HomeਸਪੋਰਟਸIPL 2026: ਮੁਲਾਂਪੁਰ ਸਟੇਡੀਅਮ 'ਚ ਕੱਲ੍ਹ ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ...
IPL 2026: ਮੁਲਾਂਪੁਰ ਸਟੇਡੀਅਮ ‘ਚ ਕੱਲ੍ਹ ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਵੇਗੀ ਟੱਕਰ
ਸਪੋਰਟਸ : 27 ਅਪ੍ਰੈਲ 2026 (ਜਗਜੀਤ ਸਿੰਘ): ਆਈਪੀਐਲ 2026 ਦਾ ਇੱਕ ਅਹਿਮ ਮੁਕਾਬਲਾ ਭਲਕੇ ਮੰਗਲਵਾਰ ਨੂੰ ਨਵੇਂ ਚੰਡੀਗੜ੍ਹ (ਮੁਲਾਂਪੁਰ) ਦੇ ਮਹਾਰਾਜਾ ਯਾਦਵਿੰਦਰ ਸਿੰਘ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਅੰਕ ਸੂਚੀ ਵਿੱਚ ਚੋਟੀ ‘ਤੇ ਚੱਲ ਰਹੀ ਪੰਜਾਬ ਕਿੰਗਜ਼ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਚੰਡੀਗੜ੍ਹ ਪਹੁੰਚੀਆਂ ਦੋਵੇਂ ਟੀਮਾਂ
ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਮੈਚ ਲਈ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ। ਰਾਜਸਥਾਨ ਦੀ ਟੀਮ ਬੀਤੀ ਦੇਰ ਰਾਤ ਹਵਾਈ ਅੱਡੇ ‘ਤੇ ਉਤਰੀ, ਜਿੱਥੇ ਸਾਰਿਆਂ ਦੀਆਂ ਨਜ਼ਰਾਂ ਨੌਜਵਾਨ ਸਟਾਰ ਵੈਭਵ ਸੂਰਿਆਵੰਸ਼ੀ ‘ਤੇ ਟਿਕੀਆਂ ਹੋਈਆਂ ਸਨ। ਦੋਵੇਂ ਟੀਮਾਂ ਅੱਜ ਸ਼ਾਮ ਸਟੇਡੀਅਮ ਵਿੱਚ ਇੱਕ ਸਾਂਝਾ ਅਭਿਆਸ ਸੈਸ਼ਨ ਕਰਨਗੀਆਂ।
ਪੰਜਾਬ ਕਿੰਗਜ਼ ਦਾ ਸ਼ਾਨਦਾਰ ਪ੍ਰਦਰਸ਼ਨ
ਪੰਜਾਬ ਕਿੰਗਜ਼ ਇਸ ਸੀਜ਼ਨ ਵਿੱਚ ਬੇਹੱਦ ਮਜ਼ਬੂਤ ਨਜ਼ਰ ਆ ਰਹੀ ਹੈ। ਟੀਮ 13 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਹੁਣ ਤੱਕ ਖੇਡੇ ਗਏ 7 ਮੈਚਾਂ ਵਿੱਚੋਂ ਪੰਜਾਬ ਨੇ 6 ਜਿੱਤੇ ਹਨ ਅਤੇ ਇੱਕ ਮੈਚ ਮੀਂਹ ਕਾਰਨ ਡਰਾਅ ਰਿਹਾ ਹੈ। ਦੂਜੇ ਪਾਸੇ ਰਾਜਸਥਾਨ ਰਾਇਲਜ਼ 8 ਮੈਚਾਂ ਵਿੱਚੋਂ 5 ਜਿੱਤਾਂ ਨਾਲ ਚੌਥੇ ਸਥਾਨ ‘ਤੇ ਹੈ।
ਇਨ੍ਹਾਂ ਖਿਡਾਰੀਆਂ ‘ਤੇ ਰਹਿਣਗੀਆਂ ਨਜ਼ਰਾਂ:
-
ਪ੍ਰਿਯਾਂਸ਼ ਆਰੀਆ (ਪੰਜਾਬ): ਇਸ ਨੌਜਵਾਨ ਸਲਾਮੀ ਬੱਲੇਬਾਜ਼ ਨੇ 248.24 ਦੇ ਵਿਸਫੋਟਕ ਸਟ੍ਰਾਈਕ ਰੇਟ ਨਾਲ 211 ਦੌੜਾਂ ਬਣਾਈਆਂ ਹਨ।
-
ਕੂਪਰ ਕੋਨੋਲੀ: ਪੰਜਾਬ ਦਾ ਸਭ ਤੋਂ ਸਫਲ ਬੱਲੇਬਾਜ਼, ਜੋ 223 ਦੌੜਾਂ ਬਣਾ ਕੇ ਮੱਧ-ਕ੍ਰਮ ਦੀ ਰੀੜ੍ਹ ਦੀ ਹੱਡੀ ਬਣਿਆ ਹੋਇਆ ਹੈ।
-
ਸ਼੍ਰੇਅਸ ਅਈਅਰ (ਕਪਤਾਨ): ਅਈਅਰ ਨੇ ਨਾ ਸਿਰਫ਼ ਸ਼ਾਨਦਾਰ ਕਪਤਾਨੀ ਕੀਤੀ ਹੈ ਬਲਕਿ 3 ਅਰਧ ਸੈਂਕੜਿਆਂ ਦੀ ਮਦਦ ਨਾਲ 208 ਦੌੜਾਂ ਵੀ ਬਣਾਈਆਂ ਹਨ।
-
ਅਰਸ਼ਦੀਪ ਸਿੰਘ: ਟੀਮ ਦਾ ਮੁੱਖ ਤੇਜ਼ ਗੇਂਦਬਾਜ਼ ਜੋ ਪਾਵਰਪਲੇ ਅਤੇ ਡੈਥ ਓਵਰਾਂ ਵਿੱਚ ਵਿਰੋਧੀ ਬੱਲੇਬਾਜ਼ਾਂ ਲਈ ਵੱਡੀ ਚੁਣੌਤੀ ਹੈ।
ਪੰਜਾਬ ਦੇ ਸਲਾਮੀ ਬੱਲੇਬਾਜ਼ ਪ੍ਰਿਯਾਂਸ਼ੂ ਆਰੀਆ ਅਤੇ ਪ੍ਰਭਸਿਮਰਨ ਸਿੰਘ ਦੀ ਜੋੜੀ ਹਰ ਮੈਚ ਵਿੱਚ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੇ ਰਹੀ ਹੈ, ਜਿਸ ਕਾਰਨ ਪੰਜਾਬ ਦੀ ਟੀਮ ਹੁਣ ਤੱਕ ਅਜਿੱਤ ਰਹੀ ਹੈ।