ਟੋਰਾਂਟੋ:25ਮਈ (ਛਤਰਪਾਲ ਸਿੰਘ):ਕੈਨੇਡਾ ਦੇ ਵਿੰਨੀਪੈਗ ਸ਼ਹਿਰ ਤੋਂ ਸਿੱਖ ਭਾਈਚਾਰੇ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਵਿੰਨੀਪੈਗ ਪੁਲਿਸ ਸਰਵਿਸ ਨੇ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਲਈ ਇੱਕ ਨਵਾਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਉਨ੍ਹਾਂ ਨੂੰ ਭਰਤੀ ਪ੍ਰੀਖਿਆ ਦੌਰਾਨ ਕ੍ਰਿਪਾਨ ਲਾਹੁਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ ਜਸਪਾਲ ਸਿੰਘ ਗਿੱਲ ਵਰਗੇ ਅਨੇਕਾਂ ਸਿੱਖ ਨੌਜਵਾਨ ਹੁਣ ਪੁਲਿਸ ਫੋਰਸ ਵਿੱਚ ਭਰਤੀ ਹੋ ਕੇ ਆਪਣੇ ਮਨਪਸੰਦ ਕਿੱਤੇ ਵਿੱਚ ਸੇਵਾ ਨਿਭਾ ਸਕਣਗੇ।
ਕੀ ਸੀ ਪੂਰਾ ਵਿਵਾਦ?
ਇਹ ਸਾਰਾ ਮਾਮਲਾ ਉਦੋਂ ਗਰਮਾਇਆ ਸੀ ਜਦੋਂ ਅੰਮ੍ਰਿਤਧਾਰੀ ਨੌਜਵਾਨ ਜਸਪਾਲ ਸਿੰਘ ਨੂੰ ਪੁਲਿਸ ਭਰਤੀ ਦੀ ਲਿਖਤੀ ਪ੍ਰੀਖਿਆ ਵਿੱਚ ਬੈਠਣ ਤੋਂ ਸਿਰਫ਼ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਕ੍ਰਿਪਾਨ ਪਹਿਨੀ ਹੋਈ ਸੀ। ਵਿੰਨੀਪੈਗ ਪੁਲਿਸ ਨੇ ਪਹਿਲਾਂ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੇ ਪ੍ਰੀਖਿਆਰਥੀ ਦੀ ਕ੍ਰਿਪਾਨ ਨੂੰ ਪੂਰੇ ਸਤਿਕਾਰ ਨਾਲ ਸੁਰੱਖਿਅਤ ਰੱਖਣ ਦਾ ਭਰੋਸਾ ਦਿੱਤਾ ਸੀ, ਪਰ ਜਸਪਾਲ ਸਿੰਘ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਵਿੰਨੀਪੈਗ ਪੁਲਿਸ ਲਗਾਤਾਰ ਨਿਸ਼ਾਨੇ ‘ਤੇ ਸੀ। ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ’ (WSO) ਨੇ ਇਸ ਸਖ਼ਤ ਰਵੱਈਏ ਵਿਰੁੱਧ ਪੁਲਿਸ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ:
“ਕ੍ਰਿਪਾਨ ਕੋਈ ਹਥਿਆਰ ਨਹੀਂ, ਬਲਕਿ ਕੈਨੇਡੀਅਨ ਕਾਨੂੰਨ ਦੇ ਅਧੀਨ ਇੱਕ ਪਵਿੱਤਰ ਧਾਰਮਿਕ ਚਿੰਨ੍ਹ ਹੈ। ਆਰ.ਸੀ.ਐਮ.ਪੀ. (RCMP) ਸਮੇਤ ਦੇਸ਼ ਦੀਆਂ ਕਈ ਮਿਊਂਸਪਲ ਅਤੇ ਪ੍ਰੋਵਿਨਸ਼ੀਅਲ ਪੁਲਿਸ ਸਰਵਿਸਿਜ਼ ਵਿੱਚ ਪਹਿਲਾਂ ਹੀ ਅੰਮ੍ਰਿਤਧਾਰੀ ਅਫ਼ਸਰ ਆਪਣੀ ਡਿਊਟੀ ਸਫ਼ਲਤਾਪੂਰਵਕ ਨਿਭਾ ਰਹੇ ਹਨ।”
ਸੁਪਰੀਮ ਕੋਰਟ ਦੇ 2006 ਦੇ ਇਤਿਹਾਸਕ ਫੈਸਲੇ ਦਾ ਹਵਾਲਾ
ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸੁਪਰੀਮ ਕੋਰਟ ਨੇ ਸਾਲ 2006 ਵਿੱਚ ਇੱਕ ਇਤਿਹਾਸਕ ਫ਼ੈਸਲਾ ਸੁਣਾਇਆ ਸੀ। ਅਦਾਲਤ ਨੇ ਸਾਫ਼ ਕਿਹਾ ਸੀ ਕਿ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਤੋਂ ਰੋਕਣਾ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੀ ਸਿੱਧੀ ਉਲੰਘਣਾ ਹੈ। ਸਰਵਉੱਚ ਅਦਾਲਤ ਨੇ ਵੀ ਕ੍ਰਿਪਾਨ ਨੂੰ ਹਥਿਆਰ ਦੀ ਬਜਾਏ ਇੱਕ ਅਟੁੱਟ ਧਾਰਮਿਕ ਚਿੰਨ੍ਹ ਮੰਨਿਆ ਸੀ।
ਵਿੰਨੀਪੈਗ ਪੁਲਿਸ ਨੇ ਬਦਲਿਆ ਸਟੈਂਡ, ਸਿੱਖ ਨੌਜਵਾਨਾਂ ‘ਚ ਖ਼ੁਸ਼ੀ ਦੀ ਲਹਿਰ
ਚੌਤਰਫ਼ਾ ਦਬਾਅ ਤੋਂ ਬਾਅਦ ਹੁਣ ਵਿੰਨੀਪੈਗ ਪੁਲਿਸ ਦਾ ਸਟੈਂਡ ਬਦਲ ਗਿਆ ਹੈ ਅਤੇ ਉਹ ਅੰਮ੍ਰਿਤਧਾਰੀ ਨੌਜਵਾਨਾਂ ਦੇ ਮਾਮਲੇ ਵਿੱਚ ਨਵੀਂ ਨੀਤੀ ਘੜ ਰਹੀ ਹੈ। ਪੁਲਿਸ ਬੁਲਾਰੇ ਨੇ ਕਿਹਾ ਕਿ ਵਿੰਨੀਪੈਗ ਪੁਲਿਸ ਵਿੱਚ ਹਰ ਧਰਮ ਦੇ ਬਿਨੈਕਾਰਾਂ ਦਾ ਸਵਾਗਤ ਹੈ। ਹਾਲਾਂਕਿ, ਇਸ ਨਵੀਂ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਅਜੇ ਕੋਈ ਸਮਾਂ ਹੱਦ (ਟਾਈਮਲਾਈਨ) ਤੈਅ ਨਹੀਂ ਕੀਤੀ ਗਈ ਹੈ।
ਦੂਜੇ ਪਾਸੇ, ਪੀੜਤ ਨੌਜਵਾਨ ਜਸਪਾਲ ਸਿੰਘ ਨੇ ਪੁਲਿਸ ਦੇ ਇਸ ਤਾਜ਼ਾ ਫੈਸਲੇ ‘ਤੇ ਡੂੰਘੀ ਖ਼ੁਸ਼ੀ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਨੇ ਨਵੇਂ ਸਿਰੇ ਤੋਂ ਲਿਖਤੀ ਪ੍ਰੀਖਿਆ ਵਿੱਚ ਬੈਠਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।









