Homeਪਟਿਆਲਾ ਅਪਡੇਟਵਿਧਾਇਕ ਤੇ ਉੱਘੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਦਾ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’...

ਵਿਧਾਇਕ ਤੇ ਉੱਘੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਦਾ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨ; CM ਭਗਵੰਤ ਮਾਨ ਨੇ ਭੇਟ ਕੀਤਾ ਰਾਜ ਦਾ ਸਰਵਉੱਚ ਖੇਡ ਪੁਰਸਕਾਰ

ਗੁਰਲਾਲ ਘਨੌਰ ਨੇ ਜਿਤਾਇਆ ਮੁੱਖ ਮੰਤਰੀ ਦਾ ਧੰਨਵਾਦ, ਕਿਹਾ- “ਇਹ ਸਨਮਾਨ ਹਲਕਾ ਘਨੌਰ ਦੇ ਹਰ ਪਰਿਵਾਰ ਤੇ ਮਿਹਨਤੀ ਖਿਡਾਰੀ ਨੂੰ ਸਮਰਪਿਤ”

ਘਨੌਰ/ਪਟਿਆਲਾ, 24 ਮਈ (ਜਗਦੇਵ ਰੰਚਨਾਂ): ਪੰਜਾਬ ਦੇ ਖੇਡ ਜਗਤ ਅਤੇ ਹਲਕਾ ਘਨੌਰ ਲਈ ਅੱਜ ਦਾ ਦਿਨ ਬੇਹੱਦ ਮਾਣਮੱਤਾ ਰਿਹਾ। ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਇੱਕ ਵਿਸ਼ੇਸ਼ ਰਾਜ ਪੱਧਰੀ ਖਿਡਾਰੀ ਸਨਮਾਨ ਸਮਾਰੋਹ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੂੰ ਪੰਜਾਬ ਦੇ ਸਰਵਉੱਚ ਖੇਡ ਪੁਰਸਕਾਰ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਤ ਕੀਤਾ।

ਵਿਧਾਇਕ ਗੁਰਲਾਲ ਘਨੌਰ ਨੂੰ ਇਹ ਵੱਕਾਰੀ ਪੁਰਸਕਾਰ ਉਨ੍ਹਾਂ ਵੱਲੋਂ ਕਬੱਡੀ ਖੇਡ ਦੇ ਮੈਦਾਨ ਵਿੱਚ ਕਰੀਬ ਦੋ ਦਹਾਕਿਆਂ (20 ਸਾਲ) ਤੋਂ ਵੱਧ ਸਮੇਂ ਤੱਕ ਪੰਜਾਬ ਦਾ ਨਾਮ ਦੇਸ਼-ਵਿਦੇਸ਼ ਵਿੱਚ ਚਮਕਾਉਣ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਮਿਲਿਆ ਹੈ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਇਹ ਪੁਰਸਕਾਰ ਸਾਲ 2018 ਤੋਂ ਲੈ ਕੇ 2023 ਤੱਕ ਦੇ ਸਮੇਂ ਲਈ ਪ੍ਰਦਾਨ ਕੀਤੇ ਗਏ ਹਨ।

ਖੇਡਾਂ ਪ੍ਰਤੀ ਮੇਰੀ ਅਟੁੱਟ ਲਗਨ ਅਤੇ ਲੋਕਾਂ ਦੇ ਪਿਆਰ ਦਾ ਪ੍ਰਤੀਕ: ਗੁਰਲਾਲ ਘਨੌਰ

ਇਸ ਵੱਡੀ ਪ੍ਰਾਪਤੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਭਾਵੁਕ ਹੁੰਦਿਆਂ ਕਿਹਾ, “ਮੇਰੇ ਲਈ ਇਹ ਐਵਾਰਡ ਸਿਰਫ਼ ਇੱਕ ਸਨਮਾਨ ਹੀ ਨਹੀਂ, ਬਲਕਿ ਖੇਡਾਂ ਪ੍ਰਤੀ ਮੇਰੀ ਅਟੁੱਟ ਲਗਨ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਖੇਡ ਪ੍ਰੇਮੀਆਂ ਵੱਲੋਂ ਮਿਲੇ ਅਥਾਹ ਪਿਆਰ ਦਾ ਪ੍ਰਤੀਕ ਹੈ।”

ਉਨ੍ਹਾਂ ਅੱਗੇ ਕਿਹਾ ਕਿ ਇਹ ਸਰਵਉੱਚ ਸਨਮਾਨ ਹਲਕਾ ਘਨੌਰ ਦੇ ਹਰ ਉਸ ਪਰਿਵਾਰ ਅਤੇ ਮਿਹਨਤੀ ਖਿਡਾਰੀ ਨੂੰ ਸਮਰਪਿਤ ਹੈ, ਜੋ ਮੈਦਾਨ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਉਨ੍ਹਾਂ ਅਹਿਦ ਲਿਆ ਕਿ ‘ਰੰਗਲਾ ਪੰਜਾਬ’ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਨ੍ਹਾਂ ਦੀ ਮਿਹਨਤ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ।

ਹਲਕੇ ‘ਚ ਖੇਡ ਕ੍ਰਾਂਤੀ ਅਤੇ ਨਸ਼ਾ ਮੁਕਤੀ ਲਈ ਲਗਾਤਾਰ ਯਤਨਸ਼ੀਲ

ਜ਼ਿਕਰਯੋਗ ਹੈ ਕਿ ਵਿਧਾਇਕ ਬਣਨ ਤੋਂ ਬਾਅਦ ਵੀ ਗੁਰਲਾਲ ਘਨੌਰ ਦਾ ਖੇਡਾਂ ਪ੍ਰਤੀ ਮੋਹ ਬਰਕਰਾਰ ਹੈ। ਉਨ੍ਹਾਂ ਨੇ ਹਲਕਾ ਘਨੌਰ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਹਲਕੇ ਦੇ ਹਰ ਪਿੰਡ ਵਿੱਚ ਖੇਡ ਮੈਦਾਨ ਤਿਆਰ ਕਰਵਾਉਣ ਦਾ ਬੀੜਾ ਚੁੱਕਦਿਆਂ, ਉਹ ਖੁਦ ਜ਼ਮੀਨੀ ਪੱਧਰ ‘ਤੇ ਮੈਦਾਨਾਂ ਵਿੱਚ ਜਾ ਕੇ ਨੌਜਵਾਨਾਂ ਦੀ ਹੌਸਲਾਅਫ਼ਜ਼ਾਈ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ। ਅੱਜ ਮਿਲੇ ਇਸ ਸਰਵਉੱਚ ਸਨਮਾਨ ਨਾਲ ਹਲਕੇ ਦੇ ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਹੋਰ ਦੁੱਗਣਾ ਹੋਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments