Homeਪਟਿਆਲਾ ਅਪਡੇਟਭਗਵਾਨ ਸ੍ਰੀ ਰਾਮ ਦੀ ਸ਼ਬਰੀ 'ਤੇ ਅਪਾਰ ਕਿਰਪਾ ਬਿਰਤਾਂਤ ਸੁਣ ਭਾਵੁਕ ਹੋਏ...

ਭਗਵਾਨ ਸ੍ਰੀ ਰਾਮ ਦੀ ਸ਼ਬਰੀ ‘ਤੇ ਅਪਾਰ ਕਿਰਪਾ ਬਿਰਤਾਂਤ ਸੁਣ ਭਾਵੁਕ ਹੋਏ ਸ਼ਰਧਾਲੂ

ਪ੍ਰਭੂ ਰਾਮ ਵੱਲੋਂ ਸ਼ਬਰੀ ਦੇ ਜੂਠੇ ਬੇਰ ਖਾਣਾ ਸਮਾਜ ਨੂੰ ਸਮਾਨਤਾ ਅਤੇ ਪ੍ਰੇਮ ਦਾ ਦਿੰਦਾ ਹੈ ਸੰਦੇਸ਼: ਲਾਲ ਚੰਦ ਜਿੰਦਲ

ਪਟਿਆਲਾ (ਮਨੋਜ ਵਰਮਾ):ਸ੍ਰੀ ਸਨਾਤਨ ਧਰਮ ਸਭਾ (ਰਜਿ.), ਪਟਿਆਲਾ ਵੱਲੋਂ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਦੇ ਵਿਸ਼ਾਲ ਸਭਾ ਹਾਲ ਵਿੱਚ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀ ਰਾਮ ਕਥਾ ਦੇ ਛੇਵੇਂ ਦਿਨ ਭਗਤੀ ਅਤੇ ਸ਼ਕਤੀ ਦਾ ਅਦਭੁਤ ਸੰਗਮ ਦੇਖਣ ਨੂੰ ਮਿਲਿਆ। ਅੱਜ ਦੀ ਕਥਾ ਵਿੱਚ ਜਦੋਂ ਪ੍ਰਭੂ ਸ੍ਰੀ ਰਾਮ ਵੱਲੋਂ ਭੀਲਣੀ ਸ਼ਬਰੀ ਦੀ ਨਿਰਸਵਾਰਥ ਭਗਤੀ ਨੂੰ ਮਾਣ ਦੇਣ ਦਾ ਪ੍ਰਸੰਗ ਸੁਣਾਇਆ ਗਿਆ, ਤਾਂ ਹਾਜ਼ਰ ਸੈਂਕੜੇ ਸ਼ਰਧਾਲੂਆਂ ਦੀਆਂ ਅੱਖਾਂ ਨਮ ਹੋ ਗਈਆਂ। ਸਭਾ ਦੇ ਪ੍ਰਧਾਨ ਸ੍ਰੀ ਲਾਲ ਚੰਦ ਜਿੰਦਲ ਨੇ ਇਸ ਮੌਕੇ ਕਿਹਾ ਕਿ ਭਗਵਾਨ ਰਾਮ ਦਾ ਸ਼ਬਰੀ ਦੀ ਕੁਟੀਆ ਵਿੱਚ ਖ਼ੁਦ ਜਾਣਾ ਅਤੇ ਉਸ ਪ੍ਰਤੀ ਅਥਾਹ ਪਿਆਰ ਅਤੇ ਉਹਨਾਂ ਨੂੰ ਮਾਤਾ ਕਹਿ ਕੇ ਸਤਿਕਾਰ ਦਿਖਾਉਣਾ ਇਹ ਸਿੱਧ ਕਰਦਾ ਹੈ ਕਿ ਪ੍ਰਭੂ ਸਿਰਫ਼ ਭਾਵਨਾ ਦੇ ਭੁੱਖੇ ਹਨ। ਇਹ ਪ੍ਰਸੰਗ ਸਮਾਜ ਦੇ ਹਰ ਵਰਗ ਨੂੰ ਪਿਆਰ ਨਾਲ ਰਹਿਣ ਅਤੇ ਊਚ-ਨੀਚ ਦੇ ਭੇਦਭਾਵ ਨੂੰ ਮਿਟਾਉਣ ਦਾ ਸਦੀਵੀ ਸੰਦੇਸ਼ ਦਿੰਦਾ ਹੈ।

ਕਥਾ ਵਾਚਕ ਪਰਮ ਸਤਿਕਾਰਯੋਗ ਸੰਜੀਵ ਗੁਰੂ ਜੀ ਮਹਾਰਾਜ ਨੇ ਛੇਵੇਂ ਦਿਨ ਦੀ ਅੰਮ੍ਰਿਤਮਈ ਕਥਾ ਦੀ ਸ਼ੁਰੂਆਤ ‘ਸੀਤਾ ਹਰਨ’ ਦੇ ਦਰਦਨਾਕ ਪ੍ਰਸੰਗ ਨਾਲ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਰਾਵਣ ਵੱਲੋਂ ਮਾਤਾ ਸੀਤਾ ਦਾ ਧੋਖੇ ਨਾਲ ਅਪਹਰਣ ਕੀਤਾ ਗਿਆ। ਇਸ ਤੋਂ ਬਾਅਦ ਪ੍ਰਭੂ ਰਾਮ ਦੇ ਵਿਛੋੜੇ ਅਤੇ ਸ਼ਬਰੀ ਦੀ ਉਡੀਕ ਦਾ ਵਰਣਨ ਕਰਦਿਆਂ ਗੁਰੂ ਜੀ ਨੇ ਦੱਸਿਆ ਕਿ ਰਿਸ਼ੀ ਮਤੰਗ ਦੀ ਚੇਲੀ ਸ਼ਬਰੀ ਸਾਲਾਂ ਤੋਂ ਪ੍ਰਭੂ ਦੇ ਆਉਣ ਦੀ ਰਾਹ ਦੇਖ ਰਹੀ ਸੀ। ਜਦੋਂ ਰਾਮ ਖ਼ੁਦ ਉਨ੍ਹਾਂ ਦੀ ਕੁਟੀਆ ਵਿੱਚ ਪਹੁੰਚੇ, ਤਾਂ ਸ਼ਬਰੀ ਨੇ ਪਿਆਰਵੱਸ ਚੱਖ-ਚੱਖ ਕੇ ਮਿੱਠੇ ਬੇਰ ਪ੍ਰਭੂ ਨੂੰ ਖੁਆਏ। ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਨੇ ਉਨ੍ਹਾਂ ਜੂਠੇ ਬੇਰਾਂ ਨੂੰ ਬੜੇ ਚਾਅ ਨਾਲ ਖਾ ਕੇ ਸੰਸਾਰ ਨੂੰ ਇਹ ਸੰਦੇਸ਼ ਦਿੱਤਾ ਕਿ ਭਗਤੀ ਵਿੱਚ ਕੋਈ ਛੋਟਾ, ਵੱਡਾ, ਅਮੀਰ ਜਾਂ ਗ਼ਰੀਬ ਨਹੀਂ ਹੁੰਦਾ।

ਸੰਜੀਵ ਗੁਰੂ ਜੀ ਨੇ ਲੰਕਾ ਦਹਿਨ ਦੇ ਰੋਮਾਂਚਕ ਪ੍ਰਸੰਗ ਦਾ ਵਰਣਨ ਕਰਦਿਆਂ ਦੱਸਿਆ ਕਿ ਮਾਤਾ ਸੀਤਾ ਦੀ ਭਾਲ ਵਿੱਚ ਲੰਕਾ ਪਹੁੰਚੇ ਪਵਨਪੁੱਤਰ ਹਨੂਮਾਨ ਜੀ ਨੇ ਆਪਣੀ ਬਲਦੀ ਪੂਛ ਨਾਲ ਸੋਨੇ ਦੀ ਲੰਕਾ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਰਾਵਣ ਦੇ ਹੰਕਾਰ ਨੂੰ ਚੂਰ-ਚੂਰ ਕਰ ਦਿੱਤਾ। ਇਹ ਘਟਨਾ ਰਾਵਣ ਦੇ ਵਿਨਾਸ਼ ਦੀ ਘੋਸ਼ਣਾ ਅਤੇ ਅਧਰਮ ‘ਤੇ ਧਰਮ ਦੀ ਜਿੱਤ ਦਾ ਸ਼ੰਖਨਾਦ ਸੀ।

ਅੱਜ ਛੇਵੇਂ ਦਿਨ ਦੀ ਕਥਾ ਵਿੱਚ ਰਾਮ ਭਜਨਾਂ ਅਤੇ ਮੰਤਰਾਂ ਦੀ ਪਵਿੱਤਰ ਆਵਾਜ਼ ਦੇ ਵਿਚਕਾਰ ਸਾਰੇ ਸ਼ਰਧਾਲੂਆਂ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਚੇਅਰਮੈਨ ਡਾ. ਰਾਜਿੰਦਰ ਕੁਮਾਰ, ਸੀਨੀਅਰ ਉਪ ਪ੍ਰਧਾਨ ਵਿਜੇ ਮੋਹਨ ਗੁਪਤਾ, ਉਪ ਪ੍ਰਧਾਨ ਨਰੇਸ਼ ਕੁਮਾਰ ਜੈਨ, ਪਵਨ ਜਿੰਦਲ, ਰਾਕੇਸ਼ ਕੁਮਾਰ, ਤ੍ਰਿਭੁਵਨ ਗੁਪਤਾ, ਜਨਰਲ ਸਕੱਤਰ ਅਨਿਲ ਗੁਪਤਾ, ਮੈਨੇਜਰ ਇੰਜੀਨੀਅਰ ਐਮ. ਐਮ. ਸਿਆਲ, ਰਾਜਿੰਦਰ ਜਿੰਦਲ, ਦਕਸ਼ ਕੁਮਾਰ ਖੰਨਾ, ਡਾ. ਐਨ.ਕੇ. ਸ਼ਰਮਾ, ਰਾਜਕੁਮਾਰ ਜੋਸ਼ੀ, ਧੀਰਜ ਅਗਰਵਾਲ, ਵਿਵੇਕਸ਼ੀਲ ਗੋਇਲ, ਸੰਜੀਵ ਗੁਪਤਾ, ਮੁਕੇਸ਼ ਪੁਰੀ, ਭੁਪਿੰਦਰ ਜਿੰਦਲ, ਸੰਜੇ ਜਿੰਦਲ, ਸੰਜੀਵ ਗੁਪਤਾ, ਰਾਜੀਵ ਬੰਸਲ, ਰਾਜੀਵ ਗੋਇਲ ਅਤੇ ਰਾਜੀਵ ਗਰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਇਨ੍ਹਾਂ ਦੇ ਨਾਲ ਹੀ ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਦੇ ਕੋਆਰਡੀਨੇਟਰ ਵਰੁਣ ਜਿੰਦਲ, ਸਹਿ-ਕੋਆਰਡੀਨੇਟਰ ਸੁਸ਼ੀਲ ਨਈਅਰ, ਅਨੁਰਾਗ ਸ਼ਰਮਾ, ਨਿਖਿਲ ਕਾਕਾ, ਲੋਕੇਸ਼ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰਾਂ ਨੇ ਕਥਾ ਦਾ ਅਨੰਦ ਮਾਣਿਆ। ਇੱਥੇ ਵਿਸ਼ੇਸ਼ ਤੌਰ ‘ਤੇ ਇਹ ਵੀ ਜ਼ਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਰਾਮ ਕੁਮਾਰ ਟੰਡਨ ਅਤੇ ਸ੍ਰੀ ਲਛਮਣ ਟੰਡਨ ਬੜੀ ਸ਼ਰਧਾ ਨਾਲ ਕੱਲ੍ਹ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਸ਼੍ਰੀ ਰਾਮ ਪਾਲਕੀ ਨੂੰ ਸਜਾਉਣ ਦੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦਾ ਵੀ ਇਹੀ ਮੰਨਣਾ ਹੈ ਕਿ ਭਗਤੀ ਅਤੇ ਸੇਵਾ ਦਾ ਅਨੁਕਰਣਯੋਗ ਸੁਮੇਲ ਹੀ ਸਾਡੀ ਸੰਸਕ੍ਰਿਤੀ ਦੀ ਜਿੰਦ-ਜਾਨ ਹੈ। ਕਥਾ ਦੀ ਸਮਾਪਤੀ ਸ੍ਰੀ ਰਾਮਾਇਣ ਜੀ ਦੀ ਸਮੂਹਿਕ ਆਰਤੀ ਨਾਲ ਹੋਈ।

 

ਜਾਰੀਕਰਤਾ: ਧੀਰਜ ਅਗਰਵਾਲ ਪ੍ਰੈਸ ਸਕੱਤਰ, ਸ੍ਰੀ ਸਨਾਤਨ ਧਰਮ ਸਭਾ (ਰਜਿ.), ਪਟਿਆਲਾ।

ਮੋਬਾਈਲ ਨੰਬਰ: 9814405990

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments