ਮਨੀਲਾ/ਫਰੀਦਕੋਟ:, 11 ਮਈ (ਛਤਰਪਾਲ ਸਿੰਘ):ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬ ਦੀ ਰਹਿਣ ਵਾਲੀ ਇੱਕ ਮਹਿਲਾ ਕਾਰੋਬਾਰੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮਹਿਲਾ ਦੀ ਪਛਾਣ ਸੁਖਵੀਰ ਕੌਰ ਬਰਾੜ ਵਜੋਂ ਹੋਈ ਹੈ।
ਕਾਰੋਬਾਰੀ ਕੰਮ ਦੌਰਾਨ ਹੋਇਆ ਹਮਲਾ
ਮਿਲੀ ਜਾਣਕਾਰੀ ਅਨੁਸਾਰ ਸੁਖਵੀਰ ਕੌਰ ਬਰਾੜ, ਜੋ ਕਿ ਮਨੀਲਾ ਵਿੱਚ ਆਪਣਾ ਕਾਰੋਬਾਰ ਚਲਾਉਂਦੀ ਸੀ, ਬੀਤੇ ਦਿਨ ਆਪਣੇ ਬਿਜ਼ਨੈੱਸ ਦੀ ਪੇਮੈਂਟ ਕੁਲੈਕਸ਼ਨ ਲਈ ਬਾਜ਼ਾਰ ਗਈ ਹੋਈ ਸੀ। ਜਦੋਂ ਉਹ ਬਾਜ਼ਾਰ ਵਿੱਚੋਂ ਲੰਘ ਰਹੀ ਸੀ, ਤਾਂ ਅਚਾਨਕ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਫਰੀਦਕੋਟ ਦੇ ਪਿੰਡ ਘਣੀਏ ਵਾਲਾ ਨਾਲ ਸੀ ਸਬੰਧ
ਮ੍ਰਿਤਕ ਸੁਖਵੀਰ ਕੌਰ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਘਣੀਏ ਵਾਲਾ ਦੀ ਰਹਿਣ ਵਾਲੀ ਸੀ। ਉਹ ਆਪਣੇ ਪਤੀ ਇਕਬਾਲ ਸਿੰਘ ਬਰਾੜ ਨਾਲ ਮਨੀਲਾ ਵਿੱਚ ਰਹਿ ਕੇ ਕਾਰੋਬਾਰ ਕਰਦੀ ਸੀ।
ਪਰਿਵਾਰ ਵਿੱਚ ਸੋਗ ਦੀ ਲਹਿਰ
ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਵਾਰਦਾਤ ਵਾਪਰੀ, ਉਸ ਵੇਲੇ ਸੁਖਵੀਰ ਕੌਰ ਦੇ ਪਤੀ ਇਕਬਾਲ ਸਿੰਘ ਬਰਾੜ ਆਪਣੇ ਜੱਦੀ ਪਿੰਡ ਘਣੀਏ ਵਾਲਾ (ਪੰਜਾਬ) ਆਏ ਹੋਏ ਸਨ। ਪਤਨੀ ਦੇ ਕਤਲ ਦੀ ਖ਼ਬਰ ਮਿਲਦਿਆਂ ਹੀ ਉਹ ਤੁਰੰਤ ਮਨੀਲਾ ਲਈ ਰਵਾਨਾ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਫਿਲਹਾਲ ਮਨੀਲਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। ਪੰਜਾਬੀ ਭਾਈਚਾਰੇ ਨੇ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।









