ਬਰਨਾਲਾ/ਅਜੀਤਵਾਲ18 ਮਈ (ਛਤਰਪਾਲ ਸਿੰਘ):ਰੋਜ਼ੀ-ਰੋਟੀ ਅਤੇ ਸੁਹਿਰਦ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਦੀ ਧਰਤੀ ‘ਤੇ ਗਏ ਪੰਜਾਬੀ ਗੱਭਰੂਆਂ ਨਾਲ ਵਾਪਰ ਰਹੇ ਅਣਸੁਖਾਵੇਂ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਦਰਦਨਾਕ ਖ਼ਬਰ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ, ਜਿੱਥੇ ਬਰਨਾਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀਪਗੜ੍ਹ ਦੇ ਰਹਿਣ ਵਾਲੇ ਹੋਣਹਾਰ ਅਤੇ ਮਿਹਨਤੀ ਨੌਜਵਾਨ ਰਮਨਦੀਪ ਸਿੰਘ ਸੋਨੀ ਢਿੱਲੋਂ (ਪੁੱਤਰ ਡਾ. ਬਲਵਿੰਦਰ ਸਿੰਘ ਢਿੱਲੋਂ) ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਖ਼ਬਰ ਦੇ ਸਥਾਨਕ ਪਿੰਡ ਪਹੁੰਚਦਿਆਂ ਹੀ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ।
ਕਲਾ ਦੇ ਖੇਤਰ ਵਿੱਚ ਬਣਾਈ ਸੀ ਵਿਲੱਖਣ ਪਛਾਣ
ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਰਮਨਦੀਪ ਸਿੰਘ ਸੋਨੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਬੇਹੱਦ ਹੁਸ਼ਿਆਰ ਸੀ। ਉਸ ਨੇ ਪੰਜਾਬ ਵਿੱਚ ਰਹਿੰਦਿਆਂ ਕਵੀਸ਼ਰੀ ਅਤੇ ਰੰਗਮੰਚ ਰਾਹੀਂ ਨਾਟਕਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਕੇ ਇੱਕ ਵਿਲੱਖਣ ਪਛਾਣ ਸਥਾਪਤ ਕੀਤੀ ਸੀ। ਉਹ ਕਰੀਬ 11 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੇ ਆਪਣੀ ਸਖ਼ਤ ਮਿਹਨਤ ਦੇ ਦਮ ‘ਤੇ ਜ਼ਿੰਦਗੀ ਵਿੱਚ ਇੱਕ ਸਫ਼ਲ ਮੁਕਾਮ ਹਾਸਲ ਕਰ ਚੁੱਕਾ ਸੀ। ਸਾਲ 2024 ਵਿੱਚ ਉਸ ਦਾ ਵਿਆਹ ਹੋਇਆ ਸੀ ਅਤੇ ਮੌਜੂਦਾ ਸਮੇਂ ਉਸ ਦੀ ਇੱਕ ਸਾਲ ਦੀ ਨੰਨ੍ਹੀ ਧੀ ਹੈ।
ਗਲਤ ਸਾਈਡ ਤੋਂ ਆ ਰਹੀ ਗੱਡੀ ਬਣੀ ਕਾਲ
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ 13 ਮਈ ਦੀ ਸ਼ਾਮ ਨੂੰ ਵਾਪਰਿਆ, ਜਦੋਂ ਰਮਨਦੀਪ ਸੋਨੀ ਆਪਣੇ ਕੰਮਕਾਜ ਦੇ ਸਬੰਧ ਵਿੱਚ ਕਾਰ ਰਾਹੀਂ ਜਾ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਗਲਤ ਸਾਈਡ (Wrong Side) ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਦੇ ਚਾਲਕ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਰਮਨਦੀਪ ਸੋਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਹੱਸਦਾ-ਖੇਡਦਾ ਨੌਜਵਾਨ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਇੱਕ ਸਾਲ ਦੀ ਮਾਸੂਮ ਬੱਚੀ ਨੂੰ ਵਿਲਕਦੇ ਛੱਡ ਗਿਆ ਹੈ। ਇਕਲੌਤੇ ਕਮਾਊ ਪੁੱਤਰ ਦੀ ਇਸ ਬੇਵਕਤੀ ਮੌਤ ਨੇ ਪਰਿਵਾਰ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਇਸ ਮੰਦਭਾਗੀ ਘਟਨਾ ਕਾਰਨ ਨਾ ਸਿਰਫ਼ ਪਿੰਡ ਦੀਪਗੜ੍ਹ ਬਲਕਿ ਨਿਊਜ਼ੀਲੈਂਡ ਅਤੇ ਹੋਰਨਾਂ ਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਡੂੰਘੇ ਸੋਗ ਦੀ ਲਹਿਰ ਦੌੜ ਗਈ ਹੈ।









