ਜਲੰਧਰ, 28 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ) : ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੁਆਰਾ ਭਾਰਤ ‘ਤੇ ਲਾਏ ਗਏ 50 ਫ਼ੀਸਦ ਟੈਰਿਫ਼ ਨੂੰ ਲਾਗੂ ਕਰਨ ਕਾਰਨ ਜਲੰਧਰ ਵਿੱਚ ਕਾਰੋਬਾਰੀ ਕੁਝ ਫ਼ਿਕਰਮੰਦ ਹਨ। ਟੈਰਿਫ਼ 27 ਅਗਸਤ ਤੋਂ ਲਾਗੂ ਹੋ ਗਏ ਹਨ।
ਪੰਜਾਬ ਵਿੱਚ ਜਲੰਧਰ ਚਮੜੇ ਦੇ ਕਾਰੋਬਾਰ ਦਾ ਵੱਡਾ ਕੇਂਦਰ ਹੈ। ਇੱਥੋਂ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਟਰੰਪ ਦੇ ਟੈਰਿਫ਼ ਦੇ ਫ਼ੈਸਲੇ ਨਾਲ ਉਨ੍ਹਾਂ ਦੇ ਕਾਰੋਬਾਰ ਉੱਤੇ ਬਹੁਤ ਅਸਰ ਪਵੇਗਾ। ਚਮੜਾ ਕਾਰੋਬਾਰੀ ਅਤੇ ਪੰਜਾਬ ਲੈਦਰ ਫ਼ੈਡਰੇਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਸੰਧੂ ਨੇ 1991 ਵਿੱਚ ਪੰਜਾਬ ਦੇ ਚਮੜਾ ਹੱਬ ਵਜੋਂ ਜਾਣੇ ਜਾਂਦੇ ‘ਲੈਦਰ ਕੰਪਲੈਕਸ” (ਜਲੰਧਰ) ਵਿੱਚ ਸਭ ਤੋਂ ਪਹਿਲਾ ਕਾਰਖਾਨਾ ਖੋਲ੍ਹਿਆ ਸੀ।
ਉਹ ਕਹਿੰਦੇ ਹਨ, “ਭਾਰਤ ਤੋਂ ਵਿਦੇਸ਼ਾਂ ਨੂੰ ਬਰਾਮਦ ਹੋਣ ਵਾਲੇ ਕੁੱਲ ਲੈਦਰ ਉਤਪਾਦਨ ਦਾ 17 ਫ਼ੀਸਦ ਹਿੱਸਾ ਅਮਰੀਕਾ ਨੂੰ ਜਾਂਦਾ ਹੈ। ਪਰ ਟਰੰਪ ਦੇ ਇਸ ਫ਼ੈਸਲੇ ਨਾਲ ਹੁਣ ਬਰਾਮਦ ਘਟਣ ਦਾ ਖ਼ਤਰਾ ਹੈ।”
“ਭਾਰਤ ਦੇ ਚਮੜਾ ਉਦਯੋਗ ਦਾ ਮੁਕਾਬਲਾ ਪਾਕਿਸਤਾਨ, ਬੰਗਲਾਦੇਸ਼ ਅਤੇ ਵੀਅਤਨਾਮ ਦੇ ਉਦਯੋਗਾਂ ਨਾਲ ਹੈ। ਇਸ ਟੈਰਿਫ਼ ਨਾਲ ਸਾਡੀਆਂ ਵਸਤੂਆਂ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ਦੇ ਮੁਕਾਬਲੇ ਮਹਿੰਗੀਆਂ ਹੋ ਜਾਣਗੀਆਂ ਅਤੇ ਸੁਭਾਵਿਕ ਹੈ ਕਿ ਸਾਡੇ ਉਤਪਾਦ ਦੀ ਮੰਗ ਘੱਟ ਜਾਵੇਗੀ।”

“ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਮਾੜੇ ਦੌਰ ਵਿੱਚ ਹੈ ਅਤੇ ਟਰੰਪ ਟੈਰਿਫ਼ ਕਰਕੇ ਇੰਡਸਟਰੀ ਬੰਦ ਹੋਣ ਦੀ ਕਗਾਰ ਉੱਤੇ ਆ ਜਾਵੇਗੀ।”
ਵਪਾਰ ਮਾਹਰਾਂ ਦਾ ਕਹਿਣਾ ਹੈ ਕਿ ਇੰਨੇ ਜ਼ਿਆਦਾ ਟੈਰਿਫ਼ ਅਤੇ ਰੂਸ ਤੋਂ ਤੇਲ ਖਰੀਦਣ ਉੱਤੇ 25 ਫ਼ੀਸਦ ਵਾਧੂ ਜੁਰਮਾਨਾ ਭਾਰਤੀ ਸਾਮਾਨ ‘ਤੇ ਤਕਰੀਬਨ ਪਾਬੰਦੀ ਲਗਾਉਣ ਦੇ ਬਰਾਬਰ ਹੋਵੇਗਾ।
ਇੱਕ ਹੋਰ ਨਿੱਜੀ ਕੰਪਨੀ ਦੇ ਜਨਰਲ ਮੈਨੇਜਰ ਅਨੁਪਮ ਪਿਛਲੇ 35 ਸਾਲ ਤੋਂ ਲੈਦਰ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ ਦਾ ਕਹਿਣਾ ਹੈ ਕਿ ਇੰਡਸਟਰੀ ਪਹਿਲਾਂ ਤੋਂ ਹੀ ਮੁਸ਼ਕਲ ਦੌਰ ਵਿੱਚ ਚੱਲ ਰਹੀ ਸੀ। ਟਰੰਪ ਵੱਲੋਂ ਟੈਰਿਫ਼ ਦਾ ਐਲਾਨ ਕਰਨ ਤੋਂ ਬਾਅਦ ਸਾਡੇ ਖਰੀਦਦਾਰਾਂ ਨੇ ਉਤਪਾਦਨ ਹੋਲਡ ਕਰਨ ਨੂੰ ਕਿਹਾ ਹੈ। ਜਿਸ ਦਾ ਅਸਰ ਹੈ ਕਿ ਟੈਰਿਫ਼ ਤੋਂ ਬਾਅਦ ਸਾਡੇ ਉਤਪਾਦਨ ਦੀ ਮੰਗ ਘਟੇਗੀ।
ਟਰੰਪ ਦੇ ਟੈਰਿਫ਼ ਦਾ ਅਸਰ ਪੰਜਾਬ ਦੇ ਬਾਸਮਤੀ ਚੋਲਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਉੱਤੇ ਵੀ ਪਵੇਗਾ।

ਅਮਰੀਕੀ ਸਰਕਾਰ ਨੇ ਭਾਰਤ ਉੱਤੇ ਲਾਏ ਵਾਧੂ 25 ਫੀਸਦ ਟੈਰਿਫ਼ ਨੂੰ ਲਾਗੂ ਕਰਨ ਦਾ ਰਸਮੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਭਾਰਤ ਅਮਰੀਕਾ ਨੂੰ ਕੱਪੜੇ, ਝੀਂਗਾ ਮੱਛੀ, ਬਾਸਮਤੀ ਚੌਲ, ਚਮੜੇ ਦੀਆਂ ਵਸਤਾਂ ਸਣੇ ਬਹੁਤ ਸਾਰੀਆਂ ਚੀਜ਼ਾਂ ਦਾ ਇੱਕ ਵੱਡਾ ਨਿਰਯਾਤਕ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਭਾਰਤ ਉੱਤੇ ਲਾਏ ਗਏ ਟੈਰਿਫ਼ ਨੇ ਬਾਸਮਤੀ ਦੀ ਬਰਾਮਦ ਕਰਨ ਵਾਲੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਵਪਾਰੀਆਂ ਨੂੰ ਡਰ ਹੈ ਹੁਣ ਭਾਰਤ ਬਾਸਮਤੀ ਅਮਰੀਕਾ ਦੇ ਬਾਜ਼ਾਰ ਵਿੱਚ ਮੁਕਾਬਲੇ ਤੋਂ ਬਾਹਰ ਹੋ ਜਾਵੇਗੀ ਅਤੇ ਪਾਕਿਸਤਾਨ ਦੇ ਵਪਾਰੀਆਂ ਅਤੇ ਕਿਸਾਨਾਂ ਨੂੰ ਉਸਦਾ ਫ਼ਾਇਦਾ ਮਿਲਣ ਦੀ ਸੰਭਾਵਨਾ ਹੈ।
ਵਪਾਰੀ ਦੱਸਦੇ ਹਨ ਕਿ ਪੂਰੇ ਵਿਸ਼ਵ ਵਿੱਚ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿੱਚ ਹੀ ਵੱਡੇ ਪੱਧਰ ਉੱਤੇ ਬਾਸਮਤੀ ਚੌਲਾਂ ਦੀ ਖੇਤੀ ਹੁੰਦੀ ਹੈ।
ਭਾਰਤ ਹਰ ਸਾਲ ਅਮਰੀਕਾ ਨੂੰ ਤਕਰੀਬਨ 3 ਲੱਖ ਟਨ ਬਾਸਮਤੀ ਚੌਲ ਐਕਸਪੋਰਟ ਕਰਦਾ ਹੈ, ਜਿਸਦੀ ਕੀਮਤ ਤਕਰੀਬਨ 350 ਮਿਲੀਅਨ ਡਾਲਰ ਹੈ।
ਲੰਬੇ ਸਮੇਂ ਤੋਂ ਬਾਸਮਤੀ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਪੰਜਾਬ ਵਿੱਚ ਪਿਛਲੇ ਸਾਲ 5,96,000 ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਬਿਜਾਈ ਹੋਈ ਸੀ।
ਭਾਰਤ ਦੇ 16 ਅਰਬ ਡਾਲਰ ਦੇ ਰੈਡੀਮੇਡ ਕੱਪੜਿਆਂ ਦੀ ਦਰਾਮਦ ਦਾ ਲਗਭਗ ਤੀਜਾ ਹਿੱਸਾ ਤਿਰੂਪੁਰਾ ਵਿੱਚ ਤਿਆਰ ਹੁੰਦਾ ਹੈ, ਜੋ ਟਾਰਗੇਟ, ਵਾਲਮਾਰਟ, ਗੈਪ ਅਤੇ ਜ਼ਾਰਾ ਵਰਗੇ ਬ੍ਰਾਂਡਾਂ ਨੂੰ ਕੱਪੜਾ ਸਪਲਾਈ ਕਰਦਾ ਹੈ। ਪਰ ਟੈਰਿਫ਼ ਦੇ ਐਲਾਨ ਤੋਂ ਬਾਅਦ ਇੱਥੇ ਭਵਿੱਖ ਬਾਰੇ ਡੂੰਘੀ ਚਿੰਤਾ ਹੈ। ਕੱਪੜਾ ਉਦਯੋਗਪਤੀ ਕ੍ਰਿਸ਼ਨਾਮੂਰਤੀ ਕਹਿੰਦੇ ਹਨ, “ਹੋ ਸਕਦਾ ਹੈ ਸਤੰਬਰ ਤੋਂ ਬਾਅਦ ਸਾਡੇ ਕੋਲ ਕਰਨ ਲਈ ਕੁਝ ਵੀ ਨਾ ਹੋਵੇ ਕਿਉਂਕਿ ਗਾਹਕਾਂ ਨੇ ਸਾਰੇ ਆਰਡਰ ਹੋਲਡ ਕਰ ਦਿੱਤੇ ਹਨ।”ਟੈਰਿਫ਼ ਸੰਕਟ ਕਾਰਨ ਉਨ੍ਹਾਂ ਨੇ ਆਪਣੀਆਂ ਫ਼ਿਲਹਾਲ ਵਿਸਥਾਰ ਯੋਜਨਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਨਵ-ਨਿਯੁਕਤ 250 ਕਰਮਚਾਰੀਆਂ ਨੂੰ ਨੌਕਰੀ ਤੋਂ ਜਵਾਬ ਦੇਣਾ ਪਿਆ ਹੈ।

ਅੰਡਰਵੀਅਰ ਬਣਾਉਣ ਵਾਲੀ ਫੈਕਟਰੀ ਵਿੱਚ ਉਤਪਾਦਨ ਕਰਨ ਵਾਲੀ ਕੰਪਨੀ ਰਾਫਟ ਗਾਰਮੈਂਟਸ ਦੇ ਮਾਲਕ ਸ਼ਿਵਾ ਸੁਬਰਾਮਨੀਅਮ ਨੇ ਕਿਹਾ, “ਅਸੀਂ ਉਮੀਦ ਕਰ ਰਹੇ ਸੀ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਵਪਾਰਕ ਸਮਝੌਤਾ ਹੋਵੇਗਾ। ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਪਿਛਲੇ ਮਹੀਨੇ ਤੋਂ ਉਤਪਾਦਨ ਪੂਰੀ ਤਰ੍ਹਾਂ ਠੱਪ ਹੈ। ਜੇਕਰ ਇਹ ਜਾਰੀ ਰਿਹਾ ਤਾਂ ਮੈਂ ਆਪਣੇ ਮੁਲਾਜ਼ਮਾਂ ਨੂੰ ਕਿਵੇਂ ਤਨਖ਼ਾਹ ਦੇਵਾਂਗਾ?”
ਟਰੰਪ ਵੱਲੋਂ ਲਗਾਏ ਗਏ 50 ਪ੍ਰਤੀਸ਼ਤ ਟੈਰਿਫ਼ ਤੋਂ ਬਾਅਦ ਭਾਰਤ ਵਿੱਚ ਬਣੀ 10 ਡਾਲਰ ਦੀ ਕਮੀਜ਼ ਦੀ ਕੀਮਤ ਸਿੱਧੇ ਤੌਰ ‘ਤੇ ਵੱਧ ਕੇ 16.4 ਡਾਲਰ ਹੋ ਜਾਵੇਗੀ। ਜਦੋਂ ਕਿ ਬੰਗਲਾਦੇਸ਼ ਵਿੱਚ ਬਣੀ ਟੀ-ਸ਼ਰਟ ਦੀ ਕੀਮਤ 13.2 ਡਾਲਰ ਅਤੇ ਚੀਨ ਵਿੱਚ ਬਣੀ ਟੀ-ਸ਼ਰਟ ਦੀ ਕੀਮਤ 14.2 ਡਾਲਰ ਹੋਵੇਗੀ। ਵੀਅਤਨਾਮ ਵਿੱਚ ਬਣੀ ਟੀ-ਸ਼ਰਟ 12 ਡਾਲਰ ਵਿੱਚ ਉਪਲਬਧ ਹੋ ਸਕਦੀ ਹੈ।
ਦੁਨੀਆਂ ਵਿੱਚ ਭਾਰਤੀ ਵਸਤੂਆਂ ਲਈ ਨਵੇਂ ਬਾਜ਼ਾਰਾਂ ਦੀ ਭਾਲ ਵਿੱਚ ਕਈ ਦੇਸ਼ਾਂ ਨਾਲ ਵਪਾਰਕ ਗੱਲਬਾਤ ਵੀ ਤੇਜ਼ ਹੋ ਗਈ ਹੈ। ਪਰ ਬਹੁਤ ਸਾਰੇ ਲੋਕ ਡਰਦੇ ਹਨ ਕਿ ਇਹ ਸਭ ਕਰਨ ਵਿੱਚ ਬਹੁਤ ਦੇਰ ਹੋ ਗਈ ਹੈ।
ਮੁੰਬਈ ਦੇ ਇੱਕ ਨਿਰਯਾਤ ਖੇਤਰ ਵਿੱਚ ਸੈਂਕੜੇ ਕਾਮੇ ਹੀਰਿਆਂ ਨੂੰ ਪਾਲਿਸ਼ ਕਰਨ ਅਤੇ ਪੈਕ ਕਰਨ ਵਿੱਚ ਰੁੱਝੇ ਹੋਏ ਹਨ। ਭਾਰਤ ਅਰਬਾਂ ਡਾਲਰ ਦੇ ਹੀਰੇ ਅਤੇ ਗਹਿਣਿਆਂ ਦੀ ਬਰਾਮਦ ਕਰਦਾ ਹੈ।

ਪਰ ਹੁਣ ਗਹਿਣਿਆਂ ਦੇ ਬ੍ਰਾਂਡ ਸਤੰਬਰ ਅਤੇ ਅਕਤੂਬਰ ਦੌਰਾਨ ਆਪਣੀ ਵਿਕਰੀ ‘ਤੇ ਟੈਰਿਫ ਦੇ ਸੰਭਾਵੀ ਪ੍ਰਭਾਵ ਬਾਰੇ ਚਿੰਤਤ ਹਨ। ਇਨ੍ਹਾਂ ਦੋ ਮਹੀਨਿਆਂ ਵਿੱਚ ਅਮਰੀਕਾ ਨੂੰ ਤਿੰਨ ਤੋਂ ਚਾਰ ਅਰਬ ਡਾਲਰ ਦੇ ਗਹਿਣੇ ਬਰਾਮਦ ਕੀਤੇ ਜਾਂਦੇ ਹਨ। ਹਾਲਾਂਕਿ, ਬ੍ਰਿਟੇਨ ਅਤੇ ਆਸਟ੍ਰੇਲੀਆ ਨਾਲ ਭਾਰਤ ਦੇ ਨਵੀਂ ਵਪਾਰਕ ਭਾਈਵਾਲੀ ਨੇ ਨਵੇਂ ਮੌਕੇ ਖੋਲ੍ਹੇ ਹਨ।
ਪਰ ਕ੍ਰਿਏਸ਼ਨ ਜਿਊਲਰੀ ਦੇ ਆਦਿਲ ਕੋਤਵਾਲ ਦਾ ਕਹਿਣਾ ਹੈ ਕਿ ਅਮਰੀਕੀ ਬਾਜ਼ਾਰ ‘ਤੇ ਕਬਜ਼ਾ ਕਰਨ ਲਈ ਸਾਲਾਂ ਤੋਂ ਕੀਤੇ ਗਏ ਯਤਨ ਕੁਝ ਮਹੀਨਿਆਂ ਵਿੱਚ ਹੀ ਅਸਫ਼ਲ ਹੋ ਸਕਦੇ ਹਨ।







