Homeਪੰਜਾਬਭਾਜਪਾ ਦਾ ਵੱਡਾ ਧਮਾਕਾ: ਚਾਰ ਸੂਬਿਆਂ 'ਚ ਨਵੇਂ ਪ੍ਰਧਾਨਾਂ ਦਾ ਐਲਾਨ; ਕੇਵਲ...
ਭਾਜਪਾ ਦਾ ਵੱਡਾ ਧਮਾਕਾ: ਚਾਰ ਸੂਬਿਆਂ ‘ਚ ਨਵੇਂ ਪ੍ਰਧਾਨਾਂ ਦਾ ਐਲਾਨ; ਕੇਵਲ ਸਿੰਘ ਢਿੱਲੋਂ ਸੌਂਪੀ ਪੰਜਾਬ ਦੀ ਕਮਾਨ
ਚੰਡੀਗੜ੍ਹ 29 ਮਈ,(ਸ਼.ਅ.ਬਿਓਰੋ): ਭਾਰਤੀ ਜਨਤਾ ਪਾਰਟੀ (BJP) ਨੇ ਇੱਕ ਵਾਰ ਫਿਰ ਅਪਣੇ ਜਥੇਬੰਦਕ ਫ਼ੈਸਲਿਆਂ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਪੰਜਾਬ ਸਮੇਤ ਚਾਰ ਅਹਿਮ ਸੂਬਿਆਂ ਵਿੱਚ ਨਵੇਂ ਪ੍ਰਦੇਸ਼ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਕੇ ਸਿਆਸੀ ਮਾਹਰਾਂ ਨੂੰ ਚੌਂਕਾ ਦਿੱਤਾ ਹੈ। ਜਿੱਥੇ ਪੰਜਾਬ ਭਾਜਪਾ ਦੀ ਪ੍ਰਧਾਨਗੀ ਮਾਲਵਾ ਦੇ ਦਿੱਗਜ ਆਗੂ ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਗਈ ਹੈ, ਉੱਥੇ ਹੀ ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਵਿੱਚ ਵੀ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਗਿਆ ਹੈ।
ਪਾਰਟੀ ਨੇ ਹਾਲ ਹੀ ਵਿੱਚ ਜਗਤ ਪ੍ਰਕਾਸ਼ ਨੱਡਾ ਦੀ ਥਾਂ ਬਿਹਾਰ ਦੇ ਵਿਧਾਇਕ ਨਿਤਿਨ ਨਬੀਨ ਨੂੰ ਕੌਮੀ ਪ੍ਰਧਾਨ ਬਣਾਇਆ ਸੀ ਅਤੇ ਉਸੇ ਤਰ੍ਹਾਂ ਹੁਣ ਸੂਬਾਈ ਇਕਾਈਆਂ ਵਿੱਚ ਵੀ ਯੁਵਾ ਅਤੇ ਮਿਹਨਤੀ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ।
1. ਪੰਜਾਬ: ਸੁਨੀਲ ਜਾਖੜ ਦੀ ਥਾਂ ਕੇਵਲ ਸਿੰਘ ਢਿੱਲੋਂ ਨੂੰ ਜ਼ਿੰਮੇਵਾਰੀ
ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੁਨੀਲ ਜਾਖੜ ਦੀ ਥਾਂ ਹੁਣ ਕੇਵਲ ਸਿੰਘ ਢਿੱਲੋਂ ਨੂੰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਜਾਖੜ ਨੇ ਪਿਛਲੇ ਡੇਢ ਸਾਲ ਦੌਰਾਨ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ਼ਲਾਘਾਯੋਗ ਕੰਮ ਕੀਤਾ, ਜਿਸਦਾ ਅਸਰ ਹਾਲੀਆ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੇ ਹਮਲਾਵਾਰਾਨਾ ਰੁਖ਼ ਤੋਂ ਦੇਖਣ ਨੂੰ ਮਿਲਿਆ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਸ੍ਰੀ ਜਾਖੜ ਨੂੰ ਜਲਦ ਹੀ ਕੌਮੀ ਪੱਧਰ ‘ਤੇ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ।
ਕੌਣ ਹਨ ਕੇਵਲ ਸਿੰਘ ਢਿੱਲੋਂ?
-
ਉਮਰ ਤੇ ਪਿਛੋਕੜ: 76 ਵਰ੍ਹਿਆਂ ਦੇ ਕੇਵਲ ਸਿੰਘ ਢਿੱਲੋਂ ਚਾਰ ਨਵੇਂ ਪ੍ਰਧਾਨਾਂ ਵਿੱਚੋਂ ਉਮਰ ਪੱਖੋਂ ਸਭ ਤੋਂ ਵੱਡੇ ਹਨ। ਉਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਜੰਮਪਲ ਹਨ ਅਤੇ ਪਹਿਲਾਂ NRI ਸਨ।
-
ਆਰਥਿਕ ਯੋਗਦਾਨ: ਉਹ 1989 ਵਿੱਚ ਪੰਜਾਬ ਦੇ ਕਾਲੇ ਦੌਰ (ਸਿਆਹ ਦਿਨਾਂ) ਦੌਰਾਨ ਬਹੁਕੌਮੀ ਕੰਪਨੀ ‘ਪੈਪਸੀਕੋ’ ਨੂੰ ਪੰਜਾਬ ਲੈ ਕੇ ਆਏ ਅਤੇ ਰਾਜ ਵਿੱਚ ਵਿਦੇਸ਼ੀ ਨਿਵੇਸ਼ ਦੇ ਰਾਹ ਖੋਲ੍ਹੇ। ਅੱਜ ਉਹ ਰੀਅਲ ਐਸਟੇਟ ਅਤੇ ਹੋਰ ਸਨਅਤੀ ਖੇਤਰਾਂ ਦੇ ਵੱਡੇ ਕਾਰੋਬਾਰੀ ਹਨ।
-
ਸਿਆਸੀ ਸਫ਼ਰ: ਉਹ 2007 ਤੋਂ 2017 ਤੱਕ ਬਰਨਾਲਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਰਹੇ। ਸਾਲ 2022 ਵਿੱਚ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਭਾਜਪਾ ਦੀ ਰਣਨੀਤੀ:
ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਪਿੱਛੇ ਭਾਜਪਾ ਦੀ ਵੱਡੀ ਸਿਆਸੀ ਰਣਨੀਤੀ ਹੈ:
-
ਭਾਜਪਾ ਪੰਜਾਬ ਵਿੱਚੋਂ “ਸਿਰਫ਼ ਹਿੰਦੂ ਭਾਈਚਾਰੇ ਦੀ ਪਾਰਟੀ” ਹੋਣ ਦਾ ਠੱਪਾ ਹਟਾਉਣਾ ਚਾਹੁੰਦੀ ਹੈ, ਜਿਸ ਲਈ ਉਨ੍ਹਾਂ ਨੂੰ ਮਾਲਵਾ ਖਿੱਤੇ ਵਿੱਚ ਇੱਕ ਮਜ਼ਬੂਤ ਸਿੱਖ ਚਿਹਰੇ ਦੀ ਤਲਾਸ਼ ਸੀ।
-
ਭਾਜਪਾ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਇਲਾਕੇ (ਮਾਲਵਾ) ਵਿੱਚ ਇੱਕ ਸੁਯੋਗ ਟੱਕਰ ਦੇਣ ਵਾਲੇ ਨੇਤਾ ਵਜੋਂ ਦੇਖ ਰਹੀ ਹੈ।
-
ਇਸ ਨਿਯੁਕਤੀ ਰਾਹੀਂ ਕੌਮੀ ਲੀਡਰਸ਼ਿਪ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਕਰੀਬੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ।
2. ਹਰਿਆਣਾ: ਡਾ. ਅਰਚਨਾ ਗੁਪਤਾ ਬਣੇ ਪ੍ਰਦੇਸ਼ ਪ੍ਰਧਾਨ
ਹਰਿਆਣਾ ਵਿੱਚ ਭਾਜਪਾ ਨੇ ਦਕਿਆਨੂਸੀ ਮਾਨਤਾਵਾਂ ਨੂੰ ਤਿਆਗਦਿਆਂ ਇੱਕ ਮਹਿਲਾ ਆਗੂ ਡਾ. ਅਰਚਨਾ ਗੁਪਤਾ ਨੂੰ ਪ੍ਰਦੇਸ਼ ਪ੍ਰਧਾਨਗੀ ਸੌਂਪੀ ਹੈ। ਉਹ ਇੱਕ ਨਾਮਵਰ ਰੇਡੀਆਲੋਜਿਸਟ ਹਨ। ਉਹ ਪਹਿਲਾਂ ਹਰਿਆਣਾ ਭਾਜਪਾ ਦੀ ਸੂਬਾਈ ਜਨਰਲ ਸਕੱਤਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਹਰਿਆਣਾ ਭਾਜਪਾ ਮਹਿਲਾ ਮੋਰਚੇ ਨੂੰ ਸਰਗਰਮ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ।
3. ਦਿੱਲੀ ਤੇ ਤ੍ਰਿਪੁਰਾ: ਹਰਸ਼ ਮਲਹੋਤਰਾ ਅਤੇ ਅਭਿਸ਼ੇਕ ਦੇਬਰਾਏ
-
ਦਿੱਲੀ: ਦਿੱਲੀ ਪ੍ਰਦੇਸ਼ ਭਾਜਪਾ ਦੀ ਕਮਾਨ ਹਰਸ਼ ਮਲਹੋਤਰਾ ਨੂੰ ਸੌਂਪੀ ਗਈ ਹੈ, ਜੋ ਕਿ ਵੀਰੇਂਦਰ ਸਚਦੇਵਾ ਦੀ ਥਾਂ ਲੈਣਗੇ। ਭਾਜਪਾ ਨੇ 2024 ਵਿੱਚ ਗੌਤਮ ਗੰਭੀਰ ਦੀ ਥਾਂ ਉਨ੍ਹਾਂ ਨੂੰ ਪੂਰਬੀ ਦਿੱਲੀ ਤੋਂ ਲੋਕ ਸਭਾ ਚੋਣ ਲੜਾਈ ਸੀ। ਪਹਿਲੀ ਵਾਰ ਸਾਂਸਦ ਬਣਨ ਦੇ ਬਾਵਜੂਦ ਉਹ ਕੇਂਦਰੀ ਮੰਤਰੀ ਮੰਡਲ ਵਿੱਚ ਸੜਕੀ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਰਾਜ ਮੰਤਰੀ ਹਨ। ਇੱਕ ਪੰਜਾਬੀ (ਸਚਦੇਵਾ) ਦੀ ਥਾਂ ਦੂਜੇ ਪੰਜਾਬੀ (ਮਲਹੋਤਰਾ) ਨੂੰ ਪ੍ਰਧਾਨ ਬਣਾ ਕੇ ਪਾਰਟੀ ਨੇ ਦਿੱਲੀ ਦੇ ਪੰਜਾਬੀ ਭਾਈਚਾਰੇ ਨੂੰ ਵੱਡਾ ਸਿਆਸੀ ਸੰਕੇਤ ਦਿੱਤਾ ਹੈ।
-
ਤ੍ਰਿਪੁਰਾ: ਤ੍ਰਿਪੁਰਾ ਵਿੱਚ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਅਭਿਸ਼ੇਕ ਦੇਬਰਾਏ ਦੇ ਹਿੱਸੇ ਆਇਆ ਹੈ।
ਸਿਆਸੀ ਮਾਇਨੇ: ਭਾਜਪਾ ਹਾਈਕਮਾਂਡ ਨੇ ਇਨ੍ਹਾਂ ਨਿਯੁਕਤੀਆਂ ਰਾਹੀਂ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਜੋ ਨੇਤਾ ਖ਼ਾਮੋਸ਼ੀ ਪਰ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਦੇ ਹਨ, ਪਾਰਟੀ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਨਾ ਸਿਰਫ਼ ਕਦਰ ਕਰਦੀ ਹੈ, ਸਗੋਂ ਉਨ੍ਹਾਂ ਨੂੰ ਮੁਨਾਸਿਬ ਮਾਨਤਾ ਅਤੇ ਵੱਡੇ ਅਹੁਦੇ ਵੀ ਦਿੰਦੀ ਹੈ।