ 127(2) ਦੇ ਨਾਲ-ਨਾਲ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਲਵਦੀਪ ਸਿੰਘ ਦੀ ਜਾਣ-ਪਛਾਣ ਉਸ ਦੇ ਹੀ ਪਿੰਡ ਦੀ ਵਸਨੀਕ ਸ਼ਮਿੰਦਰ ਸਿੰਘ ਦੀ ਧੀ ਰਵਨੀਤ ਕੌਰ ਨਾਲ ਹੋਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਰਵਨੀਤ ਕੌਰ ਨੇ ਪਹਿਲਾਂ ਉਸ ਨਾਲ ਦੋਸਤੀ ਕੀਤੀ ਅਤੇ 14 ਮਈ 2026 ਨੂੰ ਕਿਸੇ ਕੰਮ ਦੇ ਬਹਾਨੇ ਉਸ ਨੂੰ ਫਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਵਾਲੀ ਸਥਿਤ ਆਪਣੀ ਮਾਸੀ ਦੇ ਘਰ ਲੈ ਗਈ।
ਲਵਦੀਪ ਸਿੰਘ ਦਾ ਦੋਸ਼ ਹੈ ਕਿ ਜਿਵੇਂ ਹੀ ਉਹ ਘਰ ਅੰਦਰ ਗਿਆ ਤਾਂ ਉੱਥੇ ਪਹਿਲਾਂ ਤੋਂ ਹੀ ਕੁਝ ਲੋਕ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਮੌਜੂਦ ਸਨ। ਇਨ੍ਹਾਂ ਵਿੱਚ ਰਵਨੀਤ ਕੌਰ ਦੀ ਮਾਸੀ ਅਮਨਦੀਪ ਕੌਰ ਪਤਨੀ ਦਾਨਿਸ਼, ਉਸ ਦੀ ਸਹੇਲੀ ਪੂਜਾ ਪੁੱਤਰੀ ਸੋਨਾ ਅਤੇ ਤਿੰਨ ਹੋਰ ਵਿਅਕਤੀ—ਦਾਨਿਸ਼ ਪੁੱਤਰ ਪਿਆਰਾ, ਇੱਛੇ ਵਾਲਾ ਪਿੰਡ ਦਾ ਗੁਰਪ੍ਰੀਤ ਸਿੰਘ ਅਤੇ ਪਿੰਡ ਦੁਲਚੀ ਕੇ ਦਾ ਲਾਖੀ ਉਰਫ਼ ਲੱਕੀ ਪੁੱਤਰ ਜੀਨਾ ਸ਼ਾਮਲ ਸਨ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ, ਉਸ ਦੀ ਕੁੱਟਮਾਰ ਕੀਤੀ, ਜ਼ਬਰਦਸਤੀ ਉਸ ਦੇ ਕੱਪੜੇ ਉਤਾਰੇ ਅਤੇ ਮੋਬਾਈਲ ਫੋਨ ਰਾਹੀਂ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਲਈ। ਬਾਅਦ ਵਿੱਚ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਕੇ ਉਸ ਨੂੰ ਬਦਨਾਮ ਕਰ ਦੇਣਗੇ।
ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸ ਨੇ ਆਪਣੇ ਬੈਂਕ ਖਾਤੇ ਵਿਚੋਂ 3 ਲੱਖ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਪੈਸੇ ਮਿਲਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਜਾਣ ਦਿੱਤਾ।
ਲਵਦੀਪ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਇਸ ਤੋਂ ਬਾਅਦ ਵੀ ਮੁਲਜ਼ਮ ਉਸ ਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਅਤੇ ਹੋਰ ਪੈਸਿਆਂ ਦੀ ਮੰਗ ਕਰਦੇ ਰਹੇ।
ਪੁਲਿਸ ਨੇ ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਦੋ ਮੁਲਜ਼ਮਾਂ, ਦਾਨਿਸ਼ ਅਤੇ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਚਾਰ ਮੁਲਜ਼ਮ ਅਜੇ ਫਰਾਰ ਹਨ। ਪੁਲਿਸ ਨੇ ਸਾਰੇ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।








