“ਲੋਕਾਂ ਨੇ ਸਾਨੂੰ ਛੁੱਟੀ ਵਾਲੇ ਦਿਨ ਘਰ ਬੈਠ ਕੇ ਆਰਾਮ ਕਰਨ ਲਈ ਨਹੀਂ ਚੁਣਿਆ”: ਮੇਅਰ
ਪਟਿਆਲਾ, 23 ਮਾਰਚ: (ਛਤਰਪਾਲ ਸਿੰਘ) : ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਜਨਤਾ ਦੀ ਸੇਵਾ ਲਈ 24 ਘੰਟੇ ਵਚਨਬੱਧ ਹਨ। ਸ਼ਹਿਰ ਦੀਆਂ ਸੜਕਾਂ ‘ਤੇ ਘੁੰਮ ਰਹੇ ਬੇਸਹਾਰਾ ਗਊਂ ਵੰਸ਼ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੇਅਰ ਨੇ ਅੱਜ ਖੁਦ ਮੈਦਾਨ ਵਿੱਚ ਉਤਰ ਕੇ ਬੇਸਹਾਰਾ ਗਊਂ ਵੰਸ਼ ਨੂੰ ਸੁਰੱਖਿਅਤ ਤਰੀਕੇ ਨਾਲ ਗਊਸ਼ਾਲਾ ਪਹੁੰਚਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਇਸਮੌਕੇ ਉਨ੍ਹਾਂ ਨਾਲ ਨਿਗਮ ਟੀਮ ਤੋਂ ਵਿਕਾਸ ਕੰਬੋਜ, ਜਸਵੀਰ ਸਿੰਘ, ਜਗਜੀਤ ਸਿੰਘ, ਸ਼ੇਰ ਸਿੰਘ, ਪਿੰਦਰ ਸਿੰਘ, ਸੰਜੇ ਕੁਮਾਰ ਵੀ ਮੌਜੂਦ ਸਨ.
ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਮੁੱਖ ਮਾਰਗਾਂ ‘ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ ਕਾਰਨ ਆਮ ਨਾਗਰਿਕਾਂ, ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਪਸ਼ੂਆਂ ਕਾਰਨ ਕਈ ਵਾਰ ਜਾਨਲੇਵਾ ਹਾਦਸੇ ਵੀ ਵਾਪਰ ਜਾਂਦੇ ਹਨ। ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ ਮੇਅਰ ਕੁੰਦਨ ਗੋਗੀਆ ਨੇ ਨਗਰ ਨਿਗਮ ਦੀ ਵਿਸ਼ੇਸ਼ ਟੀਮ ਨੂੰ ਨਾਲ ਲੈ ਕੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਨੇੜਲੀਆਂ ਗਊਸ਼ਾਲਾਵਾਂ ਵਿੱਚ ਭੇਜਣਾ ਸ਼ੁਰੂ ਕੀਤਾ ਹੈ। ਮੇਅਰ ਅਨੁਸਾਰ ਇਹ ਕਦਮ ਜਿੱਥੇ ਆਮ ਲੋਕਾਂ ਦੇ ਬਚਾਅ ਲਈ ਜ਼ਰੂਰੀ ਹੈ, ਉੱਥੇ ਹੀ ਗਊਂ ਵੰਸ਼ ਦੀ ਸਾਂਭ-ਸੰਭਾਲ ਲਈ ਵੀ ਅਤਿ ਲੋੜੀਂਦਾ ਹੈ।
ਅੱਜ ਛੁੱਟੀ ਵਾਲੇ ਦਿਨ ਵੀ ਕੰਮ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਵਿਰੋਧੀਆਂ ਅਤੇ ਸੁਸਤ ਪ੍ਰਣਾਲੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਪਟਿਆਲਾ ਦੇ ਲੋਕਾਂ ਨੇ ਸਾਨੂੰ ਇਸ ਲਈ ਨਹੀਂ ਚੁਣਿਆ ਕਿ ਜਦੋਂ ਜਨਤਾ ਮੁਸ਼ਕਿਲ ਵਿੱਚ ਹੋਵੇ ਤਾਂ ਅਸੀਂ ਛੁੱਟੀ ਵਾਲੇ ਦਿਨ ਆਪਣੇ ਘਰਾਂ ਵਿੱਚ ਬੈਠ ਕੇ ਆਰਾਮ ਕਰੀਏ।” ਉਨ੍ਹਾਂ ਸਪੱਸ਼ਟ ਕੀਤਾ ਕਿ ਜਨਤਾ ਨੇ ਉਨ੍ਹਾਂ ਨੂੰ ਸੇਵਾ ਦਾ ਫ਼ਤਵਾ ਦਿੱਤਾ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਹਰ ਵੇਲੇ “ਆਨ ਡਿਊਟੀ” ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀਆਂ ਲਈ ਉਹ 24 ਘੰਟੇ ਹਾਜ਼ਰ ਹਨ।
ਮੇਅਰ ਨੇ ਦੱਸਿਆ ਕਿ ਨਿਗਮ ਟੀਮ ਵਲੋਂ ਹਰ ਵਾਰਡ ਵਿੱਚ ਚੱਲ ਰਹੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਪੱਕੇ ਤੌਰ ‘ਤੇ ਹੱਲ ਕਰਨ ਲਈ ਨਿਗਮ ਵੱਲੋਂ ਹੋਰ ਵੀ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਮੁਹਿੰਮ ਦੌਰਾਨ ਇਲਾਕਾ ਨਿਵਾਸੀਆਂ ਨੇ ਮੇਅਰ ਕੁੰਦਨ ਗੋਗੀਆ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇੱਕ “ਲੋਕ ਮੇਅਰ” ਵਜੋਂ ਸਨਮਾਨਿਤ ਮਹਿਸੂਸ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਟੀਮ ਅਤੇ ਨਿਜੀ ਸਟਾਫ ਵੀ ਮੌਜੂਦ ਸਨ।
ਫੋਟੋ – ਬੇਸਹਾਰਾ ਗਊਂ ਵੰਸ਼ ਨੂੰ ਸੁਰੱਖਿਅਤ ਤਰੀਕੇ ਨਾਲ ਗਊਸ਼ਾਲਾ ਪਹੁੰਚਾਉਣ ਮੌਕੇ ਮੇਅਰ ਅਤੇ ਨਿਗਮ ਟੀਮ









