ਮਨਜੀਤ ਮੈਮੋਰੀਅਲ ਆਯੁਰਵੈਦਿਕ ਕਲੀਨਿਕ ਅਮਲੋਹ ਵੱਲੋਂ ਲਗਾਇਆ ਗਿਆ ਵਿਸ਼ਾਲ ਮੁਫ਼ਤ ਕੈਂਪ
ਅਮਲੋਹ, 8 ਜੂਨ 2026 (ਛਤਰਪਾਲ ਸਿੰਘ) ਸਮੇਂ-ਸਮੇਂ ‘ਤੇ ਸਮਾਜ ਸੇਵੀ ਸੰਸਥਾਵਾਂ, ਹਸਪਤਾਲਾਂ, ਆਯੂਰਵੈਦਿਕ ਕਲੀਨਿਕਾਂ, ਗ੍ਰਾਮ ਪੰਚਾਇਤਾਂ ਅਤੇ ਯੂਥ ਕਲੱਬਾਂ ਵੱਲੋਂ ਲਗਾਏ ਜਾਂਦੇ ਮੁਫ਼ਤ ਮੈਡੀਕਲ ਕੈਂਪ ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਇਹਨਾਂ ਕੈਂਪਾਂ ਵਿੱਚ ਮਰੀਜ਼ਾਂ ਨੂੰ ਮਿਲਣ ਵਾਲਾ ਮੁਫ਼ਤ ਚੈਕਅੱਪ ਅਤੇ ਫਰੀ ਦਵਾਈਆਂ ਗਰੀਬ ਪਰਿਵਾਰਾਂ ਲਈ ਇੱਕ ਵੱਡਾ ਸਹਾਰਾ ਬਣਦੀਆਂ ਹਨ, ਜੋ ਕਿ ਉਹਨਾਂ ਲਈ ਇੱਕ ਵੱਡੀ ਵਿੱਤੀ ਸਹਾਇਤਾ ਵੀ ਹੈ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮਨਜੀਤ ਮੈਮੋਰੀਅਲ ਆਯੁਰਵੈਦਿਕ ਕਲੀਨਿਕ ਅਮਲੋਹ ਵੱਲੋਂ ਲਗਾਏ ਗਏ ਮੁਫ਼ਤ ਚੈਕਅੱਪ ਕੈਂਪ ਦਾ ਨਿਰੀਖਣ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਹਰ ਸੰਸਥਾ ਨੂੰ ਸਮੇਂ-ਸਮੇਂ ‘ਤੇ ਲਗਾਉਣੇ ਚਾਹੀਦੇ ਹਨ ਤਾਂ ਜੋ ਗਰੀਬ ਅਤੇ ਬੇਸਹਾਰਾ ਲੋਕਾਂ ਤੱਕ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਪਹੁੰਚ ਸਕਣ। ਉਹਨਾਂ ਨੇ ਮਨਜੀਤ ਮੈਮੋਰੀਅਲ ਆਯੁਰਵੈਦਿਕ ਕਲੀਨਿਕ ਦੇ ਸਮੁੱਚੇ ਪ੍ਰਬੰਧਕਾਂ ਅਤੇ ਡਾਕਟਰੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜੋ ਅਮਲੋਹ ਸ਼ਹਿਰ ਅੰਦਰ ਅਜਿਹੇ ਕਾਰਜ ਕਰਕੇ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ।
100 ਦੇ ਕਰੀਬ ਮਰੀਜ਼ਾਂ ਦਾ ਹੋਇਆ ਮੁਫ਼ਤ ਚੈੱਕਅੱਪ
ਇਸ ਕੈਂਪ ਦੌਰਾਨ ਡਾ. ਅਰਸ਼ਦੀਪ ਸਿੰਘ, ਡਾ. ਲਵਪ੍ਰੀਤ ਸਿੰਘ ਅਤੇ ਡਾ. ਨੇਕ ਸਿੰਘ ਦੀ ਸਮੁੱਚੀ ਡਾਕਟਰੀ ਟੀਮ ਵੱਲੋਂ ਆਯੂਰਵੈਦਿਕ ਵਿਧੀ ਰਾਹੀਂ ਹੱਡੀਆਂ, ਚਮੜੀ, ਜੋੜਾਂ ਦੇ ਦਰਦ ਅਤੇ ਔਰਤਾਂ ਦੇ ਰੋਗਾਂ ਦਾ ਵਿਸ਼ੇਸ਼ ਚੈੱਕਅੱਪ ਕੀਤਾ ਗਿਆ। ਕੈਂਪ ਵਿੱਚ ਪਹੁੰਚੇ ਲਗਭਗ 100 ਦੇ ਕਰੀਬ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਪ੍ਰਬੰਧਕਾਂ ਅਤੇ ਡਾਕਟਰੀ ਟੀਮ ਦਾ ਸਨਮਾਨ
ਕੈਂਪ ਦੇ ਅਖੀਰ ਵਿੱਚ ਪ੍ਰਬੰਧਕ ਮਨਜੀਤ ਸਿੰਘ ਅਤੇ ਡਾ. ਅਰਸ਼ਦੀਪ ਸਿੰਘ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਯੂਥ ਪ੍ਰਧਾਨ ਅਮਨਦੀਪ ਸਿੰਘ ਭੱਦਲਥੂਹਾ ਅਤੇ ਯੂਥ ਆਗੂ ਕੁਲਵਿੰਦਰ ਸਿੰਘ ਰਹਿਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੂਜੇ ਪਾਸੇ, ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਵੀ ਕੈਂਪ ਵਿੱਚ ਤਾਇਨਾਤ ਡਾਕਟਰੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।









