ਪਰਦੀਪ ਕੌਰ ਬਿਗੜਵਾਲ ਬਣੇ ਚੇਅਰਪਰਸਨ, ਸੰਦੀਪ ਸੋਨੀ ਵਾਈਸ ਚੇਅਰਮੈਨ
ਸੁਨਾਮ, 16 ਜੂਨ:( ਮਨੋਜ ਵਰਮਾ): ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਬਲਾਕ ਸੰਮਤੀ ਸੁਨਾਮ ਦੇ ਸਰਬਸੰਮਤੀ ਨਾਲ ਚੁਣੇ ਗਏ ਚੇਅਰਪਰਸਨ ਪਰਦੀਪ ਕੌਰ ਬਿਗੜਵਾਲ ਅਤੇ ਵਾਈਸ ਚੇਅਰਮੈਨ ਸੰਦੀਪ ਵਿਰਕ ਸੋਨੀ ਨੇ ਅੱਜ ਆਪਣੇ ਅਹੁਦਿਆਂ ਦਾ ਰਸਮੀ ਤੌਰ ‘ਤੇ ਕਾਰਜਭਾਰ ਸੰਭਾਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਆਗੂਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਹਾਜ਼ਰੀ ਭਰੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਲਾਕ ਸੰਮਤੀ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਬਲਾਕ ਸੰਮਤੀ ਦੇ ਨਵੇਂ ਅਹੁਦੇਦਾਰਾਂ ਦੇ ਸਹਿਯੋਗ ਨਾਲ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਿੰਨਾ ਵਿਕਾਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿਛਲੇ 04 ਸਾਲਾਂ ਦੇ ਕਾਰਜਕਾਲ ਦੌਰਾਨ ਹੋਇਆ ਹੈ, ਓਨਾ ਵਿਕਾਸ ਪਿਛਲੇ 70 ਸਾਲਾਂ ਵਿੱਚ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ, ਸਿਹਤ, ਸੜਕਾਂ, ਪਾਣੀ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ, ਜਿਸ ਦਾ ਲਾਭ ਸਿੱਧਾ ਲੋਕਾਂ ਤੱਕ ਪਹੁੰਚ ਰਿਹਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸਮੁਖੀ ਸੋਚ ‘ਤੇ ਭਰੋਸਾ ਜਤਾਇਆ ਹੈ ਅਤੇ ਇਹ ਜ਼ਿੰਮੇਵਾਰੀ ਹੁਣ ਹੋਰ ਵੱਧ ਨਿਭਾਉਣ ਦੀ ਲੋੜ ਹੈ। ਉਨ੍ਹਾਂ ਨਵੇਂ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੂੰ ਇਮਾਨਦਾਰੀ, ਪਾਰਦਰਸ਼ਤਾ ਅਤੇ ਲੋਕ ਹਿੱਤ ਨੂੰ ਪਹਿਲ ਦੇਣ ਦੀ ਅਪੀਲ ਕੀਤੀ।
ਨਵੇਂ ਚੇਅਰਪਰਸਨ ਪਰਦੀਪ ਕੌਰ ਬਿਗੜਵਾਲ ਅਤੇ ਵਾਈਸ ਚੇਅਰਮੈਨ ਸੰਦੀਪ ਵਿਰਕ ਸੋਨੀ ਨੇ ਕਿਹਾ ਕਿ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣਗੇ ਅਤੇ ਬਲਾਕ ਦੇ ਹਰੇਕ ਪਿੰਡ ਦੇ ਵਿਕਾਸ ਲਈ ਸਮਰਪਿਤ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ।
ਇਸ ਮੌਕੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਸ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਬਲਾਕ ਸੰਮਤੀ ਸੁਨਾਮ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕਰੇਗੀ।









