ਮਹੋਬਾ (ਯੂਪੀ), 7 ਜੂਨ (ਹਰਸ਼ਪ੍ਰੀਤ ਕੌਰ): ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ ਇੱਕ ਬੇਹੱਦ ਭਾਵੁਕ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੈਂਸਰ ਪੀੜਤ ਵਿਅਕਤੀ ਆਪਣੀ ਪਤਨੀ ਅਤੇ ਛੇ ਸਾਲ ਦੇ ਪੁੱਤਰ ਦੀ ਮੌਤ ਦੇ ਮਹਿਜ਼ 11 ਦਿਨਾਂ ਬਾਅਦ ਉਨ੍ਹਾਂ ਦੀਆਂ ਕਬਰਾਂ ਦੇ ਵਿਚਕਾਰ ਮ੍ਰਿਤਕ ਪਾਇਆ ਗਿਆ। ਇਸ ਦੁਖਾਂਤ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ 11 ਦਿਨਾਂ ਦੇ ਅੰਦਰ ਪਰਿਵਾਰ ਵਿੱਚ ਹੋਈਆਂ ਇਨ੍ਹਾਂ ਤਿੰਨ ਮੌਤਾਂ ਕਾਰਨ ਤਿੰਨ ਮਾਸੂਮ ਬੱਚੇ ਅਨਾਥ ਹੋ ਗਏ ਹਨ।
ਦੋਵਾਂ ਕਬਰਾਂ ‘ਤੇ ਹੱਥ ਰੱਖ ਕੇ ਤੋੜਿਆ ਦਮ
ਮ੍ਰਿਤਕ ਦੀ ਪਛਾਣ 40 ਸਾਲਾ ਸੁਭਾਨ ਅਹਿਮਦ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮੂੰਹ ਦੇ ਆਖਰੀ ਸਟੇਜ ਦੇ ਕੈਂਸਰ ਨਾਲ ਜੂਝ ਰਿਹਾ ਸੀ। ਸ਼ੁੱਕਰਵਾਰ ਸਵੇਰੇ ਉਸ ਦੀ ਲਾਸ਼ ਚਰਖਾਰੀ ਕਸਬੇ ਦੇ ਇੱਕ ਕਬਰਸਤਾਨ ਵਿੱਚੋਂ ਮਿਲੀ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੇਖਿਆ, ਤਾਂ ਉਸ ਦਾ ਇੱਕ ਹੱਥ ਉਸ ਦੀ ਪਤਨੀ ਦੀ ਕਬਰ ‘ਤੇ ਅਤੇ ਦੂਜਾ ਹੱਥ ਉਸ ਦੇ ਛੇ ਸਾਲ ਦੇ ਪੁੱਤਰ ਦੀ ਕਬਰ ‘ਤੇ ਸੀ।
11 ਦਿਨ ਪਹਿਲਾਂ ਉੱਜੜਿਆ ਸੀ ਹੱਸਦਾ-ਖੇਡਦਾ ਪਰਿਵਾਰ
ਪਰਿਵਾਰ ‘ਤੇ ਮੁਸੀਬਤ ਦਾ ਪਹਾੜ ਲੰਘੀ 25 ਮਈ ਨੂੰ ਟੁੱਟਿਆ ਸੀ, ਜਦੋਂ ਸੁਭਾਨ ਦੇ 6 ਸਾਲਾ ਪੁੱਤਰ ਹਸਨੈਨ ਦੀ ਉਲਟੀਆਂ-ਦਸਤ ਕਾਰਨ ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ ਵਿੱਚ ਮੌਤ ਹੋ ਗਈ। ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਰਜ਼ੀਆ ਖਾਤੂਨ ਨੂੰ ਇੰਨਾ ਗੰਭੀਰ ਸਦਮਾ ਲੱਗਾ ਕਿ ਉਸ ਨੇ ਵੀ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਮਾਂ-ਪੁੱਤ ਨੂੰ ਰਜ਼ੀਆ ਦੇ ਪੇਕੇ ਪਿੰਡ ਚਰਖਾਰੀ ਦੇ ਕਬਰਸਤਾਨ ਵਿੱਚ ਨਾਲ-ਨਾਲ ਦਫ਼ਨਾਇਆ ਗਿਆ ਸੀ, ਜਿਸ ਤੋਂ ਬਾਅਦ ਸੁਭਾਨ ਆਪਣੇ ਬਾਕੀ ਤਿੰਨ ਬੱਚਿਆਂ ਨਾਲ ਆਪਣੇ ਸਹੁਰੇ ਘਰ ਰਹਿ ਰਿਹਾ ਸੀ।
ਰੋਜ਼ਾਨਾ ਕਬਰ ‘ਤੇ ਫ਼ਾਤਿਹਾਂ ਪੜ੍ਹਨ ਜਾਂਦਾ ਸੀ ਸੁਭਾਨ
ਰਿਸ਼ਤੇਦਾਰਾਂ ਅਨੁਸਾਰ, ਸੁਭਾਨ ਆਪਣੀ ਪਤਨੀ ਅਤੇ ਪੁੱਤਰ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ ਵਿੱਚ ਸੀ ਅਤੇ ਰੋਜ਼ਾਨਾ ਸਵੇਰੇ ਕਬਰਸਤਾਨ ਵਿੱਚ ਦੁਆ (ਫ਼ਾਤਿਹਾਂ) ਪੜ੍ਹਨ ਜਾਂਦਾ ਸੀ। ਸ਼ੁੱਕਰਵਾਰ ਨੂੰ ਵੀ ਉਹ ਘਰੋਂ ਇਹ ਕਹਿ ਕੇ ਨਿਕਲਿਆ ਸੀ, ਪਰ ਜਦੋਂ ਕਈ ਘੰਟਿਆਂ ਤੱਕ ਵਾਪਸ ਨਹੀਂ ਪਰਤਿਆ, ਤਾਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ। ਕਬਰਸਤਾਨ ਪਹੁੰਚਣ ‘ਤੇ ਸੁਭਾਨ ਦੋਵਾਂ ਕਬਰਾਂ ਦੇ ਵਿਚਕਾਰ ਬੇਜਾਨ ਪਿਆ ਮਿਲਿਆ, ਜਿਸ ਨੂੰ ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਕਿਸੇ ਜ਼ਹਿਰੀਲੇ ਕੀੜੇ ਦੇ ਕੱਟਣ ਦਾ ਸ਼ੱਕ:
ਸੁਭਾਨ ਦੇ ਸਾਲੇ ਸਲੀਮ ਨੇ ਦੱਸਿਆ ਕਿ ਉਸ ਦੀ ਲੱਤ ‘ਤੇ ਕਿਸੇ ਕੀੜੇ ਦੇ ਕੱਟਣ ਵਰਗਾ ਨਿਸ਼ਾਨ ਦੇਖਿਆ ਗਿਆ ਸੀ, ਜਿਸ ਕਾਰਨ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕਰ ਕੇ ਪੋਸਟਮਾਰਟਮ ਦੀ ਮੰਗ ਕੀਤੀ। ਚਰਖਾਰੀ ਦੇ ਥਾਣਾ ਇੰਚਾਰਜ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ, ਹਾਲਾਂਕਿ ਪਰਿਵਾਰ ਨੇ ਕਿਸੇ ਜ਼ਹਿਰੀਲੇ ਕੀੜੇ ਦੇ ਕੱਟਣ ਦਾ ਸ਼ੱਕ ਜਤਾਇਆ ਹੈ।









