ਗੁਰੂਗ੍ਰਾਮ, 17 ਜੂਨ (ਹਰਸ਼ਪ੍ਰੀਤ ਕੌਰ): ਗੁਰੂਗ੍ਰਾਮ ਵਿੱਚ ਇੱਕ ਸਟੈਂਡਅੱਪ ਕਾਮੇਡੀ ਸ਼ੋਅ ਦੌਰਾਨ ‘370 ਬਿਰਯਾਨੀ’ ਨਾਮ ਨਾਲ ਵਾਇਰਲ ਹੋਏ ਕੰਟੈਂਟ (ਸਮੱਗਰੀ) ਨੂੰ ਲੈ ਕੇ ਸਟੈਂਡਅੱਪ ਕਾਮੇਡੀਅਨ ਪ੍ਰਣਿਤ ਮੋਰੇ ਅਤੇ ਵੈੱਬ ਡਿਵੈਲਪਰ ਹਿਮਾਂਸ਼ੂ ਜਾਂਗੜਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਔਰਤਾਂ ‘ਤੇ ਕੀਤੀਆਂ ਗਈਆਂ ਅਭੱਦਰ ਅਤੇ ਲਿੰਗਕ ਟਿੱਪਣੀਆਂ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਡੀਜੀਪੀ (DGP) ਨੂੰ ਲਿਖੀ ਗਈ ਚਿੱਠੀ ‘ਤੇ ਨੋਟਿਸ ਲੈਂਦਿਆਂ ਗੁਰੂਗ੍ਰਾਮ ਪੁਲਿਸ ਨੇ ਜੋ ਐੱਫਆਈਆਰ (FIR) ਦਰਜ ਕੀਤੀ ਹੈ, ਉਸ ਵਿੱਚ ਕਈ ਗੰਭੀਰ ਅਤੇ ਗ਼ੈਰ-ਜ਼ਮਾਨਤੀ ਧਾਰਾਵਾਂ ਲਗਾਈਆਂ ਗਈਆਂ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਦੋਵਾਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਕਈ ਧਾਰਾਵਾਂ ਗ਼ੈਰ-ਜ਼ਮਾਨਤੀ ਹੋਣ ਕਾਰਨ, ਪੁਲਿਸ ਦੋਵਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਕਿਸੇ ਵੀ ਵੇਲੇ ਹਿਰਾਸਤ ਵਿੱਚ ਲੈ ਸਕਦੀ ਹੈ। ਇਸ ਤੋਂ ਬਚਣ ਲਈ ਹੁਣ ਉਨ੍ਹਾਂ ਨੂੰ ਅਦਾਲਤ (ਕੋਰਟ) ਤੋਂ ਜ਼ਮਾਨਤ ਲੈਣੀ ਪਵੇਗੀ।








