Homeਪਟਿਆਲਾ ਅਪਡੇਟਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਾਨ ਅਦਾਕਾਰ ਤੇ ਸਾਹਿਤਕਾਰ ਬਲਰਾਜ ਸਾਹਨੀ ਨੂੰ ਭਾਵਪੂਰਤ...

ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਾਨ ਅਦਾਕਾਰ ਤੇ ਸਾਹਿਤਕਾਰ ਬਲਰਾਜ ਸਾਹਨੀ ਨੂੰ ਭਾਵਪੂਰਤ ਸ਼ਰਧਾਂਜਲੀ;

ਵਿਸ਼ੇਸ਼ ਸਮਾਗਮ ਅਤੇ ਦਸਤਾਵੇਜ਼ੀ ਫ਼ਿਲਮ ਰਹੀ ਖਿੱਚ ਦਾ ਕੇਂਦਰ

ਪਟਿਆਲਾ, 16 ਮਈ: (ਮਨੋਜ ਵਰਮਾ): ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਆਪਣੇ ਮੁੱਖ ਦਫ਼ਤਰ (ਪਟਿਆਲਾ) ਵਿਖੇ ਮਹਾਨ ਪੰਜਾਬੀ ਸਪੂਤ, ਪ੍ਰਸਿੱਧ ਅਦਾਕਾਰ ਅਤੇ ਸਾਹਿਤਕਾਰ ਸ੍ਰੀ ਬਲਰਾਜ ਸਾਹਨੀ ਦੀ ਯਾਦ ਵਿੱਚ ਇੱਕ ਵਿਸ਼ੇਸ਼ ਅਤੇ ਭਾਵਪੂਰਤ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬਲਰਾਜ ਸਾਹਨੀ ਦੇ ਪੰਜਾਬੀਅਤ ਨਾਲ ਮੋਹ, ਉਨ੍ਹਾਂ ਦੀ ਸਾਹਿਤਕ ਤੇ ਫ਼ਿਲਮੀ ਦੇਣ ਬਾਰੇ ਵਿਸ਼ੇਸ਼ ਭਾਸ਼ਣ ਅਤੇ ਇੱਕ ਦਸਤਾਵੇਜ਼ੀ ਫ਼ਿਲਮ ਪੇਸ਼ ਕੀਤੀ ਗਈ, ਜਿਸ ਨੇ ਇਸ ਇਕੱਠ ਨੂੰ ਯਾਦਗਾਰੀ ਬਣਾ ਦਿੱਤਾ।


ਕ੍ਰਿਤਾਂ ਰਾਹੀਂ ਦਿੱਤਾ ਮਾਨਵਤਾ ਤੇ ਸਾਂਝੀਵਾਲਤਾ ਦਾ ਸੁਨੇਹਾ: ਜਸਵੰਤ ਸਿੰਘ ਜ਼ਫ਼ਰ

ਸਮਾਗਮ ਦੌਰਾਨ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ:

“ਬਲਰਾਜ ਸਾਹਨੀ ਇੱਕ ਅਜਿਹੀ ਧਰਮ-ਨਿਰਪੱਖ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪਣੀਆਂ ਸਾਹਿਤਕ ਅਤੇ ਫ਼ਿਲਮੀ ਕ੍ਰਿਤਾਂ ਰਾਹੀਂ ਹਮੇਸ਼ਾਂ ਸਾਂਝੀਵਾਲਤਾ, ਭਾਈਚਾਰਕ ਇੱਕਸੁਰਤਾ ਅਤੇ ਸਮਾਜਿਕ ਨਿਆਂ ਦਾ ਹੋਕਾ ਦਿੱਤਾ। ਉਨ੍ਹਾਂ ਨੇ ਆਪਣੀ ਸਿਰਜਣਾ ਲਈ ਹਮੇਸ਼ਾਂ ਆਮ ਲੋਕਾਂ ਦੀਆਂ ਮੁਸ਼ਕਲਾਂ, ਸਾਂਝਾਂ ਅਤੇ ਸ਼ਕਤੀਆਂ ਨੂੰ ਅਧਾਰ ਬਣਾਇਆ।”

‘ਕਲਾ ਸਮਾਜ ਲਈ’ ਦੇ ਸਿਧਾਂਤ ਨੂੰ ਦਿੱਤੀ ਪਹਿਲ: ਡਾ. ਬਰਾੜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਮੁੱਖ ਭਾਸ਼ਣ ਦਿੰਦਿਆਂ ਕਿਹਾ ਕਿ ਜਿੱਥੇ ਅੱਜ ਕਲਾ ਵਪਾਰ ਦਾ ਸਾਧਨ ਬਣ ਚੁੱਕੀ ਹੈ, ਉੱਥੇ ਬਲਰਾਜ ਸਾਹਨੀ ਨੇ ‘ਕਲਾ ਸਮਾਜ ਲਈ’ ਦੇ ਸਿਧਾਂਤ ਨੂੰ ਜਿਊਂਦਾ ਰੱਖਿਆ। ਉਨ੍ਹਾਂ ਦੱਸਿਆ ਕਿ ਸ੍ਰੀ ਸਾਹਨੀ ਨੇ ਰਵਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਸਦਕਾ ਅੰਗਰੇਜ਼ੀ ਛੱਡ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਮਰਾਠੀ, ਹਿੰਦੀ, ਅੰਗਰੇਜ਼ੀ ਅਤੇ ਗੁਜਰਾਤੀ ਭਾਸ਼ਾਵਾਂ ਵਾਲੇ ਲੋਕਾਂ ਵਿੱਚ ਵਿਚਰਨ ਦੇ ਬਾਵਜੂਦ ਉਨ੍ਹਾਂ ਦੀ ਵਾਰਤਕ ਅਤੇ ਸਫ਼ਰਨਾਮਿਆਂ ਵਿੱਚ ਠੇਠ ਅਤੇ ਠੁੱਕਦਾਰ ਪੰਜਾਬੀ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ।


ਦਸਤਾਵੇਜ਼ੀ ਫ਼ਿਲਮ ‘ਇੱਕ ਸਫ਼ਰ ਇੱਕ ਦਾਸਤਾਨ’ ਨੇ ਮੋਹਿਆ ਮਨ

ਉੱਘੇ ਫ਼ਿਲਮਸਾਜ਼ ਡਾ. ਹਰਜੀਤ ਸਿੰਘ ਵੱਲੋਂ ਬਲਰਾਜ ਸਾਹਨੀ ਦੇ ਜੀਵਨ, ਉਨ੍ਹਾਂ ਦੇ ਪੰਜਾਬ ਪ੍ਰਤੀ ਮੋਹ ਅਤੇ ਪ੍ਰੀਤ ਨਗਰ (ਅੰਮ੍ਰਿਤਸਰ) ਤੇ ਢੁੱਡੀਕੇ ਨਾਲ ਸਾਂਝਾਂ ‘ਤੇ ਅਧਾਰਿਤ ਦਸਤਾਵੇਜ਼ੀ ਫ਼ਿਲਮ ‘ਇੱਕ ਸਫ਼ਰ ਇੱਕ ਦਾਸਤਾਨ’ ਪੇਸ਼ ਕੀਤੀ ਗਈ।

ਇਸ ਫ਼ਿਲਮ ਵਿੱਚ ਪੰਜਾਬ ਦੇ ਪ੍ਰਮੁੱਖ ਸਾਹਿਤਕਾਰਾਂ ਦੇ ਪਰਿਵਾਰਾਂ (ਗੁਰਸ਼ਰਨ ਸਿੰਘ, ਜਸਵੰਤ ਸਿੰਘ ਕੰਵਲ, ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ) ਅਤੇ ਅਦਾਕਾਰਾਂ (ਜਤਿੰਦਰ ਕੌਰ, ਕੇਵਲ ਧਾਲੀਵਾਲ, ਦੇਵਿੰਦਰ ਦਮਨ, ਰਾਜੀਵ ਸ਼ਰਮਾ) ਵੱਲੋਂ ਬਲਰਾਜ ਸਾਹਨੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਫ਼ਿਲਮ ਦੇ ਨਿਰਮਾਣ ਨਾਲ ਜੁੜੇ ਉੱਘੇ ਪੱਤਰਕਾਰ ਦੇਵਿੰਦਰਪਾਲ ਅਤੇ ਫ਼ਿਲਮੀ ਇਤਿਹਾਸਕਾਰ ਭੀਮ ਰਾਜ ਗਰਗ ਨੇ ਵੀ ਸ੍ਰੀ ਸਾਹਨੀ ਨੂੰ ਜਜ਼ਬਾਤੀ ਅੰਦਾਜ਼ ਵਿੱਚ ਯਾਦ ਕੀਤਾ।


ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਅਤੇ ਹਾਜ਼ਰੀ

ਸਮਾਗਮ ਦੇ ਅਖੀਰ ਵਿੱਚ ਭਾਸ਼ਾ ਵਿਭਾਗ ਵੱਲੋਂ ਆਈਆਂ ਮਹਿਮਾਨ ਸ਼ਖ਼ਸੀਅਤਾਂ ਨੂੰ ਵਿਭਾਗੀ ਸ਼ਾਲ ਅਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਬਾਖ਼ੂਬੀ ਨਿਭਾਇਆ ਗਿਆ।

ਇਸ ਮੌਕੇ ਪਦਮਸ੍ਰੀ ਪ੍ਰਾਣ ਸੱਭਰਵਾਲ, ਪ੍ਰਿੰ. ਪਰਮਜੀਤ ਸਿੰਘ ਗਰੇਵਾਲ, ਪ੍ਰਿੰ. ਵਰਿੰਦਰ ਕੌਰ, ਅਦਾਕਾਰ ਹਰਜੀਤ ਕੈਂਥ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ, ਗੋਪਾਲ ਸ਼ਰਮਾ, ਡਾ. ਗੁਰਸੇਵਕ ਲੰਬੀ, ਡਾ. ਕੁਲਦੀਪ ਦੀਪ, ਕਵੀ ਸੰਤ ਸਿੰਘ ਸੋਹਲ, ਸੁਰਿੰਦਰ ਕੌਰ ਬਾੜਾ, ਕੁਲਵੰਤ ਸਿੰਘ ਨਾਰੀਕੇ ਅਤੇ ਭਾਸ਼ਾ ਵਿਭਾਗ ਦੀ ਸਹਾਇਕ ਨਿਰਦੇਸ਼ਕਾ ਜਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ, ਰੰਗਕਰਮੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments