ਨਿਊਯਾਰਕ/ਵਾਸ਼ਿੰਗਟਨ:07 march 2026:(ਸ਼.ਅ.ਬਿਓਰੋ)
ਇਰਾਨ ਨਾਲ ਵਧਦੇ ਸੰਘਰਸ਼ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤੀ ਰਿਫਾਇਨਰੀਆਂ ਨੂੰ ਰੂਸੀ ਤੇਲ ਖਰੀਦਣ ਲਈ 30 ਦਿਨਾਂ ਦੀ ਅਸਥਾਈ ਛੋਟ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਇਹ ਕਦਮ ਵਿਸ਼ਵ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਨੂੰ ਜਾਰੀ ਰੱਖਣ ਲਈ ਚੁੱਕਿਆ ਗਿਆ ਹੈ।
ਉਨ੍ਹਾਂ ਕਿਹਾ, “ਰਾਸ਼ਟਰਪਤੀ ਡੋਨਾਲਡ ਟਰੰਪ ਦੇ ਊਰਜਾ ਏਜੰਡੇ ਕਾਰਨ ਤੇਲ ਅਤੇ ਗੈਸ ਦਾ ਉਤਪਾਦਨ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਲਈ ਵਿਸ਼ਵ ਬਾਜ਼ਾਰ ਵਿੱਚ ਸਪਲਾਈ ਕਾਇਮ ਰੱਖਣ ਲਈ ਵਿੱਤ ਮੰਤਰਾਲਾ ਭਾਰਤੀ ਰਿਫਾਇਨਰੀਆਂ ਨੂੰ ਰੂਸੀ ਤੇਲ ਖਰੀਦਣ ਦੀ ਅਸਥਾਈ ਤੌਰ ‘ਤੇ 30 ਦਿਨਾਂ ਦੀ ਛੋਟ ਦੇ ਰਿਹਾ ਹੈ।”
ਬੇਸੈਂਟ ਨੇ ਸਪਸ਼ਟ ਕੀਤਾ ਕਿ ਇਹ ਇੱਕ ਛੋਟੇ ਸਮੇਂ ਲਈ ਕਦਮ ਹੈ ਅਤੇ ਇਸ ਨਾਲ ਰੂਸੀ ਸਰਕਾਰ ਨੂੰ ਕੋਈ ਵੱਡਾ ਵਿੱਤੀ ਲਾਭ ਨਹੀਂ ਹੋਵੇਗਾ, ਕਿਉਂਕਿ ਇਹ ਛੋਟ ਕੇਵਲ ਉਹਨਾਂ ਤੇਲ ਦੇ ਸੌਦਿਆਂ ਲਈ ਹੈ ਜੋ ਪਹਿਲਾਂ ਹੀ ਸਮੁੰਦਰ ਵਿੱਚ ਫਸੇ ਹੋਏ ਕਾਰਗੋ ਨਾਲ ਸੰਬੰਧਿਤ ਹਨ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦਿਆਂ ਕਿਹਾ ਕਿ ਭਾਰਤ ਅਮਰੀਕਾ ਦਾ ਇੱਕ ਮਹੱਤਵਪੂਰਨ ਭਾਈਵਾਲ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਦਿੱਲੀ ਅਮਰੀਕੀ ਤੇਲ ਦੀ ਖਰੀਦ ਵਿੱਚ ਵਾਧਾ ਕਰੇਗੀ। ਉਨ੍ਹਾਂ ਅਨੁਸਾਰ ਇਹ ਅਸਥਾਈ ਕਦਮ ਇਰਾਨ ਵੱਲੋਂ ਵਿਸ਼ਵਵਿਆਪੀ ਊਰਜਾ ਸਪਲਾਈ ‘ਤੇ ਪੈਦੇ ਹੋ ਰਹੇ ਦਬਾਅ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ‘ਚ ਭਾਰਤ ‘ਤੇ 25 ਫ਼ੀਸਦੀ ਦੰਡਾਤਮਕ ਟੈਰਿਫ ਲਗਾਇਆ ਸੀ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਸੀ ਕਿ ਨਵੀਂ ਦਿੱਲੀ ਵੱਲੋਂ ਰੂਸੀ ਤੇਲ ਦੀ ਖਰੀਦ ਯੂਕਰੇਨ ਵਿਰੁੱਧ ਰੂਸ ਦੀ ਜੰਗ ਨੂੰ ਅਪਰੋਕਸ਼ ਤੌਰ ‘ਤੇ ਮਦਦ ਪਹੁੰਚਾ ਰਹੀ ਹੈ।
ਹਾਲਾਂਕਿ ਪਿਛਲੇ ਮਹੀਨੇ ਅਮਰੀਕਾ ਅਤੇ ਭਾਰਤ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸੰਬੰਧੀ ਅੰਤਰਿਮ ਸਮਝੌਤੇ ਲਈ ਇਕ ਢਾਂਚਾ ਤਿਆਰ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਟਰੰਪ ਨੇ ਭਾਰਤ ‘ਤੇ ਲਗਾਈ 25 ਫ਼ੀਸਦੀ ਦੰਡਾਤਮਕ ਡਿਊਟੀ ਹਟਾਉਣ ਲਈ ਕਾਰਜਕਾਰੀ ਹੁਕਮ ਜਾਰੀ ਕੀਤਾ ਅਤੇ ਕਿਹਾ ਕਿ ਭਾਰਤ ਮਾਸਕੋ ਤੋਂ ਊਰਜਾ ਦੀ ਆਯਾਤ ਘਟਾਉਣ ਅਤੇ ਅਮਰੀਕੀ ਊਰਜਾ ਉਤਪਾਦਾਂ ਦੀ ਖਰੀਦ ਵਧਾਉਣ ਲਈ ਵਚਨਬੱਧ ਹੈ।







