ਹਾਂਗਕਾਂਗ ਵਿਖੇ ਹੋਈ ਅੰਡਰ 20 ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸੰਗਰੂਰ ਜ਼ਿਲ੍ਹੇ ਦੀ ਲੜਕੀ ਸਹਿਨੂਰ ਬਾਵਾ ਵੱਲੋਂ ਰਿਲੇਅ ਰੇਸ ਵਿੱਚ ਹਾਸਲ ਕੀਤਾ ਗਿਆ ਹੈ ਗੋਲਡ ਮੈਡਲ
ਦਿੜ੍ਹਬਾ, 7 ਜੂਨ 2026 (ਛਤਰਪਾਲ ਸਿੰਘ):
ਹਾਂਗਕਾਂਗ ਵਿਖੇ ਹੋਈ ਅੰਡਰ 20 ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸੰਗਰੂਰ ਜ਼ਿਲ੍ਹੇ ਦੀ ਲੜਕੀ ਸਹਿਨੂਰ ਬਾਵਾ ਵੱਲੋਂ ਰਿਲੇਅ ਰੇਸ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਉੱਤੇ ਉਹਨਾਂ ਦੇ ਘਰ ਪਹੁੰਚ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਹਿਨੂਰ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਸਨਮਾਨਿਤ ਕੀਤਾ ਗਿਆ।
ਸਹਿਨੂਰ ਬਾਵਾ ਹਲਕਾ ਦਿੜ੍ਹਬਾ ਦੇ ਪਿੰਡ ਖਡਿਆਲ ਦੀ ਰਹਿਣ ਵਾਲੀ ਹੈ ਜੋ ਕਿ ਸਧਾਰਨ ਪਰਿਵਾਰ ਦੇ ਵਿੱਚ ਜਨਮੀ ਅਤੇ ਸ਼ੁਰੂ ਤੋਂ ਹੀ ਖੇਡਾਂ ਵਿੱਚ ਰੁਚੀ ਹੋਣ ਕਰਕੇ ਅੱਜ ਆਪਣੇ ਇਲਾਕੇ ਦੇ ਨਾਲ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਸ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ ਘਰ ਪਹੁੰਚੇ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਵੀ ਖੁੱਲ ਕੇ ਜਾਣਕਾਰੀ ਦਿੱਤੀ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਹਿਨੂਰ ਬਾਵਾ ਵੱਲੋਂ ਛੋਟੀ ਉਮਰ ਵਿੱਚ ਹੀ ਕੀਤੀ ਗਈ ਪ੍ਰਾਪਤੀ ਸਾਡੇ ਦਿੜਬਾ ਹਲਕੇ ਲਈ ਹੀ ਨਹੀਂ, ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖੇਡਾਂ ਪ੍ਰਤੀ ਵਿਸ਼ੇਸ਼ ਸੋਚ ਅਤੇ ਨੀਅਤ ਸਦਕਾ ਅੱਜ ਪਿੰਡਾਂ ਦੇ ਨੌਜਵਾਨ ਅਤੇ ਮੁਟਿਆਰਾਂ ਖੇਡਾਂ ਅੰਦਰ ਮੱਲਾ ਮਾਰ ਰਹੀਆਂ ਹਨ।
ਉਹਨਾਂ ਨੇ ਕਾਮਨਾ ਕੀਤੀ ਕਿ ਇਹ ਲੜਕੀ ਆਉਣ ਵਾਲੇ ਸਮੇਂ ਵਿੱਚ ਓਲੰਪਿਕ ਅਤੇ ਵਿਸ਼ਵ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰੇ ਤਾਂ ਕਿ ਸਾਡੇ ਇਲਾਕੇ ਦਾ ਨਾਮ ਹੋਰ ਵੀ ਰੋਸ਼ਨ ਹੋ ਸਕੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਇਸ ਲੜਕੀ ਨੂੰ ਹੋਰ ਤਿਆਰੀ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਸ ਨੂੰ ਮੁਕਾਬਲੇ ਦੀ ਤਿਆਰੀ ਲਈ ਲੋੜੀਂਦੇ ਸਮਾਨ ਜਾਂ ਆਰਥਿਕ ਮਦਦ ਦੀ ਲੋੜ ਹੋਵੇਗੀ ਤਾਂ ਉਹ ਸਾਰੀ ਮਦਦ ਉਸ ਨੂੰ ਦਿੱਤੀ ਜਾਵੇਗੀ।
ਉਹਨਾਂ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਿੰਡਾਂ ਵਿੱਚੋਂ ਉੱਠ ਕੇ ਇੱਕ ਲੜਕੀ ਨੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਇਹ ਇੱਕ ਵਿਲੱਖਣ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਹਰ ਤੀਸਰੇ ਪਿੰਡ ਦੇ ਵਿੱਚ ਇੱਕ ਵੱਡਾ ਸਟੇਡੀਅਮ ਬਣਾ ਰਹੀ ਹੈ। ਇਸ ਦੇ ਨਾਲ ਹੀ ਇਸ ਪਿੰਡ ਦੇ ਵਿੱਚ ਵੀ ਇੱਕ ਸ਼ਾਨਦਾਰ ਸਟੇਡੀਅਮ ਬਣਨ ਜਾ ਰਿਹਾ ਹੈ, ਜਿਸ ਨਾਲ ਹੋਰ ਵੀ ਖਿਡਾਰੀ ਪੈਦਾ ਹੋ ਸਕਣਗੇ।
ਉਹਨਾਂ ਕਿਹਾ ਕਿ ਦਿੜਬਾ ਸ਼ਹਿਰ ਦੇ ਅੰਦਰ ਇੱਕ ਇਡੋਰ ਸ਼ਾਨਦਾਰ ਸਟੇਡੀਅਮ ਬਣ ਰਿਹਾ ਹੈ, ਜਿਸ ਦੇ ਅੰਦਰ ਇੱਕ ਸਮੇਂ 11 ਖੇਡਾਂ ਖੇਡੀਆਂ ਜਾ ਸਕਦੀਆਂ ਹਨ। ਇੱਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਸਟੇਡੀਅਮ ਬਣਾਉਣ ਦੇ ਨਾਲ ਵੱਖ ਵੱਖ ਪਿੰਡਾਂ ਵਿੱਚ ਕੋਚ ਵੀ ਮੁਹਈਆ ਕਰ ਰਹੀ ਹੈ।
ਉਹਨਾਂ ਨੇ ਇਸ ਲੜਕੀ ਦੇ ਕੋਚ ਜਸਪ੍ਰੀਤ ਸਿੰਘ ਨੂੰ ਵੀ ਵਧਾਈ ਦਿੱਤੀ, ਜਿਸ ਨੇ ਇਸ ਇੱਕ ਪੇਂਡੂ ਲੜਕੀ ਦੇ ਅੰਦਰ ਅਥਲੀਟ ਬਣਨ ਦੇ ਗੁਣਾਂ ਨੂੰ ਵੇਖਿਆ ਅਤੇ ਤਰਾਸ਼ ਕੇ ਅੱਜ ਕੌਮਾਂਤਰੀ ਪੱਧਰ ਦੀ ਅਥਲੀਟ ਬਣਾ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਸਹਿਨੂਰ ਬਾਵਾ ਨੈਸ਼ਨਲ ਅਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਤਿਆਰੀ ਕਰਨ ਜਾ ਰਹੀ ਹੈ। ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਉਸ ਦੀ ਹਰ ਸੰਭਵ ਮਦਦ ਕਰੇ ਤਾਂ ਕਿ ਇਹ ਕੌਮਾਂਤਰੀ ਪੱਧਰ ‘ਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ।
ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ, ਓਐਸਡੀ ਤਪਿੰਦਰ ਸਿੰਘ ਸੋਹੀ, ਕੋਚ ਜਸਪ੍ਰੀਤ ਸਿੰਘ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਸਰਪੰਚ ਲਾਭ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।










