ਚੰਡੀਗੜ੍ਹ: 29 ਅਪ੍ਰੈਲ 2026:(ਬਲਜੀਤ ਸਰਨਾ)
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਮਈ ਨੂੰ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਗੰਭੀਰ ਹੈ, ਤਾਂ ਇਸ ਸੈਸ਼ਨ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਦੀਆਂ ਕਿਸ਼ਤਾਂ ਅਤੇ ਬਕਾਏ ਲਈ 15,000 ਕਰੋੜ ਰੁਪਏ ਦਾ ਪੁਖਤਾ ਐਲਾਨ ਕਰੇ।
ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਮੁੱਦੇ ‘ਤੇ ਘੇਰੀ ਸਰਕਾਰ
ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਜਾਖੜ ਨੇ ਲਿਖਿਆ ਕਿ ਸਿਰਫ਼ ਸੈਸ਼ਨ ਬੁਲਾਉਣਾ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ:
-
ਹਾਈ ਕੋਰਟ ਦੇ ਹੁਕਮਾਂ ਅਨੁਸਾਰ ਡੀ.ਏ. ਦੇ ਬਕਾਏ ਲਈ 15,000 ਕਰੋੜ ਦਾ ਐਲਾਨ ਕੀਤਾ ਜਾਵੇ।
-
30 ਜੂਨ ਤੱਕ ਭੁਗਤਾਨ ਦੀ ਗਾਰੰਟੀ ਦਿੱਤੀ ਜਾਵੇ।
-
ਸਰਕਾਰ ਸਪੱਸ਼ਟ ਕਰੇ ਕਿ ਉਹ ਇਸ ਫੈਸਲੇ ਵਿਰੁੱਧ ਕੋਈ ਅਪੀਲ ਦਾਇਰ ਨਹੀਂ ਕਰੇਗੀ।
ਜਾਖੜ ਨੇ ਮਜ਼ਦੂਰਾਂ ਦੀ ਹਾਲਤ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਸਰਕਾਰ ਨੇ ਮਗਨਰੇਗਾ ਤਹਿਤ ਮਜ਼ਦੂਰਾਂ ਨੂੰ 100 ਦਿਨਾਂ ਦੀ ਬਜਾਏ ਸਿਰਫ਼ 29 ਦਿਨ ਦਾ ਰੁਜ਼ਗਾਰ ਦਿੱਤਾ ਹੈ, ਉਸ ਨੂੰ ਮਜ਼ਦੂਰ ਦਿਵਸ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ।
ਪਾਰਟੀ ਬਚਾਉਣ ਲਈ ਸਿਆਸੀ ਡਰਾਮੇਬਾਜ਼ੀ ਦਾ ਦੋਸ਼
ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਅਸਲ ਵਿੱਚ ਇਹ ਸੈਸ਼ਨ ‘ਵਿਸ਼ਵਾਸ ਮਤ’ ਹਾਸਲ ਕਰਕੇ ਆਪਣੀ ਸਰਕਾਰ ਨੂੰ 6 ਮਹੀਨਿਆਂ ਦੀ ਮੋਹਲਤ ਦਿਵਾਉਣ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਵਿਸ਼ਵਾਸ ਮਤ ਆਉਣ ਤੋਂ ਬਾਅਦ ਅਗਲੇ 6 ਮਹੀਨੇ ਤੱਕ ‘ਅਵਿਸ਼ਵਾਸ ਮਤਾ’ ਨਹੀਂ ਲਿਆਂਦਾ ਜਾ ਸਕਦਾ, ਜਿਸਦਾ ਉਦੇਸ਼ ਖੇਰੂ-ਖੇਰੂ ਹੋ ਰਹੀ ਆਮ ਆਦਮੀ ਪਾਰਟੀ ਨੂੰ ਇਕੱਠਾ ਰੱਖਣਾ ਹੈ।
ਇਸ਼ਤਿਹਾਰਬਾਜ਼ੀ ਅਤੇ ਖਰਚਿਆਂ ‘ਤੇ ਚੁੱਕੇ ਸਵਾਲ
ਸੁਨੀਲ ਜਾਖੜ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਆਪਣੀ ਮਸ਼ਹੂਰੀ ਅਤੇ ਸੈਸ਼ਨਾਂ ‘ਤੇ ਵੱਡਾ ਖਰਚ ਕਰ ਰਹੀ ਹੈ, ਜਦਕਿ ਦੂਜੇ ਪਾਸੇ ਉਸਾਰੀ ਕਿਰਤੀ ਅਤੇ ਖੇਤ ਮਜ਼ਦੂਰ ਤਰਸਯੋਗ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਿੱਤ ਨਵੇਂ ਡਰਾਮੇ ਕਰਨ ਦੀ ਬਜਾਏ ਲੋਕਾਂ ਦੇ ਅਸਲ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਮੁਲਾਜ਼ਮਾਂ ਦੇ ਬਣਦੇ ਬਕਾਏ ਤੁਰੰਤ ਜਾਰੀ ਕਰਨੇ ਚਾਹੀਦੇ ਹਨ।









