17 march 2026: ਮੋਹਾਲੀ:(ਬ੍ਰਿਜਪਾਲ ਜਾਖਲ)
ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇੱਕ ਵਾਰ ਫਿਰ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੇ ਗਿੱਪੀ ਗਰੇਵਾਲ ਨੂੰ ਧਮਕੀ ਭਰੀ ਕਾਲ ਕੀਤੀ ਹੈ। ਧਮਕੀ ਦੇਣ ਵਾਲੇ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਜੇਕਰ ਉਸ ਦੇ ਸੁਨੇਹਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਅੰਜਾਮ ਬਹੁਤ ਬੁਰਾ ਹੋਵੇਗਾ।
ਵਾਇਰਲ ਆਡੀਓ ਦੇ ਮੁੱਖ ਅੰਸ਼
ਵਾਇਰਲ ਹੋ ਰਹੀ ਆਡੀਓ ਵਿੱਚ ਕਾਲ ਕਰਨ ਵਾਲਾ ਵਿਅਕਤੀ ਕਹਿ ਰਿਹਾ ਹੈ:
-
“ਗਿੱਪੀ, ਮੈਂ ਤੈਨੂੰ ਕੁਝ ਦਿਨ ਪਹਿਲਾਂ ਵੀ ਮੈਸੇਜ ਭੇਜਿਆ ਸੀ, ਪਰ ਕੋਈ ਜਵਾਬ ਨਹੀਂ ਆਇਆ।”
-
“ਐਲੇ ਭਾਨੇ ਨੂੰ ਵੀ ਮੈਸੇਜ ਛੱਡਿਆ ਸੀ, ਤੁਹਾਡੇ ਦੋਵਾਂ ਨਾਲ ਕੰਮ ਹੈ ਅਤੇ ਗੱਲ ਕਰਨੀ ਹੈ।”
-
“ਜੇਕਰ ਇਗਨੋਰ ਕੀਤਾ ਤਾਂ ਗੋਲੀਆਂ ਨਹੀਂ ਸੰਭਾਲ ਪਾਵੇਂਗਾ। ਤੂੰ ਫ਼ਿਲਮ ਬਣਾ ਰਿਹਾ ਹੈਂ, ਕਿਤੇ ਮੋਹਾਲੀ ਵਿੱਚ ਤੇਰੀ ਹੀ ‘ਫ਼ਿਲਮ’ ਨਾ ਬਣਾਉਣੀ ਪੈ ਜਾਵੇ।”
ਪੁਲਿਸ ਦੀ ਕਾਰਵਾਈ
ਇਸ ਮਾਮਲੇ ਬਾਰੇ ਮੋਹਾਲੀ ਦੇ ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਫਿਲਹਾਲ ਪੁਲਿਸ ਕੋਲ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੁਰਾਣਾ ਵਿਵਾਦ ਅਤੇ ਕੈਨੇਡਾ ਵਿੱਚ ਫਾਇਰਿੰਗ
ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ‘ਤੇ ਰਹੇ ਹਨ।
-
25 ਨਵੰਬਰ 2023: ਕੈਨੇਡਾ ਦੇ ਵੈਨਕੂਵਰ (ਵ੍ਹਾਈਟ ਰਾਕ ਇਲਾਕੇ) ਵਿੱਚ ਸਥਿਤ ਗਿੱਪੀ ਗਰੇਵਾਲ ਦੇ ਘਰ ‘ਤੇ ਫਾਇਰਿੰਗ ਹੋਈ ਸੀ।
-
ਜ਼ਿੰਮੇਵਾਰੀ: ਉਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਸੀ ਅਤੇ ਗਿੱਪੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।








