-ਮੇਅਰ ਕੁੰਦਨ ਗੋਗੀਆ ਵੱਲੋਂ ਬਟਰਫਲਾਈ ਤੇ ਹਰਬਲ ਪਾਰਕ ਦਾ ਉਦਘਾਟਨ, ਓਪਨ ਜਿੰਮ ਲੋਕਾਂ ਨੂੰ ਸਮਰਪਿਤ
ਪਟਿਆਲਾ, 17 ਮਈ (ਮਨੋਜ ਵਰਮਾ): ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ਤੋਂ ਆਪਣੀਆਂ 74 ਸਫ਼ਾਈ ਮੁਹਿੰਮਾਂ ਰਾਹੀਂ ਕਰੀਬ 30 ਹਜ਼ਾਰ ਕਿਲੋ ਪਲਾਸਟਿਕ ਦੇ ਲਿਫ਼ਾਫੇ ਅਤੇ ਹੋਰ ਕੂੜਾ ਇਕੱਠਾ ਕਰਨ ਵਾਲੀ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਟੀਮ ਨੇ ਵਾਤਾਵਰਨ ਪਾਰਕ, ਜੇਲ੍ਹ ਰੋਡ ਨੇੜੇ ਮੰਦਰ ਕੋਲ ਕੂੜੇ ਦੇ ਢੇਰ ਅਤੇ ਝਾੜੀਆਂ ਨਾਲ ਭਰੇ ਇੱਕ ਕੋਨੇ ਨੂੰ ਖੂਬਸੂਰਤ ਬਟਰਫਲਾਈ ਤੇ ਹਰਬਲ ਪਾਰਕ ਵਿੱਚ ਤਬਦੀਲ ਕਰਕੇ ਸ਼ਹਿਰ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।

ਸਮੂਹ ਪਟਿਆਲਵੀ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਨਾਲ ਜੁੜ ਕੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ : ਮੇਅਰ ਗੋਗੀਆ
ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਇਸ ਬਟਰਫਲਾਈ ਤੇ ਹਰਬਲ ਪਾਰਕ ਦਾ ਉਦਘਾਟਨ ਕਰਦਿਆਂ ਇੱਥੇ ਸਥਾਪਤ ਓਪਨ ਜਿੰਮ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਨਾਲ ਜੁੜ ਕੇ ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ।
ਮੇਅਰ ਗੋਗੀਆ ਨੇ ਟੀਮ ਦੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ, ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਟਿਆਲਾ ਨੂੰ ਸੁੰਦਰ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਚਨਬੱਧ ਹਨ।

ਲੋਕ ਭਾਗੀਦਾਰੀ ਨਾਲ ਸਫ਼ਾਈ ਅਤੇ ਸੁੰਦਰੀਕਰਨ ਦੇ ਨਵੇਂ ਅਧਿਆਇ ਦੀ ਸ਼ੁਰੂਆਤ : ਐਚ.ਪੀ.ਐਸ. ਲਾਂਬਾ
ਇਸ ਮੌਕੇ ਐਚ.ਪੀ.ਐਸ. ਲਾਂਬਾ ਨੇ ਕਿਹਾ ਕਿ ਕਿਸੇ ਸਮੇਂ ਨਸ਼ੇੜੀਆਂ ਦਾ ਅੱਡਾ ਬਣੇ ਇਸ ਸਥਾਨ ਵਿੱਚ ਵਿਕਸਤ ਬਟਰਫਲਾਈ ਤੇ ਹਰਬਲ ਪਾਰਕ ਨੂੰ ਆਉਂਦੇ ਛੇ ਮਹੀਨਿਆਂ ਦੇ ਅੰਦਰ ਸ਼ਹਿਰ ਦੇ ਸਭ ਤੋਂ ਖੂਬਸੂਰਤ ਅਤੇ ਆਕਰਸ਼ਕ ਸਥਾਨਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਨੇ ਸਿਰਫ਼ ਇੱਕ ਪਾਰਕ ਹੀ ਵਿਕਸਿਤ ਨਹੀਂ ਕੀਤਾ, ਸਗੋਂ ਪਟਿਆਲਾ ਵਿੱਚ ਲੋਕ ਭਾਗੀਦਾਰੀ ਨਾਲ ਸਫ਼ਾਈ ਅਤੇ ਸੁੰਦਰੀਕਰਨ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸ਼ਹਿਰ ਵਿੱਚ ਸਫ਼ਾਈ ਅਤੇ ਵਾਤਾਵਰਣ ਸੰਭਾਲ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨਾਗਰਿਕ ਭਾਗੀਦਾਰੀ ਨੂੰ ਵੀ ਹੋਰ ਮਜ਼ਬੂਤ ਕਰੇਗੀ।

ਕਰਨਲ ਕਰਮਿੰਦਰ ਸਿੰਘ ਨੇ ਬਟਰਫਲਾਈ ਤੇ ਹਰਬਲ ਪਾਰਕ ਦੇ ਉਦਘਾਟਨ ਮੌਕੇ ਸਾਰੇ ਵਾਰੀਅਰਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੁੰਦਰ ਤਬਦੀਲੀ ਦੇ ਪਿੱਛੇ ਅਣਗਿਣਤ ਘੰਟਿਆਂ ਦੀ ਸਫ਼ਾਈ, ਪੇਂਟਿੰਗ, ਸਕ੍ਰੈਪਿੰਗ, ਯੋਜਨਾਬੰਦੀ, ਸੁੰਦਰੀਕਰਨ ਅਤੇ ਟੀਮ ਦੀ ਅਣਥੱਕ ਮਿਹਨਤ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ, ਭਾਵੇਂ ਉਹ ਪਰਦੇ ਪਿੱਛੇ ਕੰਮ ਕਰ ਰਿਹਾ ਹੋਵੇ ਜਾਂ ਮੌਕੇ ‘ਤੇ, ਇਸ ਮੁਹਿੰਮ ਦੀ ਸਫਲਤਾ ਵਿੱਚ ਬਰਾਬਰ ਦਾ ਭਾਗੀਦਾਰ ਹੈ।
ਇਸ ਦੌਰਾਨ ਨਗਰ ਨਿਗਮ ਦੇ ਸੈਨੇਟਰੀ ਇੰਚਾਰਜ ਹਰਵਿੰਦਰ ਸਿੰਘ, ਜਗਤਾਰ ਸਿੰਘ, ਰਿਸ਼ਭ, ਮੋਹਿਤ, ਇੰਦਰਜੀਤ ਸਿੰਘ, ਰਜੇਸ਼ ਮੱਟੂ, ਜੰਗਲਾਤ ਵਿਭਾਗ ਦੇ ਬੀਟ ਇੰਚਾਰਜ ਬਿੱਟੂ ਸਿੰਘ ਗਿੱਲ, ਰਮਨਪ੍ਰੀਤ ਸਿੰਘ, ਆਰਟ ਟੀਚਰ ਨਗਿੰਦਰ ਸਿੰਘ ਅਤੇ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਕੈਪਟਨ ਸੁਖਜੀਤ ਕੌਰ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਨੂੰ ਲੈ ਕੇ ਅਜੇ ਵੀ ਕਈ ਚੁਣੌਤੀਆਂ ਮੌਜੂਦ ਹਨ ਅਤੇ ਖਾਸ ਕਰਕੇ ਘਰਾਂ ਵਿੱਚੋਂ ਨਿਕਲਣ ਵਾਲੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਦੇਣ ਦੀ ਬਜਾਏ ਖਾਲੀ ਪਲਾਟਾਂ ਅਤੇ ਸੜਕਾਂ ਕਿਨਾਰੇ ਸੁੱਟਣ ਦੀ ਪ੍ਰਵਿਰਤੀ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਐਨ.ਆਈ.ਐਸ. ਦੇ ਐਸ.ਈ.ਡੀ. ਵਿਨੀਤ ਕੁਮਾਰ, ਪ੍ਰੋ. ਅਸ਼ੋਕ ਵਰਮਾ, ਰਕੇਸ਼ ਕੱਦ, ਪ੍ਰਵੇਸ਼ ਮੰਗਲਾ, ਰਜੀਵ ਚੋਪੜਾ, ਨਵਰੀਤ ਸੰਧੂ, ਗੁਰਪ੍ਰੀਤ ਦੁਲਟ, ਸਿਮਰਨ ਹਰੀਕਾ ਤੇ ਸੀ ਐਮ ਕੌੜਾ ਸਮੇਤ ਹੋਰ ਵਲੰਟੀਅਰ ਵੀ ਮੌਜੂਦ ਸਨ।









