Homeਸਪੋਰਟਸਮਨਪ੍ਰੀਤ ਸਿੰਘ ਬਣਿਆ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੈਚ...

ਮਨਪ੍ਰੀਤ ਸਿੰਘ ਬਣਿਆ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲਾ ਖਿਡਾਰੀ

MANPREET SINGH and officials' words on 'accomplishment':

ਸਪੋਰਟਸ, 18 ਜੂਨ, (ਹਰਸ਼ਪ੍ਰੀਤ ਕੌਰ): ਜਿੱਥੇ ਇੱਕ ਪਾਸੇ ਭਾਰਤੀ ਹਾਕੀ ਆਪਣੀ ਅਮੀਰ ਵਿਰਾਸਤ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ, ਉੱਥੇ ਹੀ ਆਧੁਨਿਕ ਦੌਰ ਵਿੱਚ ਖੇਡ ਦੇ ਸਭ ਤੋਂ ਮਹਾਨ ਸੇਵਕਾਂ ਵਿੱਚੋਂ ਇੱਕ, ਮਨਪ੍ਰੀਤ ਸਿੰਘ ਨੇ ਇੱਕ ਅਜਿਹਾ ਮੁਕਾਮ ਹਾਸਲ ਕਰ ਲਿਆ ਹੈ ਜੋ ਅੱਜ ਤੱਕ ਕੋਈ ਵੀ ਭਾਰਤੀ ਖਿਡਾਰੀ ਨਹੀਂ ਕਰ ਸਕਿਆ।

ਇੱਕ ਬਿਆਨ ਅਨੁਸਾਰ, ਇਸ ਮਿਡਫੀਲਡ ਜਾਦੂਗਰ ਨੇ ਆਪਣਾ 413ਵਾਂ ਮੈਚ ਖੇਡ ਕੇ ਭਾਰਤ ਦੇ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਹਾਕੀ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ ਹੈ ਅਤੇ ਖੇਡ ਦੇ ਇਤਿਹਾਸ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ ਹੈ।

ਮਨਪ੍ਰੀਤ ਨੇ ਦਿਲੀਪ ਤਿਰਕੀ ਨੂੰ ਪਿੱਛੇ ਛੱਡ ਦਿੱਤਾ ਹੈ, ਜੋ ਵਰਤਮਾਨ ਵਿੱਚ ਹਾਕੀ ਇੰਡੀਆ ਦੇ ਪ੍ਰਧਾਨ ਹਨ ਅਤੇ ਆਪਣੇ ਸ਼ਾਨਦਾਰ ਕਰੀਅਰ ਵਿੱਚ 412 ਅੰਤਰਰਾਸ਼ਟਰੀ ਮੈਚ ਖੇਡ ਕੇ ਹੁਣ ਤੱਕ ਇਹ ਰਿਕਾਰਡ ਆਪਣੇ ਨਾਂ ਰੱਖੀ ਬੈਠੇ ਸਨ। ਮਨਪ੍ਰੀਤ ਨੇ ਬੁੱਧਵਾਰ ਨੂੰ ਰੌਟਰਡੈਮ ਵਿੱਚ ਜਰਮਨੀ ਵਿਰੁੱਧ ਭਾਰਤ ਦੇ FIH ਹਾਕੀ ਪ੍ਰੋ ਲੀਗ 2025/26 ਦੇ ਮੁਕਾਬਲੇ ਦੌਰਾਨ ਇਸ ਅੰਕੜੇ ਨੂੰ ਪਾਰ ਕੀਤਾ।

ਇਸ ਇਤਿਹਾਸਕ ਪ੍ਰਾਪਤੀ ਦੇ ਸਨਮਾਨ ਵਿੱਚ, ਹਾਕੀ ਇੰਡੀਆ ਨੇ ਮਨਪ੍ਰੀਤ ਨੂੰ ਵਧਾਈ ਦਿੱਤੀ ਅਤੇ ਇਸ ਸਟਾਰ ਖਿਡਾਰੀ ਲਈ ₹10 ਲੱਖ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ।

ਡੇਢ ਦਹਾਕੇ ਤੋਂ ਵੱਧ ਸਮੇਂ ਤੋਂ, ਮਨਪ੍ਰੀਤ ਭਾਰਤੀ ਹਾਕੀ ਦੀ ਧੜਕਣ ਰਿਹਾ ਹੈ—ਮਿਡਫੀਲਡ ਵਿੱਚ ਇੱਕ ਅਣਥੱਕ ਇੰਜਣ, ਦਬਾਅ ਦੇ ਪਲਾਂ ਵਿੱਚ ਇੱਕ ਆਗੂ ਅਤੇ ਉੱਚ ਪੱਧਰ ‘ਤੇ ਨਿਰੰਤਰਤਾ (consitency) ਦਾ ਪ੍ਰਤੀਕ। ਸਾਲ 2011 ਵਿੱਚ ਇੱਕ ਨਿਡਰ 19 ਸਾਲਾ ਨੌਜਵਾਨ ਵਜੋਂ ਸੀਨੀਅਰ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਉਹ ਵਿਸ਼ਵ ਪੱਧਰ ‘ਤੇ ਭਾਰਤ ਦੀ ਵਾਪਸੀ ਦੇ ਕੇਂਦਰ ਵਿੱਚ ਰਿਹਾ ਹੈ ਅਤੇ ਦੇਸ਼ ਦੇ ਆਧੁਨਿਕ ਹਾਕੀ ਇਤਿਹਾਸ ਦੇ ਸਭ ਤੋਂ ਸਫਲ ਦੌਰ ਨੂੰ ਘੜਨ ਵਿੱਚ ਮਦਦ ਕੀਤੀ ਹੈ। ਹੁਣ, ਇੱਕ ਅਜਿਹੇ ਰਿਕਾਰਡ ਦੇ ਨਾਲ ਜੋ ਕਦੇ ਅਣਛੂਹਿਆ ਜਾਪਦਾ ਸੀ, ਮਨਪ੍ਰੀਤ ਨੇ ਭਾਰਤੀ ਜਰਸੀ ਪਹਿਨਣ ਵਾਲੇ ਹੁਣ ਤੱਕ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਇਹ ਪ੍ਰਾਪਤੀ ਮਨਪ੍ਰੀਤ ਨੂੰ ਵਿਸ਼ਵ ਹਾਕੀ ਦੇ ਸਭ ਤੋਂ ਵਿਸ਼ੇਸ਼ ਕਲੱਬਾਂ ਵਿੱਚੋਂ ਇੱਕ ਵਿੱਚ ਸ਼ਾਮਲ ਕਰਦੀ ਹੈ। 413 ਅੰਤਰਰਾਸ਼ਟਰੀ ਮੈਚਾਂ ਦੇ ਨਾਲ, ਉਹ ਹੁਣ ਪੁਰਸ਼ਾਂ ਦੇ ਸਰਵਕਾਲੀ ਅੰਤਰਰਾਸ਼ਟਰੀ ਮੈਚਾਂ ਦੀ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਹੈ, ਜੋ ਕਿ ਬੈਲਜੀਅਮ ਦੇ ਜੌਨ-ਜੌਨ ਡੋਹਮੈਨ (481), ਨੀਦਰਲੈਂਡ ਦੇ ਟਿਊਨ ਡੀ ਨੂਈਅਰ (453), ਆਸਟ੍ਰੇਲੀਆ ਦੇ ਐਡੀ ਓਕੇਂਡਨ (451), ਅਤੇ ਗ੍ਰੇਟ ਬ੍ਰਿਟੇਨ ਦੇ ਬੈਰੀ ਮਿਡਲਟਨ (432) ਤੋਂ ਪਿੱਛੇ ਹੈ। ਜਿੱਥੇ ਉਸਨੇ ਤਿਰਕੀ ਦੇ ਅੰਕੜੇ ਨੂੰ ਪਾਰ ਕੀਤਾ, ਉੱਥੇ ਹੀ ਮਨਪ੍ਰੀਤ 400-ਮੈਚਾਂ ਵਾਲੇ ਕਲੱਬ ਦੇ ਹੋਰ ਦਿੱਗਜਾਂ—ਪਾਕਿਸਤਾਨ ਦੇ ਵਸੀਮ ਅਹਿਮਦ (410) ਅਤੇ ਨੀਦਰਲੈਂਡ ਦੇ ਜੇਰੂਨ ਡੇਲਮੀ (401) ਤੋਂ ਵੀ ਅੱਗੇ ਨਿਕਲ ਗਿਆ ਹੈ।

ਵਿਸ਼ੇਸ਼ ਗੱਲ ਇਹ ਹੈ ਕਿ 33 ਸਾਲਾ ਇਹ ਖਿਡਾਰੀ ਵਿਸ਼ਵ ਹਾਕੀ ਵਿੱਚ 400 ਤੋਂ ਵੱਧ ਮੈਚ ਖੇਡਣ ਵਾਲਾ ਇੱਕਮਾਤਰ ਸਰਗਰਮ (active) ਖਿਡਾਰੀ ਹੈ, ਜੋ ਨਾ ਸਿਰਫ਼ ਉਸਦੀ ਲੰਮੀ ਉਮਰ ਨੂੰ ਰੇਖਾਂਕਿਤ ਕਰਦਾ ਹੈ ਬਲਕਿ ਉੱਚ ਪੱਧਰ ‘ਤੇ 15 ਸਾਲਾਂ ਤੱਕ ਬਰਕਰਾਰ ਰੱਖੀ ਗਈ ਅਸਧਾਰਨ ਨਿਰੰਤਰਤਾ ਅਤੇ ਉੱਤਮਤਾ ਨੂੰ ਵੀ ਦਰਸਾਉਂਦਾ ਹੈ।

ਲੰਡਨ 2012 ਵਿੱਚ ਇੱਕ ਚੁਣੌਤੀਪੂਰਨ ਓਲੰਪਿਕ ਡੈਬਿਊ ਤੋਂ ਲੈ ਕੇ 2021 ਵਿੱਚ ਟੋਕੀਓ ਓਲੰਪਿਕ ਵਿੱਚ ਭਾਰਤ ਦੀ ਇਤਿਹਾਸਕ ਕਾਂਸੀ ਦੇ ਤਗਮੇ ਤੱਕ ਦੀ ਕਪਤਾਨੀ ਤੱਕ, ਮਨਪ੍ਰੀਤ ਦਾ ਸਫ਼ਰ ਵਿਸ਼ਵ ਪੱਧਰ ‘ਤੇ ਭਾਰਤੀ ਹਾਕੀ ਦੀ ਮੁੜ-ਸੁਰਜੀਤੀ ਦਾ ਪ੍ਰਤੀਕ ਰਿਹਾ ਹੈ। ਇਸ ਸਫ਼ਰ ਦੌਰਾਨ, ਉਸਨੇ 2014 ਅਤੇ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀਆਂ ਸੋਨ ਤਗਮਾ ਜਿੱਤਣ ਵਾਲੀਆਂ ਮੁਹਿੰਮਾਂ, 2017 ਅਤੇ 2025 ਵਿੱਚ ਏਸ਼ੀਆ ਕੱਪ ਦੀਆਂ ਜਿੱਤਾਂ, ਕਈ ਏਸ਼ੀਅਨ ਚੈਂਪੀਅਨਜ਼ ਟਰਾਫੀ ਖਿਤਾਬ ਅਤੇ ਟੋਕੀਓ 2020 ਅਤੇ ਪੈਰਿਸ 2024 ਖੇਡਾਂ ਵਿੱਚ ਲਗਾਤਾਰ ਓਲੰਪਿਕ ਕਾਂਸੀ ਦੇ ਤਗਮੇ ਜਿੱਤਣ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ।

ਆਪਣੀ ਪੀੜ੍ਹੀ ਦੇ ਸਭ ਤੋਂ ਬਿਹਤਰੀਨ ਅਤੇ ਫਿੱਟ ਮਿਡਫੀਲਡਰਾਂ ਵਿੱਚੋਂ ਇੱਕ, ਮਿਠਾਪੁਰ (ਜਲੰਧਰ) ਦੇ ਰਹਿਣ ਵਾਲੇ ਮਨਪ੍ਰੀਤ ਨੂੰ ਭਾਰਤੀ ਹਾਕੀ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ 2018 ਵਿੱਚ ਅਰਜੁਨ ਅਵਾਰਡ ਅਤੇ 2021 ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।

ਪ੍ਰਾਪਤੀ ‘ਤੇ ਮਨਪ੍ਰੀਤ ਅਤੇ ਅਧਿਕਾਰੀਆਂ ਦੇ ਬੋਲ:

ਇੱਕ ਰਿਕਾਰਡ ਤੋਂ ਇਲਾਵਾ, ਮਨਪ੍ਰੀਤ ਦਾ 413ਵਾਂ ਮੈਚ ਇੱਕ ਯੁੱਗ ਦਾ ਜਸ਼ਨ ਹੈ। ਇਹ ਇੱਕ ਅਜਿਹੇ ਖਿਡਾਰੀ ਦੀ ਕਹਾਣੀ ਹੈ ਜੋ ਇੱਕ ਪ੍ਰਤਿਭਾਸ਼ਾਲੀ ਨੌਜਵਾਨ ਤੋਂ ਆਧੁਨਿਕ ਭਾਰਤੀ ਹਾਕੀ ਦੇ ਸਭ ਤੋਂ ਪ੍ਰਭਾਵਸ਼ਾਲੀ ਚਿਹਰਿਆਂ ਵਿੱਚੋਂ ਇੱਕ ਬਣ ਗਿਆ।

  • ਮਨਪ੍ਰੀਤ ਸਿੰਘ: “ਭਾਰਤ ਲਈ ਇੰਨੇ ਮੈਚ ਖੇਡਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਦੇਸ਼ ਦੀ ਪ੍ਰਤੀਨਿਧਤਾ ਕਰਨਾ ਹਮੇਸ਼ਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ… ਮੈਂ ਇਹ ਪ੍ਰਾਪਤੀ ਆਪਣੇ ਸਾਥੀ ਖਿਡਾਰੀਆਂ ਨੂੰ ਸਮਰਪਿਤ ਕਰਦਾ ਹਾਂ ਅਤੇ ਹਾਕੀ ਇੰਡੀਆ ਦਾ ਧੰਨਵਾਦ ਕਰਦਾ ਹਾਂ… ਮੈਂ ਇਹ ਮੁਕਾਮ ਆਪਣੇ ਪਰਿਵਾਰ, ਖਾਸ ਕਰਕੇ ਮੇਰੀ ਮਾਂ, ਭਰਾਵਾਂ, ਪਤਨੀ ਅਤੇ ਬੱਚਿਆਂ ਨੂੰ ਵੀ ਸਮਰਪਿਤ ਕਰਨਾ ਚਾਹਾਂਗਾ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਮੇਰਾ ਬਿਨਾਂ ਕਿਸੇ ਸ਼ਰਤ ਦੇ ਸਾਥ ਦਿੱਤਾ।”
  • ਪ੍ਰੇਰਣਾ ਬਾਰੇ: ਇਸੇ ਮਹੀਨੇ ਦੇ ਅੰਤ ਵਿੱਚ 34 ਸਾਲ ਦੇ ਹੋਣ ਜਾ ਰਹੇ ਮਨਪ੍ਰੀਤ ਨੇ ਕਿਹਾ, “ਜੋ ਚੀਜ਼ ਮੈਨੂੰ ਪ੍ਰੇਰਿਤ ਕਰਦੀ ਹੈ ਉਹ ਇਹ ਹੈ ਕਿ ਮੈਂ ਹਮੇਸ਼ਾ ਭਾਰਤ ਲਈ ਖੇਡਣ ਅਤੇ ਦੇਸ਼ ਲਈ ਤਗਮੇ ਜਿੱਤਣ ਦਾ ਸੁਪਨਾ ਦੇਖਿਆ ਸੀ… ਵਿਸ਼ਵ ਕੱਪ ਅਤੇ ਓਲੰਪਿਕ ਸੋਨ ਤਗਮਾ ਜਿੱਤਣ ਦਾ ਸੁਪਨਾ ਮੈਨੂੰ ਅੱਜ ਵੀ ਹਰ ਰੋਜ਼ ਪ੍ਰੇਰਿਤ ਕਰਦਾ ਹੈ।”
  • ਹਾਕੀ ਇੰਡੀਆ ਦੇ ਪ੍ਰਧਾਨ ਡਾ. ਦਿਲੀਪ ਤਿਰਕੀ: “ਭਾਰਤੀ ਹਾਕੀ ਇਤਿਹਾਸ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲਾ ਖਿਡਾਰੀ ਬਣਨਾ ਸੱਚਮੁੱਚ ਇੱਕ ਅਸਧਾਰਨ ਪ੍ਰਾਪਤੀ ਹੈ ਅਤੇ ਇਹ ਮਨਪ੍ਰੀਤ ਦੇ ਸ਼ਾਨਦਾਰ ਸਮਰਪਣ, ਨਿਰੰਤਰਤਾ ਅਤੇ ਖੇਡ ਪ੍ਰਤੀ ਜਨੂੰਨ ਨੂੰ ਦਰਸਾਉਂਦਾ ਹੈ… ਰਿਕਾਰਡ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਲਈ ਹੁੰਦੇ ਹਨ ਅਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਮੁਕਾਮ ਉਸ ਖਿਡਾਰੀ ਨੇ ਹਾਸਲ ਕੀਤਾ ਹੈ ਜਿਸ ਨੇ ਭਾਰਤੀ ਹਾਕੀ ਨੂੰ ਇੰਨਾ ਕੁਝ ਦਿੱਤਾ ਹੈ।”
  • ਹਾਕੀ ਇੰਡੀਆ ਦੇ ਜਨਰਲ ਸਕੱਤਰ ਸ਼੍ਰੀ ਭੋਲਾ ਨਾਥ ਸਿੰਘ: “ਮਨਪ੍ਰੀਤ ਸਿੰਘ ਦਾ ਸਫ਼ਰ ਵਚਨਬੱਧਤਾ, ਸਮਰਪਣ ਅਤੇ ਉੱਤਮਤਾ ਦੀ ਇੱਕ ਮਿਸਾਲ ਹੈ। ਭਾਰਤ ਦਾ ਸਭ ਤੋਂ ਵੱਧ ਮੈਚਾਂ ਵਾਲਾ ਹਾਕੀ ਖਿਡਾਰੀ ਬਣਨਾ ਉਸ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਪ੍ਰਮਾਣ ਹੈ… ਇਹ ਮੀਲ ਪੱਥਰ ਨਾ ਸਿਰਫ਼ ਮਨਪ੍ਰੀਤ ਦੀ ਨਿੱਜੀ ਪ੍ਰਾਪਤੀ ਹੈ ਬਲਕਿ ਭਾਰਤੀ ਹਾਕੀ ਲਈ ਵੀ ਮਾਣ ਵਾਲਾ ਪਲ ਹੈ।”

 

RELATED ARTICLES
- Advertisment -
Google search engine
Google search engine
Google search engine

Most Popular

Recent Comments