ਜ਼ੀਰਕਪੁਰ:26ਮਈ (ਛਤਰਪਾਲ ਸਿੰਘ):ਨਗਰ ਕੌਂਸਲ ਚੋਣਾਂ ਦੇ ਸਰਗਰਮ ਮਾਹੌਲ ਵਿਚਕਾਰ ਜ਼ੀਰਕਪੁਰ ਤੋਂ ਇੱਕ ਵੱਡੀ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ। ਸ਼ਹਿਰ ਦੇ ਨਾਮਵਰ ਬਿਲਡਰ ਗਰੁੱਪ ‘ਰਾਇਲ ਐਸਟੇਟ’ ਅਤੇ ‘ਰਾਇਲ ਬਿਲਡਰਜ਼’ ਦੇ ਦਫ਼ਤਰ ‘ਤੇ ਪ੍ਰਵਰਤਨ ਨਿਰਦੇਸ਼ਾਲਿਆ (ED) ਵੱਲੋਂ ਅਚਨਚੇਤ ਛਾਪੇਮਾਰੀ ਕੀਤੀ ਗਈ ਹੈ। ਚੋਣਾਂ ਦੇ ਦਿਨਾਂ ਵਿੱਚ ਹੋਈ ਇਸ ਵੱਡੀ ਫੌਜੀ ਸੁਰੱਖਿਆ ਹੇਠ ਕਾਰਵਾਈ ਕਾਰਨ ਸਥਾਨਕ ਰਾਜਨੀਤਿਕ ਅਤੇ ਕਾਰੋਬਾਰੀ ਹਲਕਿਆਂ ਵਿੱਚ ਹਲਚਲ ਮਚ ਗਈ ਹੈ ਅਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਸਵੇਰੇ 7:30 ਵਜੇ ਤੋਂ ਦਸਤਾਵੇਜ਼ ਖੰਗਾਲ ਰਹੀ ਹੈ ਟੀਮ
ਮਿਲੀ ਜਾਣਕਾਰੀ ਅਨੁਸਾਰ, ਈ.ਡੀ. ਦੀ ਇੱਕ ਵਿਸ਼ੇਸ਼ ਟੀਮ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਹੀ ਰਾਇਲ ਐਸਟੇਟ ਦੇ ਦਫ਼ਤਰ ਵਿਖੇ ਪਹੁੰਚ ਗਈ ਸੀ। ਟੀਮ ਵੱਲੋਂ ਦਫ਼ਤਰ ਨੂੰ ਆਪਣੇ ਘੇਰੇ ਵਿੱਚ ਲੈ ਕੇ ਉੱਥੇ ਮੌਜੂਦ ਤਮਾਮ ਵਿੱਤੀ ਦਸਤਾਵੇਜ਼ਾਂ, ਕੰਪਿਊਟਰ ਰਿਕਾਰਡਾਂ ਅਤੇ ਹੋਰ ਅਹਿਮ ਕਾਗਜ਼ਾਤ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਈ.ਡੀ. ਦੇ ਅਧਿਕਾਰੀ ਵੱਖ-ਵੱਖ ਬੈਂਕ ਖਾਤਿਆਂ ਅਤੇ ਜ਼ਮੀਨੀ ਸੌਦਿਆਂ ਨਾਲ ਜੁੜੇ ਪੱਖਾਂ ਨੂੰ ਖੰਗਾਲ ਰਹੇ ਹਨ।
ਬਿਲਡਰ ਪ੍ਰਵੀਣ ਰੋਕੀ ਕਾਂਸਲ ਅਤੇ ਨੀਰਜ ਕਾਂਸਲ ਨਾਲ ਜੁੜੇ ਹਨ ਤਾਰ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਕਾਰਵਾਈ ਰਾਇਲ ਐਸਟੇਟ ਦੇ ਮੁੱਖ ਮਾਲਕਾਂ ਪ੍ਰਵੀਣ ਰੋਕੀ ਕਾਂਸਲ ਅਤੇ ਨੀਰਜ ਕਾਂਸਲ ਨਾਲ ਜੁੜੇ ਕਾਰੋਬਾਰੀ ਮਾਮਲਿਆਂ ਅਤੇ ਵਿੱਤੀ ਲੈਣ-ਦੇਣ ਨੂੰ ਲੈ ਕੇ ਕੀਤੀ ਜਾ ਰਹੀ ਹੈ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਜ਼ੀਰਕਪੁਰ ਦੇ ਦਫ਼ਤਰ ਦੇ ਨਾਲ-ਨਾਲ ਚੰਡੀਗੜ੍ਹ ਦੇ ਸੈਕਟਰ-20 ਸਥਿਤ ਪ੍ਰਵੀਣ ਕਾਂਸਲ ਦੀ ਰਿਹਾਇਸ਼ ‘ਤੇ ਵੀ ਈ.ਡੀ. ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਹਾਲਾਂਕਿ ਇਸ ਸਬੰਧੀ ਹਾਲੇ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ।
ਚੋਣਾਂ ਦੇ ਮਾਹੌਲ ‘ਚ ED ਦੀ ਐਂਟਰੀ ਨਾਲ ਸਿਆਸਤ ਗਰਮਾਈ
ਨਗਰ ਕੌਂਸਲ ਚੋਣਾਂ ਦੌਰਾਨ ਹੋਈ ਇਸ ਵੱਡੀ ਛਾਪੇਮਾਰੀ ਨੇ ਸ਼ਹਿਰ ਦੇ ਸਿਆਸੀ ਸਮੀਕਰਨਾਂ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ, ਈ.ਡੀ. ਦੇ ਉੱਚ ਅਧਿਕਾਰੀਆਂ ਵੱਲੋਂ ਇਸ ਰੇਡ ਸਬੰਧੀ ਕੋਈ ਵੀ ਰਸਮੀ ਜਾਂ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਈ.ਡੀ. ਦੀ ਇਹ ਜਾਂਚ ਕੀ ਮੋੜ ਲੈਂਦੀ ਹੈ ਅਤੇ ਇਸ ਛਾਪੇਮਾਰੀ ਵਿੱਚ ਕੀ ਕੁਝ ਬਰਾਮਦ ਹੁੰਦਾ ਹੈ।









