ਲੁਧਿਆਣਾ ,1ਜੂਨ (ਹਰਸ਼ਪ੍ਰੀਤ ਕੌਰ): ਉਦਯੋਗਿਕ ਨਗਰੀ ਲੁਧਿਆਣਾ ਤੋਂ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੇ ਸ਼ਹਿਰ ਵਿੱਚ ਦਹਿਸ਼ਤ ਅਤੇ ਖ਼ੌਫ਼ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਮਹਿਜ਼ 48 ਘੰਟਿਆਂ ਦੇ ਅੰਦਰ-ਅੰਦਰ 9 ਕੁੜੀਆਂ ਦੇ ਅਚਾਨਕ ਲਾਪਤਾ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਨਾਬਾਲਗ ਦੱਸੀਆਂ ਜਾ ਰਹੀਆਂ ਹਨ।
ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ
ਇੰਨੀ ਵੱਡੀ ਗਿਣਤੀ ਵਿੱਚ ਕੁੜੀਆਂ ਦੇ ਲਾਪਤਾ ਹੋਣ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਪੀੜਤ ਪਰਿਵਾਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਅਗਵਾ ਅਤੇ ਲਾਪਤਾ ਹੋਣ ਦੇ ਮੁਕੱਦਮੇ ਦਰਜ ਕੀਤੇ ਗਏ ਹਨ:
-
ਥਾਣਾ ਫੋਕਲ ਪੁਆਇੰਟ ਅਤੇ ਮੋਤੀ ਨਗਰ: ਇਨ੍ਹਾਂ ਉਦਯੋਗਿਕ ਖੇਤਰਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੁੜੀਆਂ ਘਰੋਂ ਕੰਮ ‘ਤੇ ਜਾਂ ਬਾਜ਼ਾਰ ਗਈਆਂ ਪਰ ਵਾਪਸ ਨਹੀਂ ਪਰਤੀਆਂ।
-
ਥਾਣਾ ਡਿਵੀਜ਼ਨ ਨੰਬਰ 7 ਅਤੇ ਸਾਹਨੇਵਾਲ: ਇੱਥੇ ਵੀ ਨਾਬਾਲਗ ਕੁੜੀਆਂ ਦੇ ਅਚਾਨਕ ਗਾਇਬ ਹੋਣ ਦੀਆਂ ਰਿਪੋਰਟਾਂ ਦਰਜ ਕਰਵਾਈਆਂ ਗਈਆਂ ਹਨ।
ਵਰਗਲਾ ਕੇ ਲੈ ਜਾਣ ਦਾ ਖ਼ਦਸ਼ਾ
ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਈਆਂ ਸ਼ਿਕਾਇਤਾਂ ਮੁਤਾਬਕ, ਕਈ ਮਾਮਲਿਆਂ ਵਿੱਚ ਸ਼ੱਕ ਜਤਾਇਆ ਜਾ ਰਹੀ ਹੈ ਕਿ ਅਣਪਛਾਤੇ ਮੁਲਜ਼ਮਾਂ ਵੱਲੋਂ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਜਾਂ ਬਹਾਨੇ ਨਾਲ ਵਰਗਲਾ ਕੇ ਅਗਵਾ ਕੀਤਾ ਗਿਆ ਹੈ।
ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ: ਅਚਾਨਕ ਲਾਪਤਾ ਹੋਈਆਂ ਧੀਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਦੀਆਂ ਬੱਚੀਆਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਸ਼ਹਿਰ ਦੇ ਲੋਕਾਂ ਵਿੱਚ ਵੀ ਆਪਣੀਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਦੇਖੀ ਜਾ ਰਹੀ ਹੈ।









