ਨਵੀਂ ਦਿੱਲੀ : 31 ਮਾਰਚ (ਮਨੋਜ ਵਰਮਾ) : ਦੇਸ਼ ਦੇ ਬਹੁ-ਚਰਚਿਤ PACL (ਪਰਲਜ਼ ਗਰੁੱਪ) ਪੋਂਜ਼ੀ ਘੁਟਾਲੇ ਵਿੱਚ ਧੋਖਾਧੜੀ ਦਾ ਸ਼ਿਕਾਰ ਹੋਏ ਲੱਖਾਂ ਨਿਵੇਸ਼ਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਜਸਟਿਸ ਲੋਢਾ ਕਮੇਟੀ ਨੂੰ 15,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਹਾਲ ਕਰ ਦਿੱਤੀ ਹੈ। ਇਸ ਕਦਮ ਨਾਲ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਬਕਾਏ ਵਾਪਸ ਮਿਲਣ ਦੀ ਉਮੀਦ ਜਾਗ ਗਈ ਹੈ।
ਅਦਾਲਤ ਦੇ ਹੁਕਮਾਂ ‘ਤੇ 455 ਜਾਇਦਾਦਾਂ ਦੀ ਵਾਪਸੀ
ਈ.ਡੀ. ਮੁਤਾਬਕ ਮਨੀ ਲਾਂਡਰਿੰਗ ਰੋਕੂ ਐਕਟ (PMLA) ਦੀ ਵਿਸ਼ੇਸ਼ ਅਦਾਲਤ ਨੇ 455 ਅਚੱਲ ਜਾਇਦਾਦਾਂ ਨੂੰ ਲੋਢਾ ਕਮੇਟੀ ਹਵਾਲੇ ਕਰਨ ਦੇ ਹੁਕਮ ਦਿੱਤੇ ਹਨ। ਹੁਣ ਕਮੇਟੀ ਇਨ੍ਹਾਂ ਜਾਇਦਾਦਾਂ ਨੂੰ ਵੇਚ ਕੇ ਇਕੱਠੀ ਹੋਈ ਰਾਸ਼ੀ ਰਾਹੀਂ ਨਿਵੇਸ਼ਕਾਂ ਦਾ ਪੈਸਾ ਮੋੜੇਗੀ। ਈ.ਡੀ. ਨੇ ਇਸ ਜਾਂਚ ਦੌਰਾਨ ਹੁਣ ਤੱਕ ਕੁੱਲ 27,030 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਕੀ ਹੈ ਪੂਰਾ ਘੁਟਾਲਾ?
-
ਘੁਟਾਲੇ ਦੀ ਰਕਮ: ਲਗਭਗ 48,000 ਕਰੋੜ ਰੁਪਏ (ਕੁਝ ਅਨੁਮਾਨਾਂ ਅਨੁਸਾਰ 60,000 ਕਰੋੜ ਤੋਂ ਵੱਧ)।
-
ਮੁੱਖ ਮੁਲਜ਼ਮ: ਨਿਰਮਲ ਸਿੰਘ ਭੰਗੂ (ਪਰਲਜ਼ ਗਰੁੱਪ ਦਾ ਪ੍ਰਮੋਟਰ), ਜਿਸ ਦੀ ਅਗਸਤ 2024 ਵਿੱਚ ਮੌਤ ਹੋ ਚੁੱਕੀ ਹੈ।
-
ਧੋਖਾਧੜੀ ਦਾ ਤਰੀਕਾ: ਖੇਤੀਬਾੜੀ ਜ਼ਮੀਨ ਦੀ ਵਿਕਰੀ ਅਤੇ ਵਿਕਾਸ ਦੇ ਨਾਂ ‘ਤੇ ਦੇਸ਼ ਭਰ ਦੇ ਲੱਖਾਂ ਲੋਕਾਂ ਤੋਂ ਕਿਸ਼ਤਾਂ ਵਿੱਚ ਨਿਵੇਸ਼ ਕਰਵਾਇਆ ਗਿਆ।
-
ਗੁੰਮਰਾਹਕੁੰਨ ਦਸਤਾਵੇਜ਼: ਨਿਵੇਸ਼ਕਾਂ ਤੋਂ ਪਾਵਰ ਆਫ਼ ਅਟਾਰਨੀ ਅਤੇ ਹੋਰ ਦਸਤਾਵੇਜ਼ਾਂ ‘ਤੇ ਦਸਤਖਤ ਕਰਵਾਏ ਗਏ, ਪਰ ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਜ਼ਮੀਨ ਨਹੀਂ ਦਿੱਤੀ ਗਈ।
ਭੰਗੂ ਦੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ ‘ਤੇ ਵੀ ਕਾਰਵਾਈ
ਈ.ਡੀ. ਨੇ ਦੱਸਿਆ ਕਿ ਜ਼ਬਤ ਕੀਤੀਆਂ ਜਾਇਦਾਦਾਂ ਨਿਰਮਲ ਸਿੰਘ ਭੰਗੂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਵੀ ਸਨ। ਇਨ੍ਹਾਂ ਵਿੱਚ ਉਸਦੀ ਪਤਨੀ ਪ੍ਰੇਮ ਕੌਰ, ਬੇਟੀਆਂ ਬਰਿੰਦਰ ਕੌਰ ਤੇ ਸੁਖਵਿੰਦਰ ਕੌਰ ਅਤੇ ਜਵਾਈ ਹਰਸਤਿੰਦਰਪਾਲ ਸਿੰਘ ਹੇਅਰ ਤੇ ਗੁਰਪ੍ਰਤਾਪ ਸਿੰਘ ਸ਼ਾਮਲ ਹਨ।
ਈ.ਡੀ. ਦਾ ਅਹਿਮ ਕਦਮ
ਏਜੰਸੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ 455 ਜਾਇਦਾਦਾਂ ਦੀ ਵਾਪਸੀ ਲੱਖਾਂ ਪੀੜਤ ਨਿਵੇਸ਼ਕਾਂ ਨੂੰ ਇਨਸਾਫ਼ ਦਿਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਈ.ਡੀ. ਕਾਨੂੰਨ ਅਨੁਸਾਰ ਅਪਰਾਧ ਦੀ ਸਾਰੀ ਕਮਾਈ ਦੀ ਪਛਾਣ ਕਰਨ ਅਤੇ ਉਸ ਨੂੰ ਵਸੂਲਣ ਲਈ ਵਚਨਬੱਧ ਹੈ। ਦੱਸ ਦਈਏ ਕਿ ਇਸ ਮਾਮਲੇ ਵਿੱਚ ਈ.ਡੀ. ਵੱਲੋਂ ਹੁਣ ਤੱਕ ਪੰਜ ਚਾਰਜਸ਼ੀਟਾਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ।









