Homeਪੰਜਾਬਸੰਗਰੂਰ ਪੁਲਿਸ ਦੀ ਨਸ਼ਾ ਤਸਕਰਾਂ ਤੇ ਗੈਂਗਸਟਰਾਂ 'ਤੇ ਵੱਡੀ ਕਾਰਵਾਈ: ਹਫ਼ਤੇ ਅੰਦਰ...

ਸੰਗਰੂਰ ਪੁਲਿਸ ਦੀ ਨਸ਼ਾ ਤਸਕਰਾਂ ਤੇ ਗੈਂਗਸਟਰਾਂ ‘ਤੇ ਵੱਡੀ ਕਾਰਵਾਈ: ਹਫ਼ਤੇ ਅੰਦਰ 58 ਡਰੱਗ ਸਮੱਗਲਰਾਂ ਸਹਿਤ 82 ਮੁਲਜ਼ਮ ਕਾਬੂ, ਨਸ਼ਾ ਤਸਕਰ ਦੀ ਪ੍ਰਾਪਰਟੀ ਵੀ ਕੀਤੀ ਫ਼ਰੀਜ਼

ਸੰਗਰੂਰ, 18 ਮਈ (ਛਤਰਪਾਲ ਸਿੰਘ):ਜ਼ਿਲ੍ਹਾ ਸੰਗਰੂਰ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਮੁਹਿੰਮਾਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਤਹਿਤ ਵੱਡੀ ਸਫਲਤਾ ਹਾਸਲ ਹੋਈ ਹੈ। ਸੰਗਰੂਰ ਪੁਲਿਸ ਨੇ ਪਿਛਲੇ ਇੱਕ ਹਫ਼ਤੇ (9 ਮਈ ਤੋਂ 17 ਮਈ 2026) ਦੌਰਾਨ ਜ਼ਿਲ੍ਹੇ ਭਰ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ, ਨਜਾਇਜ਼ ਸ਼ਰਾਬ ਮਾਫ਼ੀਆ ਅਤੇ ਲੁਟੇਰਿਆਂ ਦੇ ਗਿਰੋਹਾਂ ਨੂੰ ਤਹਿਸ-ਨਹਿਸ ਕਰਦਿਆਂ ਕੁੱਲ 82 ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਧੱਕ ਦਿੱਤਾ ਹੈ।

ਨਸ਼ਾ ਤਸਕਰਾਂ ‘ਤੇ ਵੱਡਾ ਵਾਰ: 38 ਮੁਕੱਦਮੇ, 58 ਤਸਕਰ ਕਾਬੂ

ਇਸ ਸਬੰਧੀ ਪ੍ਰੈੱਸ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਚਲਾਈ ਸਖ਼ਤ ਮੁਹਿੰਮ ਦੌਰਾਨ ਪੁਲਿਸ ਨੇ 38 ਮੁਕੱਦਮੇ ਦਰਜ ਕਰਕੇ 58 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੁਲਿਸ ਟੀਮਾਂ ਨੇ ਹੇਠ ਲਿਖੀ ਵੱਡੀ ਖੇਪ ਬਰਾਮਦ ਕੀਤੀ ਹੈ:

  • 432 ਗ੍ਰਾਮ ਹੈਰੋਇਨ (ਚਿੱਟਾ)

  • 40 ਕਿੱਲੋ ਭੁੱਕੀ ਚੂਰਾ ਪੋਸਤ

  • 1173 ਨਸ਼ੀਲੀਆਂ ਗੋਲੀਆਂ

  • 10 ਨਸ਼ੀਲੇ ਟੀਕੇ

ਇਸ ਦੇ ਨਾਲ ਹੀ ਇੱਕ ਹੋਰ ਵੱਡੀ ਕਾਰਵਾਈ ਵਿੱਚ ਥਾਣਾ ਮੂਨਕ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ‘ਤੇ ਆਰਥਿਕ ਸ਼ਿਕੰਜਾ ਕਸਦਿਆਂ ਉਸ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ 2 ਲੱਖ 70 ਹਜ਼ਾਰ ਰੁਪਏ ਦੀ ਪ੍ਰਾਪਰਟੀ (ਜਾਇਦਾਦ) ਫਰੀਜ਼ ਕਰਵਾ ਦਿੱਤੀ ਹੈ।

ਅਸਲਾ ਐਕਟ, ਨਜਾਇਜ਼ ਸ਼ਰਾਬ ਅਤੇ ਜੂਆ ਐਕਟ ਤਹਿਤ ਵੀ ਸਖ਼ਤੀ

ਐੱਸ.ਐੱਸ.ਪੀ. ਅਨੁਸਾਰ ਪੁਲਿਸ ਨੇ ਨਜਾਇਜ਼ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਅਸਲਾ ਐਕਟ ਤਹਿਤ 02 ਕੇਸ ਦਰਜ ਕਰਕੇ 02 ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 03 ਦੇਸੀ ਪਿਸਤੌਲ ਅਤੇ 04 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਇਸੇ ਤਰ੍ਹਾਂ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ 13 ਮੁਕੱਦਮੇ ਦਰਜ ਕਰਕੇ 15 ਮੁਲਜ਼ਮਾਂ ਨੂੰ ਦਬੋਚਿਆ ਗਿਆ। ਇਨ੍ਹਾਂ ਕੋਲੋਂ 316.500 ਲੀਟਰ ਦੇਸੀ ਸ਼ਰਾਬ, 37.500 ਲੀਟਰ ਨਜਾਇਜ਼ ਹੱਥ-ਘੜੀ ਸ਼ਰਾਬ, 6.750 ਲੀਟਰ ਅੰਗਰੇਜ਼ੀ ਸ਼ਰਾਬ ਅਤੇ 200 ਲੀਟਰ ਲਾਹਣ ਬਰਾਮਦ ਕੀਤੀ ਗਈ। ਜੂਆ ਐਕਟ ਤਹਿਤ ਵੀ 01 ਮੁਕੱਦਮਾ ਦਰਜ ਕਰਕੇ 01 ਮੁਲਜ਼ਮ ਨੂੰ ਨਕਦੀ ਸਣੇ ਕਾਬੂ ਕੀਤਾ ਗਿਆ, ਜਦਕਿ ਇਸ ਦੌਰਾਨ 03 ਅਦਾਲਤੀ ਭਗੌੜੇ (PO) ਵੀ ਗ੍ਰਿਫਤਾਰ ਕੀਤੇ ਗਏ।

ਭਵਾਨੀਗੜ੍ਹ ‘ਚ ਲੁਟੇਰੇ ਗਿਰੋਹ ਦਾ ਪਰਦਾਫਾਸ਼

ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਂਦਿਆਂ ਥਾਣਾ ਭਵਾਨੀਗੜ੍ਹ ਦੀ ਪੁਲਿਸ ਨੇ ਇਲਾਕੇ ਵਿੱਚ ਸਰਗਰਮ ਚੋਰਾਂ ਦੇ ਗਿਰੋਹ ਦੇ 08 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ 14 ਕਿੱਲੋ 500 ਗ੍ਰਾਮ ਤਾਂਬਾ ਅਤੇ 5000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

35 ਪਿੰਡਾਂ ‘ਚ ਪਬਲਿਕ ਮੀਟਿੰਗਾਂ; ਨਸ਼ਾ ਸਮੱਗਲਰਾਂ ਦੀ ਜਾਣਕਾਰੀ ਦੇਣ ਦੀ ਅਪੀਲ

ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਸਿਰਫ਼ ਕਾਨੂੰਨੀ ਕਾਰਵਾਈ ਹੀ ਨਹੀਂ ਕਰ ਰਹੀ, ਸਗੋਂ ਜਨਤਾ ਨੂੰ ਜਾਗਰੂਕ ਵੀ ਕਰ ਰਹੀ ਹੈ। ਇਸ ਹਫ਼ਤੇ ਦੌਰਾਨ ਵੱਖ-ਵੱਖ ਗਜ਼ਟਿਡ ਅਫ਼ਸਰਾਂ (GOs) ਅਤੇ ਥਾਣਾ ਮੁਖੀਆਂ (SHOs) ਵੱਲੋਂ ਜ਼ਿਲ੍ਹੇ ਦੇ 35 ਪਿੰਡਾਂ ਅਤੇ ਸ਼ਹਿਰਾਂ ਵਿੱਚ ਪੰਚਾਇਤਾਂ, ਸਪੋਰਟਸ ਕਲੱਬਾਂ ਅਤੇ ਮੋਹਤਬਰਾਂ ਨਾਲ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ।

ਮੀਟਿੰਗਾਂ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਾ ਵੇਚਣ ਵਾਲੇ ਸਮੱਗਲਰਾਂ ਸਬੰਧੀ ਬਿਨਾਂ ਕਿਸੇ ਡਰ ਦੇ ਪੁਲਿਸ ਨੂੰ ਇਤਲਾਹ ਦੇਣ, ਤਾਂ ਜੋ ਇਸ ਕੋਹੜ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਨਸ਼ਿਆਂ ਖ਼ਿਲਾਫ਼ ਇਹ ਜੰਗ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments