Homeਦੇਸ਼ਵਿਵਾਦਤ ਟਿੱਪਣੀ ਮਾਮਲਾ: ਸਾਬਕਾ ਕ੍ਰਿਕਟਰ ਤੇ ਅਦਾਕਾਰ ਯੋਗਰਾਜ ਸਿੰਘ ਨੂੰ ਵੱਡਾ ਝਟਕਾ,...

ਵਿਵਾਦਤ ਟਿੱਪਣੀ ਮਾਮਲਾ: ਸਾਬਕਾ ਕ੍ਰਿਕਟਰ ਤੇ ਅਦਾਕਾਰ ਯੋਗਰਾਜ ਸਿੰਘ ਨੂੰ ਵੱਡਾ ਝਟਕਾ, ਅਦਾਲਤ ਨੇ ਅਗਾਂਊਂ ਜ਼ਮਾਨਤ ਅਰਜ਼ੀ ਕੀਤੀ ਖਾਰਜ

ਚੰਡੀਗੜ੍ਹ:26ਮਈ (ਛਤਰਪਾਲ ਸਿੰਘ):ਮਹਿਲਾਵਾਂ ਪ੍ਰਤੀ ਕਥਿਤ ਤੌਰ ‘ਤੇ ਅਪਮਾਨਜਨਕ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਘਿਰੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਗਜ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੂੰ ਅਦਾਲਤ ਵੱਲੋਂ ਵੱਡਾ ਝਟਕਾ ਲੱਗਿਆ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਇਸ ਮਾਮਲੇ ‘ਤੇ ਅਹਿਮ ਸੁਣਵਾਈ ਕਰਦੇ ਹੋਏ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ (Anticipatory Bail) ਦੀ ਅਰਜ਼ੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦੱਸ ਦੇਈਏ ਕਿ ਯੋਗਰਾਜ ਸਿੰਘ ਨੇ ਪੁਲਿਸ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਦਾ ਰੁਖ ਕੀਤਾ ਸੀ।

ਚੰਡੀਗੜ੍ਹ ਪੁਲਿਸ ਨੇ ਕੀਤਾ ਸੀ ਸਖ਼ਤ ਵਿਰੋਧ

ਇਸ ਤੋਂ ਪਹਿਲਾਂ ਹੋਈ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਪੁਲਿਸ ਨੇ ਯੋਗਰਾਜ ਸਿੰਘ ਨੂੰ ਅਗਾਂਊਂ ਜ਼ਮਾਨਤ ਦਿੱਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਸੀ। ਪੁਲਿਸ ਦੇ ਇਸ ਸਟੈਂਡ ਤੋਂ ਬਾਅਦ ਅੱਜ ਅਦਾਲਤ ਨੇ ਅਦਾਕਾਰ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਹੁਣ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ।

ਵੈੱਬ ਸੀਰੀਜ਼ ‘ਲੁੱਖੇ’ ਦੇ 17 ਸੈਕਿੰਡ ਦੇ ਡਾਇਲਾਗ ਤੋਂ ਸ਼ੁਰੂ ਹੋਇਆ ਵਿਵਾਦ

ਇਹ ਸਾਰਾ ਵਿਵਾਦ ਬੀਤੀ 8 ਮਈ 2026 ਨੂੰ ਓ.ਟੀ.ਟੀ. ਪਲੇਟਫਾਰਮ ‘ਐਮਾਜ਼ਾਨ ਪ੍ਰਾਈਮ ਵੀਡੀਓ’ ‘ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼ ‘ਲੁੱਖੇ’ (Lukkhe) ਦੀ ਇੱਕ 17 ਸੈਕਿੰਡ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਖੜ੍ਹਾ ਹੋਇਆ ਸੀ।

ਵਾਇਰਲ ਵੀਡੀਓ ਵਿੱਚ ਯੋਗਰਾਜ ਸਿੰਘ ਦਾ ਕਿਰਦਾਰ ‘ਵਾਲੀਆ ਸਾਹਬ’, ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਕਿਰਦਾਰ ਨਾਲ ਗੱਲਬਾਤ ਕਰਦੇ ਹੋਏ ਕਥਿਤ ਤੌਰ ‘ਤੇ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਔਰਤ ਦੀ ਜਗ੍ਹਾ “ਦਿਨ ਵੇਲੇ ਚੁੱਲ੍ਹੇ-ਚੌਕੇ ਤੱਕ ਅਤੇ ਰਾਤ ਨੂੰ ਨਜ਼ਦੀਕੀ (ਸੰਬੰਧਾਂ) ਤੱਕ” ਹੁੰਦੀ ਹੈ। ਇਸ ਡਾਇਲਾਗ ਦੇ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਸੰਗਠਨਾਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ।

ਬੀ.ਐਨ.ਐਸ. (BNS) ਅਤੇ ਆਈ.ਟੀ. ਐਕਟ ਤਹਿਤ ਮਾਮਲਾ ਹੈ ਦਰਜ

ਇਸ ਇਤਰਾਜ਼ਯੋਗ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਦੋ ਵਕੀਲਾਂ, ਜਿਨ੍ਹਾਂ ਵਿੱਚ ਐਡਵੋਕੇਟ ਉੱਜਵਲ ਭਸੀਨ ਸ਼ਾਮਲ ਹਨ, ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਦੇ ਸੈਕਟਰ 36 ਥਾਣੇ ਵਿੱਚ ਯੋਗਰਾਜ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਵਿਰੁੱਧ ਨਵੇਂ ਕਾਨੂੰਨ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 79 (ਮਹਿਲਾ ਦੀ ਹੇਠੀ ਕਰਨ ਅਤੇ ਸ਼ਾਨ ਖ਼ਿਲਾਫ਼ ਸ਼ਬਦ ਜਾਂ ਇਸ਼ਾਰੇ ਵਰਤਣਾ) ਅਤੇ ਆਈ.ਟੀ. ਐਕਟ (IT Act) ਦੀ ਧਾਰਾ 67ਏ ਤਹਿਤ ਸੰਗੀਨ ਮਾਮਲਾ ਦਰਜ ਕੀਤਾ ਹੈ, ਜਿਸ ਦੀ ਜਾਂਚ ਜਾਰੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments