Homeਦੇਸ਼ਅੰਤਰਰਾਸ਼ਟਰੀ ਮਹਿਲਾ ਦਿਵਸ: ਬਰਾਬਰੀ ਅਤੇ ਆਜ਼ਾਦੀ ਲਈ ਜਾਗਰੂਕਤਾ ਦੀ ਲੋੜ;

ਅੰਤਰਰਾਸ਼ਟਰੀ ਮਹਿਲਾ ਦਿਵਸ: ਬਰਾਬਰੀ ਅਤੇ ਆਜ਼ਾਦੀ ਲਈ ਜਾਗਰੂਕਤਾ ਦੀ ਲੋੜ;

 

ਪਿਛਲੀ ਇਕ ਸਦੀ ਤੋਂ ਵੱਧ ਸਮੇਂ ਤੋਂ ਦੁਨੀਆਂ ਭਰ ਵਿਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਮਜ਼ਦੂਰ ਅੰਦੋਲਨਾਂ ਤੋਂ ਹੋਈ ਸੀ, ਜਿਸ ਨੂੰ ਬਾਅਦ ਵਿਚ ਸੰਯੁਕਤ ਰਾਸ਼ਟਰ ਵੱਲੋਂ ਇਕ ਸਾਲਾਨਾ ਦਿਨ ਵਜੋਂ ਮਾਨਤਾ ਦਿੱਤੀ ਗਈ। 1908 ਵਿੱਚ ਨਿਊਯਾਰਕ ਸ਼ਹਿਰ ਵਿਚ ਲਗਭਗ 15 ਹਜ਼ਾਰ ਔਰਤਾਂ ਨੇ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਔਰਤਾਂ ਲਈ ਕੰਮ ਦੇ ਘੰਟੇ ਘਟਾਏ ਜਾਣ, ਉਚਿਤ ਤਨਖ਼ਾਹ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਮਿਲੇ। ਮਹਿਲਾ ਦਿਵਸ ਦੀ ਨੀਂਹ ਰੱਖਣ ਦਾ ਸਿਹਰਾ ਕਲਾਰਾ ਜ਼ੇਟਕਿਨ ਨੂੰ ਜਾਂਦਾ ਹੈ।

ਭਾਰਤ ਵਿਚ ਵੀ ਹਰ ਸਾਲ 8 ਮਾਰਚ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ, ਪਰ ਅਜੇ ਵੀ ਦੇਸ਼ ਦੀਆਂ ਕਈ ਔਰਤਾਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕੀਆਂ। ਆਜ਼ਾਦੀ ਦੇ ਲਗਭਗ 79 ਸਾਲ ਬਾਅਦ ਵੀ ਸਮਾਜ ਵਿਚ ਔਰਤਾਂ ਨੂੰ ਕਈ ਕਿਸਮ ਦੀਆਂ ਸਮਾਜਿਕ ਅਤੇ ਆਰਥਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡਾਂ ਅਤੇ ਪਛੜੇ ਇਲਾਕਿਆਂ ਵਿਚ ਸਿਖਿਆ ਅਤੇ ਜਾਗਰੂਕਤਾ ਦੀ ਘਾਟ ਕਾਰਨ ਔਰਤਾਂ ਦਾ ਵਿਕਾਸ ਹਜੇ ਵੀ ਪਿੱਛੇ ਹੈ।

ਇਤਿਹਾਸਕ ਤੌਰ ’ਤੇ ਵੀ ਔਰਤਾਂ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਕੁਰੀਤੀਆਂ ਦਾ ਸਾਹਮਣਾ ਕੀਤਾ ਹੈ, ਜਿਵੇਂ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ। ਹਾਲਾਂਕਿ ਸਮੇਂ ਦੇ ਨਾਲ ਇਨ੍ਹਾਂ ਵਿਚ ਕਾਫੀ ਹੱਦ ਤੱਕ ਕਮੀ ਆਈ ਹੈ, ਪਰ ਅਜੇ ਵੀ ਬਰਾਬਰੀ ਦਾ ਟੀਚਾ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕਿਆ।

ਔਰਤਾਂ ਦੇ ਹੱਕਾਂ ਅਤੇ ਸਮਾਨਤਾ ਲਈ ਕਈ ਮਹਾਨ ਵਿਅਕਤੀਆਂ ਨੇ ਸੰਘਰਸ਼ ਕੀਤਾ, ਜਿਨ੍ਹਾਂ ਵਿਚ ਮਹਾਤਮਾ ਜੋਤੀਰਾਓ ਫੂਲੇ, ਸਾਵਿਤਰੀਬਾਈ ਫੂਲੇ, ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ ਅਤੇ ਡਾ. ਬੀ.ਆਰ. ਅੰਬੇਦਕਰ ਦੇ ਨਾਮ ਖਾਸ ਤੌਰ ’ਤੇ ਲਏ ਜਾਂਦੇ ਹਨ। ਉਨ੍ਹਾਂ ਦੇ ਯਤਨਾਂ ਨਾਲ ਔਰਤਾਂ ਦੀ ਸਿਖਿਆ, ਵਿਧਵਾ ਪੁਨਰ-ਵਿਵਾਹ ਅਤੇ ਕਾਨੂੰਨੀ ਹੱਕਾਂ ਵੱਲ ਮਹੱਤਵਪੂਰਨ ਕਦਮ ਚੁੱਕੇ ਗਏ।

ਅੱਜ ਭਾਵੇਂ ਕਈ ਔਰਤਾਂ ਸਿਖਿਅਤ ਅਤੇ ਆਰਥਕ ਤੌਰ ’ਤੇ ਸਵੈ-ਨਿਰਭਰ ਹੋ ਰਹੀਆਂ ਹਨ, ਪਰ ਜ਼ਮੀਨੀ ਪੱਧਰ ’ਤੇ ਅਜੇ ਵੀ ਉਨ੍ਹਾਂ ਨੂੰ ਸਮਾਨ ਹੱਕ ਅਤੇ ਫੈਸਲੇ ਕਰਨ ਦੀ ਆਜ਼ਾਦੀ ਪੂਰੀ ਤਰ੍ਹਾਂ ਪ੍ਰਾਪਤ ਨਹੀਂ ਹੋਈ। ਕਈ ਥਾਵਾਂ ’ਤੇ ਔਰਤਾਂ ਚੁਣੀਆਂ ਤਾਂ ਜਾਂਦੀਆਂ ਹਨ ਪਰ ਅਸਲ ਫੈਸਲੇ ਮਰਦਾਂ ਵੱਲੋਂ ਕੀਤੇ ਜਾਂਦੇ ਹਨ।

ਵਿਦਵਾਨਾਂ ਦੇ ਅਨੁਸਾਰ ਔਰਤਾਂ ਦੀ ਅਸਲ ਮੁਕਤੀ ਲਈ ਸਭ ਤੋਂ ਪਹਿਲਾਂ ਜਾਗਰੂਕਤਾ ਜ਼ਰੂਰੀ ਹੈ। ਸਮਾਜ ਵਿਚ ਮੌਜੂਦ ਲਿੰਗ ਭੇਦਭਾਵ ਵਾਲੀ ਸੋਚ ਨੂੰ ਬਦਲਣ ਅਤੇ ਬੱਚਿਆਂ ਨੂੰ ਬਰਾਬਰੀ ਦੀ ਸਿਖਿਆ ਦੇਣ ਦੀ ਲੋੜ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧੀਆਂ ਨੂੰ ਵੀ ਉਹੀ ਮੌਕੇ ਦੇਣ ਜੋ ਪੁੱਤਰਾਂ ਨੂੰ ਦਿੱਤੇ ਜਾਂਦੇ ਹਨ।

ਮਹਿਲਾ ਸਸ਼ਕਤੀਕਰਨ ਤਦ ਹੀ ਸੰਭਵ ਹੈ ਜਦੋਂ ਸਮਾਜ, ਸਰਕਾਰ ਅਤੇ ਔਰਤਾਂ ਖੁਦ ਮਿਲ ਕੇ ਅੱਗੇ ਵਧਣ। ਕਲਪਨਾ ਚਾਵਲਾ, ਮਦਰ ਟੈਰੇਸਾ, ਸਾਵਿਤਰੀਬਾਈ ਫੂਲੇ ਅਤੇ ਦਲੀਪ ਕੌਰ ਟਿਵਾਣਾ ਵਰਗੀਆਂ ਮਹਾਨ ਔਰਤਾਂ ਇਸ ਗੱਲ ਦੀ ਮਿਸਾਲ ਹਨ ਕਿ ਮੌਕੇ ਮਿਲਣ ’ਤੇ ਔਰਤਾਂ ਕਿਸੇ ਵੀ ਖੇਤਰ ਵਿਚ ਉੱਚੀਆਂ ਉਡਾਣਾਂ ਭਰ ਸਕਦੀਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments