ਚੰਡੀਗੜ੍ਹ, 30 ਮਈ, (ਹਰਸ਼ਪ੍ਰੀਤ ਕੌਰ):ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਲਾਉਣ ਦੇ ਫ਼ੈਸਲੇ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕੈਪਟਨ ਨੇ ਬੇਬਾਕੀ ਨਾਲ ਮੰਨਿਆ ਕਿ ਭਾਜਪਾ ਇਸ ਵੇਲੇ ਸੂਬੇ ਵਿੱਚ ਆਪਣੇ ਦਮ ’ਤੇ ਚੋਣਾਂ ਜਿੱਤਣ ਦੀ ਸਥਿਤੀ ਵਿੱਚ ਨਹੀਂ ਹੈ।
ਸਲਾਹ-ਮਸ਼ਵਰਾ ਨਾ ਹੋਣ ‘ਤੇ ਜਤਾਈ ਨਾਰਾਜ਼ਗੀ
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਲੀਡਰਸ਼ਿਪ ਦੀ ਕਾਰਜਪ੍ਰਣਾਲੀ ‘ਤੇ ਉਂਗਲ ਉਠਾਉਂਦਿਆਂ ਕਹਾ ਕਿ ਨਵੇਂ ਸੂਬਾ ਮੁਖੀ ਦੀ ਨਿਯੁਕਤੀ ਤੋਂ ਪਹਿਲਾਂ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ:
“ਪੰਜਾਬ ਦੀ ਸਿਆਸਤ ਵਿੱਚ ਛੇ ਦਹਾਕਿਆਂ ਤੋਂ ਵੱਧ ਦਾ ਸਮਾਂ ਬਿਤਾਉਣ ਦੇ ਬਾਵਜੂਦ ਮੇਰੇ ਨਾਲ ਇਸ ਨਿਯੁਕਤੀ ਬਾਰੇ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਪ੍ਰਧਾਨ ਦੀ ਚੋਣ ਦਾ ਆਧਾਰ ਜਾਤੀਗਤ ਸਮੀਕਰਨਾਂ ਦੀ ਬਜਾਏ ਜਥੇਬੰਦਕ ਸਮਰੱਥਾ ਹੋਣੀ ਚਾਹੀਦੀ ਸੀ।”









