ਸਪੋਰਟਸ, 17 ਜੂਨ (ਹਰਸ਼ਪ੍ਰੀਤ ਕੌਰ) : ਲਿਓਨਲ ਮੈਸੀ ਦੀ ਪਹਿਲੀ ਵਿਸ਼ਵ ਕੱਪ ਹੈਟ੍ਰਿਕ ਦੇ ਦਮ ‘ਤੇ ਡਿਫੈਂਡਿੰਗ ਚੈਂਪੀਅਨ ਅਰਜਨਟੀਨਾ ਨੇ ਗਰੁੱਪ ਪੜਾਅ ਦੇ ਪਹਿਲੇ ਮੈਚ ਵਿੱਚ ਅਲਜੀਰੀਆ ਨੂੰ 3-0 ਨਾਲ ਹਰਾ ਦਿੱਤਾ। ਹੁਣ ਮੈਸੀ ਦੇ ਵਿਸ਼ਵ ਕੱਪ ਵਿੱਚ 16 ਗੋਲ ਹੋ ਗਏ ਹਨ, ਜਿਸ ਨਾਲ ਉਹ ਜਰਮਨੀ ਦੇ ਮਿਰੋਸਲਾਵ ਕਲੋਜ਼ ਦੇ ਨਾਲ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਬਰਾਬਰੀ ‘ਤੇ ਆ ਗਏ ਹਨ।
ਇੰਟਰ ਮਿਆਮੀ ਦੇ ਆਪਣੇ ਸਾਥੀ ਰੋਡ੍ਰਿਗੋ ਡੀ ਪਾਲ ਦੇ ਪਾਸ ਦੇ ਦਮ ‘ਤੇ ਮੈਸੀ ਨੇ ਸ਼ੁਰੂਆਤੀ ਮਿੰਟਾਂ ਵਿੱਚ ਪਹਿਲਾ ਗੋਲ ਦਾਗਿਆ। ਦੂਜਾ ਗੋਲ ਦੂਜੇ ਹਾਫ ਦੀ ਸ਼ੁਰੂਆਤ ਵਿੱਚ ਕੀਤਾ ਅਤੇ ਤੀਜਾ ਆਖਰੀ ਮਿੰਟਾਂ ਵਿੱਚ ਦਾਗਿਆ, ਜਿਸ ਤੋਂ ਬਾਅਦ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਅਰਜਨਟੀਨਾ ਲਈ ਸਰਬੀਆ ਅਤੇ ਮੋਂਟੇਨੀਗਰੋ ਦੇ ਖਿਲਾਫ ਵਿਸ਼ਵ ਕੱਪ ਵਿੱਚ ਡੈਬਿਊ (ਸ਼ੁਰੂਆਤ) ਕਰਨ ਦੇ 20 ਸਾਲ ਬਾਅਦ ਮੈਸੀ ਨੇ ਇਹ ਗੋਲ ਦਾਗਿਆ ਹੈ। ਉਨ੍ਹਾਂ ਨੇ ਉਦੋਂ ਆਪਣੇ ਪਹਿਲੇ ਵਿਸ਼ਵ ਕੱਪ ਮੈਚ ਵਿੱਚ ਵੀ ਗੋਲ ਕੀਤਾ ਸੀ। ਪਿਛਲੀ ਵਾਰ ਕਤਰ ਵਿੱਚ ਹੋਏ ਵਿਸ਼ਵ ਕੱਪ ਵਿੱਚ ਅਰਜਨਟੀਨਾ ਨੂੰ ਪਹਿਲੇ ਮੈਚ ਵਿੱਚ ਸਊਦੀ ਅਰਬ ਨੇ ਹਰਾਇਆ ਸੀ, ਪਰ ਉਸ ਤੋਂ ਬਾਅਦ ਆਪਣੇ ਅਭਿਆਨ ਨੂੰ ਲੀਹ ‘ਤੇ ਲਿਆ ਕੇ ਤੀਜਾ ਵਿਸ਼ਵ ਖਿਤਾਬ ਜਿੱਤਿਆ।
ਅਗਲੇ ਹਫ਼ਤੇ 39 ਸਾਲ ਦੇ ਹੋਣ ਜਾ ਰਹੇ ਮੈਸੀ ਦੀ ਖੇਡ ਨੂੰ ਦੇਖ ਕੇ ਕਿਤੇ ਵੀ ਨਹੀਂ ਲੱਗਿਆ ਕਿ ਟੂਰਨਾਮੈਂਟ ਤੋਂ ਪਹਿਲਾਂ ਉਹ ਪੱਟ ਦੀ ਮਾਸਪੇਸ਼ੀ ਦੀ ਸੱਟ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਨਾਮ ਹੋਰ ਵੀ ਗੋਲ ਹੋ ਸਕਦੇ ਸਨ, ਪਰ ਇੱਕ ਆਫ-ਸਾਈਡ ਹੋ ਗਿਆ ਅਤੇ ਦੂਜਾ ਸ਼ਾਟ ਕ੍ਰਾਸਬਾਰ ਨਾਲ ਟਕਰਾ ਗਿਆ। ਹੁਣ ਅਰਜਨਟੀਨਾ ਦਾ ਸਾਹਮਣਾ ਸੋਮਵਾਰ ਨੂੰ ਆਸਟਰੀਆ ਨਾਲ ਅਤੇ 27 ਜੂਨ ਨੂੰ ਜਾਰਡਨ ਨਾਲ ਹੋਵੇਗਾ। ਉੱਥੇ ਹੀ ਅਲਜੀਰੀਆ ਸੋਮਵਾਰ ਨੂੰ ਜਾਰਡਨ ਨਾਲ ਅਤੇ 27 ਜੂਨ ਨੂੰ ਆਸਟਰੀਆ ਨਾਲ ਖੇਡੇਗਾ।









