Homeਪਟਿਆਲਾ ਅਪਡੇਟਪੁਰਸਕਾਰ ਲੇਖਕ ਨੂੰ ਹੋਰ ਗੰਭੀਰ ਤੇ ਸੂਝਵਾਨ ਬਣਾਉਣ ’ਚ ਯੋਗਦਾਨ ਪਾਉਂਦੇ ਹਨ-...

ਪੁਰਸਕਾਰ ਲੇਖਕ ਨੂੰ ਹੋਰ ਗੰਭੀਰ ਤੇ ਸੂਝਵਾਨ ਬਣਾਉਣ ’ਚ ਯੋਗਦਾਨ ਪਾਉਂਦੇ ਹਨ- ਭਾਸ਼ੋ

ਵੱਡਾ ਲੇਖਕ ਬਣਨ ਲਈ ਵੱਡੀ ਗਿਣਤੀ ’ਚ ਕਿਤਾਬਾਂ ਰਚਨਾ ਜ਼ਰੂਰੀ ਨਹੀਂ- ਸ. ਜਸਵੰਤ ਸਿੰਘ ਜ਼ਫ਼ਰ
ਪਟਿਆਲਾ 17 ਮਾਰਚ: ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਉੱਘੇ ਕਵੀ ਭਾਸ਼ੋ ਨਾਲ ਸਾਹਿਤਕ ਬੈਠਕ ਤਹਿਤ ‘ਭਾਸ਼ੋ… ਭਾਸ਼ਾ ਵਿਭਾਗ’ ਵਿੱਚ ਸਿਰਲੇਖ ਅਧੀਨ ਰੂਬਰੂ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸ਼੍ਰੋਮਣੀ ਕਵੀ ਬਲਵਿੰਦਰ ਸੰਧੂ ਨੇ ਸੰਵਾਦ ਕਰਤਾ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਉੱਘੇ ਵਿਦਵਾਨ ਡਾ. ਅਮਰਜੀਤ ਸਿੰਘ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਆਪਣੇ ਸਵਾਗਤੀ ਭਾਸ਼ਣ ਦੌਰਾਨ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਵੱਡਾ ਲੇਖਕ ਬਣਨ ਲਈ ਜ਼ਰੂਰੀ ਨਹੀਂ ਕਿ ਵੱਡੀ ਗਿਣਤੀ ’ਚ ਕਿਤਾਬਾਂ ਲਿਖੀਆਂ ਜਾਣ। ਇਹ ਲੇਖਕ ਦਾ ਆਤਮ ਵਿਸ਼ਵਾਸ਼ ਤੇ ਤਜਰਬਾ ਹੀ ਹੁੰਦਾ ਹੈ ਕਿ ਉਹ ਆਪਣੀਆਂ ਥੋੜ੍ਹੀਆਂ ਰਚਨਾਵਾਂ ਨਾਲ ਹੀ ਆਪਣੇ ਪਾਠਕਾਂ ਦਾ ਘੇਰਾ ਵਿਸ਼ਾਲ ਕਰ ਲੈਂਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ੋ ਇੱਕ ਅਜਿਹੇ ਕਵੀ ਹਨ ਜਿਨ੍ਹਾਂ ਦੀ ਪੁਸਤਕ ਭਾਵੇਂ ਇੱਕ ਛਪੀ ਹੈ ਪਰ ਉਹ ਪੰਜਾਬੀ ਕਵਿਤਾ ’ਚ ਵੱਡਾ ਹਸਤਾਖ਼ਰ ਬਣ ਚੁੱਕੇ ਹਨ ਅਤੇ ਉਹ ਕਵਿਤਾ ਵਰਗਾ ਹੀ ਇਨਸਾਨ ਹੈ।
ਭਾਸ਼ਾ ਵਿਭਾਗ ਪੰਜਾਬ ਨੇ ਰਚਾਇਆ ਕਵੀ ਭਾਸ਼ੋ ਨਾਲ ਸੰਵਾਦ
ਸ. ਬਲਵਿੰਦਰ ਸੰਧੂ ਨਾਲ ਰਚਾਏ ਸੰਵਾਦ ਦੌਰਾਨ ਸ੍ਰੀ ਭਾਸ਼ੋ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਜੀ ਤੋਂ ਮਿਲੀ ਨਾਮਵਰ ਕਵੀ ਹੀਰਾ ਸਿੰਘ ਦਰਦ ਦੀ ਪੁਸਤਕ ‘ਦਰਦ ਸੁਨੇਹੇ’ ਪੜ੍ਹਨ ਤੋਂ ਬਾਅਦ ਕਵਿਤਾ ਨਾਲ ਜੁੜਨ ਦੀ ਚੇਟਕ ਲੱਗੀ। ਆਪਣੇ ’ਤੇ ਕਿਸੇ ਦੇ ਪ੍ਰਭਾਵ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਸ਼ੇਖ ਫਰੀਦ ਜੀ ਤੇ ਕਬੀਰ ਜੀ ਦੀ ਬਾਣੀ ਤੋਂ ਬਹੁਤ ਪ੍ਰਭਾਵਿਤ ਹਨ। ਪੇਸ਼ੇ ਵਜੋਂ ਅਧਿਆਪਕ ਦੇ ਤੌਰ ’ਤੇ ਸੇਵਾਮੁਕਤ ਹੋਏ ਸ੍ਰੀ ਭਾਸ਼ੋ ਨੇ ਕਿਹਾ ਕਿ ਪੁਰਸਕਾਰ ਲੇਖਕ ਨੂੰ ਵਧੇਰੇ ਗੰਭੀਰ, ਜਿੰਮੇਵਾਰ ਤੇ ਸੂਝਵਾਨ ਬਣਾਉਣ ’ਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਕਵੀ ਹੋਣਾ ਵੱਡੀ ਗੱਲ ਹੈ, ਵੱਡਾ ਹੋਣਾ ਭਲੀ ਗੱਲ ਹੈ ਤੇ ਭਲੇ ਹੋਣਾ ਮਹਾਨਤਾ ਦੀ ਨਿਸ਼ਾਨੀ ਹੈ। ਸ੍ਰੀ ਭਾਸ਼ੋ ਕਿਹਾ ਕਿ ਵਧੀਆ ਕਵਿਤਾ ਲਿਖਣ ਲਈ ਗਿਆਨ, ਵਿਿਗਆਨ ਤੇ ਭਾਸ਼ਾ ਵਿਿਗਆਨ ਦਾ ਗਿਆਤਾ ਹੋਣਾ ਲਾਜ਼ਮੀ ਹੈ ਅਤੇ ਨਾਲ ਹੀ ਚੰਗੀ ਕਵਿਤਾ ਲਿਖਣ ਲਈ ਸਭ ਤੋਂ ਜ਼ਰੂਰੀ ਗੱਲ ਚੰਗਾ ਇਨਸਾਨ ਹੋਣਾ ਵੀ ਜ਼ਰੂਰੀ ਹੈ। ਆਪਣੀ ਕਾਵਿ ਸਿਰਜਣਾ ਬਾਰੇ ਸ੍ਰੀ ਭਾਸ਼ੋ ਨੇ ਕਿਹਾ ਕਿ ਉਹ ਤੱਤ, ਤੱਥ, ਸਮਕਾਲ ਤੇ ਸੰਜਮ ਵਿੱਚ ਵਧੇਰੇ ਵਿਸ਼ਵਾਸ਼ ਰੱਖਦੇ ਹਨ।ਇਸ ਮੌਕੇ ਸ੍ਰੀ ਭਾਸ਼ੋ ਨੇ ਆਪਣੀਆਂ ਚਰਚਿਤ ਕਵਿਤਾਵਾਂ ਨਾਨਕਤਾ, ਲੰਚ ਪੋਟਲੀ, ਕੇਸੀ ਇਸ਼ਨਾਨ, ਰੱਬ ਦੀ ਟਿੱਕੀ, ਬਿੱਠਾਂ, ਪੰਜ ਬਾਰ ਆਦਿ ਸੁਣਾਕੇ ਵਾਹ-ਵਾਹ ਖੱਟੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਵਿਤਾ ਨੂੰ ਕਿ ਸੰਦ ਵਜੋਂ ਨਹੀਂ ਵਰਤਣਾ ਚਾਹੀਦਾ ਜਿਸ ਕਾਰਨ ਇਹ ਆਪਣੇ ਮਨੋਰਥ ਤੋਂ ਭਟਕ ਜਾਂਦੀ ਹੈ। ਵਧੀਆ ਕਵਿਤਾ ਉਹ ਹੁੰਦੀ ਹੈ ਜੋ ਕਵੀ ਜ਼ਿੰਦਗੀ ਨੂੰ ਸੱਚੇ ਮਨੋ ਸਮਝਕੇ ਲਿਖੇ। ਉਨ੍ਹਾਂ ਸ੍ਰੀ ਭਾਸ਼ੋ ਦੀ ਇੱਕ ਵਧੀਆ ਤੇ ਸੱਚ ਲਿਖਣ ਵਾਲਾ ਗੰਭੀਰ ਕਵੀ ਕਿਹਾ। ਬਹੁਤ ਸਾਰੇ ਸਰੋਤਿਆਂ ਨੇ ਸ. ਭਾਸ਼ੋ ਨੂੰ ਸੁਆਲ ਕਰਕੇ ਸਮਾਗਮ ਨੂੰ ਹੋਰ ਵੀ ਰੋਚਕ ਬਣਾ ਦਿੱਤਾ। ਸ੍ਰੀ ਭਾਸ਼ੋ ਤੇ ਬਲਵਿੰਦਰ ਸੰਧੂ ਦਾ ਵਿਭਾਗ ਵੱਲੋਂ ਪੁਸਤਕਾਂ ਦੇ ਸੈੱਟਾਂ ਅਤੇ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਭਾਸ਼ੋ ਦੀਆਂ ਦੋ ਕਵਿਤਾਵਾਂ ਦੀਆਂ ਵੀਡੀਓਜ਼ ਵੀ ਦਿਖਾਈਆਂ ਗਈਆਂ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਚੰਦਨਦੀਪ ਕੌਰ, ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਤੇਜਿੰਦਰ ਸਿੰਘ ਗਿੱਲ, ਜਸਪ੍ਰੀਤ ਕੌਰ ਤੇ ਸੁਰਿੰਦਰ ਕੌਰ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਡਾ. ਕਮਲਦੀਪ ਕੌਰ, ਡਾ. ਬਲਵੀਰ ਕੌਰ ਪੰਧੇਰ, ਪ੍ਰੋ. ਅਮਰਜੀਤ ਸਿੰਘ, ਸ਼ਾਇਰ ਅਵਤਾਰਜੀਤ ਸਿੰਘ, ਗੁਰਚਰਨ ਪੱਬਰਾਲੀ, ਗੁਰਦਰਸ਼ਨ ਸਿੰਘ ਗੁਸੀਲ, ਰੰਗਕਰਮੀ ਰਾਜੇਸ਼ ਸ਼ਰਮਾ ਤੇ ਵੱਡੀ ਗਿਣਤੀ ’ਚ ਸਰੋਤੇ ਹਾਜ਼ਰ ਸਨ।
ਤਸਵੀਰ: ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਤੇ ਡਾ. ਅਮਰਜੀਤ ਸਿੰਘ ਗਰੇਵਾਲ ਸਾਹਿਤਕ ਬੈਠਕ ਦੌਰਾਨ ਕਵੀ ਭਾਸ਼ੋ ਤੇ ਬਲਵਿੰਦਰ ਸੰਧੂ ਨੂੰ ਸਨਮਾਨਿਤ ਕਰਦੇ ਹੋਏ।
RELATED ARTICLES
- Advertisment -
Google search engine
Google search engine
Google search engine

Most Popular

Recent Comments