Homeਪੰਜਾਬਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਬਦਲਾਅ: ਤੇਜ਼ ਤੂਫ਼ਾਨ, ਗੜੇਮਾਰੀ ਅਤੇ ਮੀਂਹ...

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਬਦਲਾਅ: ਤੇਜ਼ ਤੂਫ਼ਾਨ, ਗੜੇਮਾਰੀ ਅਤੇ ਮੀਂਹ ਦਾ ਅਲਰਟ

ਚੰਡੀਗੜ੍ਹ 28 ਮਈ, (ਹਰਸ਼ਪ੍ਰੀਤ ਕੌਰ): ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲਣ ਜਾ ਰਿਹਾ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ ਇੱਕ ਤਾਜ਼ਾ ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਕਾਰਨ ਅਗਲੇ ਤਿੰਨ ਦਿਨਾਂ ਤੱਕ ਇਲਾਕੇ ਵਿੱਚ ਤੇਜ਼ ਹਵਾਵਾਂ, ਗਰਜ-ਚਮਕ ਦੇ ਨਾਲ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਅੱਜ ਅਤੇ ਭਲਕੇ (29 ਮਈ) ਚੰਡੀਗੜ੍ਹ ਅਤੇ ਪੰਜਾਬ ਦੇ 51% ਤੋਂ 75% ਹਿੱਸਿਆਂ ਵਿੱਚ ਬਿਜਲੀ ਗਰਜਣ ਦੇ ਨਾਲ-ਸਾਲ ਭਾਰੀ ਮੀਂਹ ਪੈ ਸਕਦਾ ਹੈ। ਇਸ ਦੌਰਾਨ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ ਚੱਲੇਗਾ, ਜਿਸਦੀ ਗਤੀ ਵੱਧ ਕੇ 80 ਕਿਲੋਮੀਟਰ ਤੱਕ ਵੀ ਪਹੁੰਚ ਸਕਦੀ ਹੈ। 30 ਮਈ ਨੂੰ ਵੀ 50-60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਮੋਹਾਲੀ ਸਮੇਤ ਕਈ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਹਨ ਅਤੇ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।

ਗਰਮੀ ਅਤੇ ਬਿਜਲੀ ਦੀ ਰਿਕਾਰਡ ਮੰਗ ਮੌਸਮ ਬਦਲਣ ਤੋਂ ਠੀਕ ਪਹਿਲਾਂ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 1.4 ਡਿਗਰੀ ਵਧਿਆ ਹੈ, ਜੋ ਆਮ ਨਾਲੋਂ 4.1 ਡਿਗਰੀ ਸੈਲਸੀਅਸ ਜ਼ਿਆਦਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿਖੇ 46 ਡਿਗਰੀ ਅਤੇ ਚੰਡੀਗੜ੍ਹ ਵਿੱਚ 43.1 ਡਿਗਰੀ ਦਰਜ ਕੀਤਾ ਗਿਆ। ਇਸ ਭਿਆਨਕ ਗਰਮੀ ਕਾਰਨ ਬੁੱਧਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 12,178 ਮੈਗਾਵਾਟ ਤੱਕ ਪਹੁੰਚ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਸੂਬੇ ਨੇ ਕੇਂਦਰੀ ਗਰਿੱਡ ਤੋਂ 6,586 ਮੈਗਾਵਾਟ ਬਿਜਲੀ ਲਈ, ਜਦੋਂ ਕਿ ਰਾਜ ਦਾ ਆਪਣਾ ਕੁੱਲ ਉਤਪਾਦਨ 5,565 ਮੈਗਾਵਾਟ ਰਿਹਾ। ਅੱਜ ਵੀ ਕੁਝ ਸੀਮਤ ਥਾਵਾਂ ‘ਤੇ ਹੀਟਵੇਵ (ਲੂ) ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਸਿਹਤ ਮੰਤਰੀ ਵੱਲੋਂ ਖਾਸ ਐਡਵਾਈਜ਼ਰੀ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿਚਕਾਰ, ਜਦੋਂ ਧੁੱਪ ਸਭ ਤੋਂ ਖ਼ਤਰਨਾਕ ਹੁੰਦੀ ਹੈ, ਬਹੁਤ ਜ਼ਰੂਰੀ ਹੋਣ ‘ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਉਨ੍ਹਾਂ ਨੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਖਾਸ ਤੌਰ ‘ਤੇ ਸਾਵਧਾਨ ਰਹਿਣ ਲਈ ਕਿਹਾ ਹੈ।

ਇਸ ਦੇ ਨਾਲ ਹੀ ਖੁੱਲ੍ਹੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸਾਫ਼ ਪੀਣ ਵਾਲੇ ਪਾਣੀ ਅਤੇ ਛਾਂਦਾਰ ਥਾਵਾਂ ਦਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਡੀਹਾਈਡਰੇਸ਼ਨ (ਪਾਣੀ ਦੀ ਕਮੀ) ਤੋਂ ਬਚਣ ਲਈ ਗਰਮੀ ਦੌਰਾਨ ਚਾਹ, ਕੌਫੀ, ਸ਼ਰਾਬ ਅਤੇ ਜ਼ਿਆਦਾ ਖੰਡ ਵਾਲੇ ਕੋਲਡ ਡਰਿੰਕਸ ਪੀਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।

ਮਾਨਸੂਨ ਦੀ ਸਥਿਤੀ ਦੂਜੇ ਪਾਸੇ, ਦੱਖਣ-ਪੱਛਮੀ ਮਾਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਹ ਅਰਬ ਸਾਗਰ, ਲਕਸ਼ਦੀਪ, ਅੰਡੇਮਾਨ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਕਈ ਹਿੱਸਿਆਂ ਵਿੱਚ ਪਹੁੰਚ ਚੁੱਕਾ ਹੈ। ਅਗਲੇ 2-3 ਦਿਨਾਂ ਵਿੱਚ ਇਸ ਦੇ ਹੋਰ ਅੱਗੇ ਵਧਣ ਲਈ ਹਾਲਾਤ ਪੂਰੀ ਤਰ੍ਹਾਂ ਅਨੁਕੂਲ ਬਣੇ ਹੋਏ ਹਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments