ਪਟਿਆਲਾ 29 ਮਈ 2026 (ਬਲਜੀਤ ਸਰਨਾ) : ਪਟਿਆਲਾ ਦੇ ਥਾਣਾ ਡਿਵੀਜ਼ਨ ਨੰਬਰ 4 ਦੇ ਬਿਲਕੁਲ ਨਜ਼ਦੀਕ ਸਥਿਤ ‘ਵਧਵਾ ਇਲੈਕਟ੍ਰੋਨਿਕਸ’ ਦੀ ਦੂਜੀ ਮੰਜ਼ਿਲ ‘ਤੇ ਬਣੇ ਸਟੋਕ ਰੂਮ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨੀ ਜ਼ਬਰਦਸਤ ਸੀ ਕਿ ਦੇਖਦੇ ਹੀ ਦੇਖਦੇ ਇਸ ਨੇ ਪੂਰੇ ਸਟੋਰ ਰੂਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉੱਥੇ ਪਿਆ ਲੱਖਾਂ ਰੁਪਏ ਦਾ ਕੀਮਤੀ ਇਲੈਕਟ੍ਰੋਨਿਕ ਸਾਮਾਨ ਸੜ ਕੇ ਸੁਆਹ ਹੋ ਗਿਆ।
ਥਾਣੇ ਦੇ ਮੁਨਸ਼ੀ ਨੇ ਦਿੱਤੀ ਫਾਇਰ ਬ੍ਰਿਗੇਡ ਨੂੰ ਸੂਚਨਾ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਮਕਲ ਵਿਭਾਗ (ਫਾਇਰ ਬ੍ਰਿਗੇਡ) ਦੇ ਇੰਚਾਰਜ ਰਜਿੰਦਰ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਡਿਵੀਜ਼ਨ ਨੰਬਰ 4 ਦੇ ਮੁਨਸ਼ੀ ਵੱਲੋਂ ਫੋਨ ‘ਤੇ ਸੂਚਨਾ ਦਿੱਤੀ ਗਈ ਸੀ ਕਿ ਥਾਣੇ ਦੇ ਬਾਹਰ ਸਥਿਤ ਵਧਵਾ ਇਲੈਕਟ੍ਰੋਨਿਕਸ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਹਰਕਤ ਵਿੱਚ ਆਈ ਅਤੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦਾ ਕਾਰਜ ਸ਼ੁਰੂ ਕੀਤਾ।
6 ਗੱਡੀਆਂ ਤੈਨਾਤ, ਇੱਕ ਗੱਡੀ ਦੀ ਮਦਦ ਨਾਲ ਪਾਇਆ ਕਾਬੂ
ਫਾਇਰ ਅਧਿਕਾਰੀ ਮੁਤਾਬਕ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ‘ਤੇ 6 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੈਨਾਤ ਕੀਤੀਆਂ ਗਈਆਂ ਸਨ, ਪਰ ਦਮਕਲ ਕਰਮਚਾਰੀਆਂ ਦੀ ਮੁਸਤੈਦੀ ਸਦਕਾ ਇੱਕ ਹੀ ਗੱਡੀ ਦੀ ਮਦਦ ਨਾਲ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕ ਦਿੱਤਾ ਗਿਆ। ਹਾਲਾਂਕਿ, ਉੱਪਰਲੀ ਮੰਜ਼ਿਲ ਦੇ ਸਟੋਰ ਵਿੱਚ ਪਿਆ ਸਾਮਾਨ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਾ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫਾਇਰ ਵਿਭਾਗ ਦੀ ਲੋਕਾਂ ਨੂੰ ਅਪੀਲ: ਤਪਦੀ ਗਰਮੀ ‘ਚ ਇਲੈਕਟ੍ਰੋਨਿਕ ਉਪਕਰਨਾਂ ਦੀ ਵਰਤੋਂ ਸੰਭਲ ਕੇ ਕਰੋ
ਇਸ ਦੌਰਾਨ ਦਮਕਲ ਵਿਭਾਗ ਵੱਲੋਂ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਜਕੱਲ੍ਹ ਪੈ ਰਹੀ ਤਬਦੀ ਧੁੱਪ ਅਤੇ ਅੱਤ ਦੀ ਗਰਮੀ ਕਾਰਨ ਬਿਜਲੀ ਦੇ ਉਪਕਰਨਾਂ ‘ਤੇ ਲੋਡ ਬਹੁਤ ਵੱਧ ਜਾਂਦਾ ਹੈ। ਇਸ ਲਈ ਏਸੀ (AC) ਜਾਂ ਹੋਰ ਭਾਰੀ ਇਲੈਕਟ੍ਰੋਨਿਕ ਉਪਕਰਨਾਂ ਦੀ ਵਰਤੋਂ ਲਗਾਤਾਰ ਕਰਨ ਦੀ ਬਜਾਏ ਲੋੜ ਅਨੁਸਾਰ ਹੀ ਕੀਤੀ ਜਾਵੇ, ਤਾਂ ਜੋ ਸ਼ਾਰਟ ਸਰਕਟ ਵਰਗੇ ਹਾਦਸਿਆਂ ਅਤੇ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ ‘ਤੇ ਲੱਗੀਆਂ ਅੱਗਾਂ ‘ਤੇ ਕਾਬੂ ਪਾਉਣ ਲਈ ਲਗਾਤਾਰ ਮੁਸਤੈਦੀ ਨਾਲ ਜੁਟੀਆਂ ਹੋਈਆਂ ਹਨ।









