Homeਪਟਿਆਲਾ ਅਪਡੇਟਮਾਲੇਰਕੋਟਲਾ 'ਚ ਪ੍ਰਸ਼ਾਸਨਿਕ ਕਾਰਵਾਈ: ਮਤੋਈ ਰੋਡ 'ਤੇ ਕੂੜਾ ਡੰਪ ਖ਼ਿਲਾਫ਼ ਲੱਗਿਆ ਕਿਸਾਨਾਂ...
ਮਾਲੇਰਕੋਟਲਾ ‘ਚ ਪ੍ਰਸ਼ਾਸਨਿਕ ਕਾਰਵਾਈ: ਮਤੋਈ ਰੋਡ ‘ਤੇ ਕੂੜਾ ਡੰਪ ਖ਼ਿਲਾਫ਼ ਲੱਗਿਆ ਕਿਸਾਨਾਂ ਦਾ ਪੱਕਾ ਮੋਰਚਾ ਪੁਲਿਸ ਦੀ ਮਦਦ ਨਾਲ ਹਟਾਇਆ, ਕਈ ਆਗੂ ਹਿਰਾਸਤ ‘ਚ ਲਏ ਜਾਣ ਦੇ ਆਰੋਪ
ਮਾਲੇਰਕੋਟਲਾ, 3ਜੂਨ (ਹਰਸ਼ਪ੍ਰੀਤ ਕੌਰ): ਸਥਾਨਕ ਮਤੋਈ ਰੋਡ ’ਤੇ ਨਗਰ ਕੌਂਸਲ ਦੇ ਕੂੜਾ ਡੰਪ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਨੂੰ ਅੱਜ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਭਾਰੀ ਮਦਦ ਨਾਲ ਹਟਾ ਦਿੱਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ਵੱਲੋਂ ਮੋਰਚੇ ਵਾਲੀ ਥਾਂ ਤੋਂ ਟੈਂਟ, ਜਥੇਬੰਦੀਆਂ ਦੇ ਝੰਡੇ ਅਤੇ ਦਰੀਆਂ ਵਗੈਰਾ ਸਮੇਟਣ ਉਪਰੰਤ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (EO) ਚੰਦਰ ਪ੍ਰਕਾਸ਼ ਵਧਵਾ ਦੀ ਹਾਜ਼ਰੀ ਵਿੱਚ ਕੌਂਸਲ ਕਰਮਚਾਰੀਆਂ ਨੇ ਕੂੜੇ ਦੀਆਂ ਟਰਾਲੀਆਂ ਡੰਪ ’ਤੇ ਮੁੜ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਕਾਰਵਾਈ ਦੇ ਸਮੇਂ ਮੋਰਚੇ ’ਤੇ ਨੇੜਲੇ ਪਰਿਵਾਰਾਂ ਦੀਆਂ ਕੁਝ ਔਰਤਾਂ ਹੀ ਮੌਜੂਦ ਸਨ, ਜਿਨ੍ਹਾਂ ਵੱਲੋਂ ਕੋਈ ਵੱਡਾ ਵਿਰੋਧ ਦੇਖਣ ਨੂੰ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਪਿਛਲੇ ਕਈ ਹਫ਼ਤਿਆਂ ਤੋਂ ਮਾਲੇਰਕੋਟਲਾ ਸ਼ਹਿਰ ਦੀਆਂ ਗਲੀਆਂ ਅਤੇ ਚੌਕਾਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਸਨ, ਜੋ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣੇ ਹੋਏ ਸਨ। ਇਸੇ ਦੌਰਾਨ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਅਗਵਾਈ ਹੇਠ ਇੱਥੇ ਨਵਾਂ ਕੂੜਾ ਸੁੱਟਣ ‘ਤੇ ਰੋਕ ਲਗਾ ਕੇ ਪੱਕਾ ਮੋਰਚਾ ਖੋਲ੍ਹ ਦਿੱਤਾ ਸੀ।
ਰਸਤੇ ਵਿੱਚੋਂ ਹੀ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ: ਬੂਟਾ ਖਾਂ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਸੰਘੈਣ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪ੍ਰਸ਼ਾਸਨਿਕ ਕਾਰਵਾਈ ਦੀ ਖ਼ਬਰ ਮਿਲੀ, ਉਹ ਤੁਰੰਤ ਆਪਣੇ ਸਾਥੀਆਂ ਸਮੇਤ ਘਰੋਂ ਮੋਰਚੇ ਵਾਲੀ ਥਾਂ ਲਈ ਰਵਾਨਾ ਹੋਏ। ਪਰ ਪੁਲਿਸ ਨੇ ਰਸਤੇ ਵਿੱਚ ਹੀ ਉਨ੍ਹਾਂ ਨੂੰ ਘੇਰ ਕੇ ਹਿਰਾਸਤ ਵਿਚ ਲੈ ਲਿਆ।
ਕਿਸਾਨ ਆਗੂ ਮੁਤਾਬਕ, ਉਨ੍ਹਾਂ ਸਮੇਤ ਕਰੀਬ ਅੱਧੀ ਦਰਜਨ ਆਗੂਆਂ ਨੂੰ ਥਾਣਾ ਸਿਟੀ-2 ਮਾਲੇਰਕੋਟਲਾ ਵਿੱਚ ਬੰਦ ਰੱਖਿਆ ਗਿਆ ਹੈ। ਥਾਣੇ ਲਿਆਂਦੇ ਗਏ ਆਗੂਆਂ ਵਿੱਚ ਹਸ਼ਨ ਮੁਹੰਮਦ ਸੰਘੈਣ, ਸਾਬਰ ਅਲੀ ਮਾਨਾਂ ਫਾਟਕ, ਪੱਪੂ, ਮਿੱਠੂ, ਸਲੀਮ, ਗਨੀ ਅਤੇ ਅਬਦੁਲ ਰਸ਼ੀਦ ਸ਼ਾਮਲ ਹਨ।
ਪੁਲਿਸ ਨੇ ਹਿਰਾਸਤ ਦੀਆਂ ਖ਼ਬਰਾਂ ਨੂੰ ਨਕਾਰਿਆ
ਥਾਣਾ ਮੁਖੀ ਸਬ ਇੰਸਪੈਕਟਰ ਦਰਸ਼ਨ ਸਿੰਘ ਦਾ ਪੱਖ: “ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਆਰੋਪ ਬਿਲਕੁਲ ਗਲਤ ਹਨ। ਪੁਲਿਸ ਨੇ ਕਿਸੇ ਵੀ ਆਗੂ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ਵਿੱਚ ਨਹੀਂ ਰੱਖਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਿਰਫ਼ ਮਸਲੇ ਦੇ ਹੱਲ ਅਤੇ ਆਪਸੀ ਗੱਲਬਾਤ ਲਈ ਹੀ ਕੁਝ ਕਿਸਾਨ ਆਗੂਆਂ ਨੂੰ ਬੁਲਾਇਆ ਗਿਆ ਸੀ।”