ਪਟਿਆਲਾ, 25 ਫਰਵਰੀ: ਸ਼ਾਹੀ ਸ਼ਹਿਰ ਪਟਿਆਲਾ ਦੀ ਅਮੀਰ ਵਿਰਾਸਤ ਨੂੰ ਪਿਆਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਬੰਦ ਪਏ ਸ਼ੀਸ਼ ਮਹਿਲ ਅਤੇ ਕਿਲ੍ਹਾ ਮੁਬਾਰਕ ਦੇ ਮਿਊਜ਼ੀਅਮਾਂ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਹੈ। ‘ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ’ ਦੌਰਾਨ ਇਹ ਫੈਸਲਾ ਸੈਲਾਨੀਆਂ ਲਈ ਖਿੱਚ ਦਾ ਵਿਸ਼ੇਸ਼ ਕੇਂਦਰ ਬਣਿਆ ਹੋਇਆ ਹੈ।

ਡੀ.ਸੀ. ਪਟਿਆਲਾ ਵਰਜੀਤ ਵਾਲੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਵਿਰਾਸਤੀ ਧਰੋਹਰ ਨੂੰ ਸੰਭਾਲਣ ਲਈ ਇਹ ਅਹਿਮ ਕਦਮ ਚੁੱਕਿਆ ਗਿਆ ਹੈ।
ਸ਼ੀਸ਼ ਮਹਿਲ ਮਿਊਜ਼ੀਅਮ: ਚਾਰ ਵਿਸ਼ੇਸ਼ ਗੈਲਰੀਆਂ
ਨਵੀਨੀਕਰਨ ਤੋਂ ਬਾਅਦ ਸ਼ੀਸ਼ ਮਹਿਲ ਦੇ ਮਿਊਜ਼ੀਅਮ ਨੂੰ ਚਾਰ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ:
- ਚੀਨੀ ਕਲਾ ਗੈਲਰੀ: ਇੱਥੇ ਪੁਰਾਤਨ ਪੌਟਰੀ ਅਤੇ ਬੁੱਧ ਧਰਮ ਨਾਲ ਸਬੰਧਤ ਦੁਰਲੱਭ ਸਮਾਨ ਸਜਾਇਆ ਗਿਆ ਹੈ।
- ਸਕੱਲਚਰ ਗੈਲਰੀ: ਪਟਿਆਲਾ ਰਿਆਸਤ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਦੇ ਪੱਥਰ ਦੇ ਤਰਾਸ਼ੇ ਬੁੱਤ।
- ਪੋਰਟਰੇਟ ਤੇ ਕੋਲਾਜ ਗੈਲਰੀ: ਇੱਥੇ ਵਿਸ਼ਵ ਪ੍ਰਸਿੱਧ ਪੇਟਿੰਗਜ਼ ਅਤੇ ਕੋਲਾਜ ਦੇਖਣ ਨੂੰ ਮਿਲਣਗੇ।
- ਪ੍ਰਾਚੀਨ ਮੂਰਤੀ ਕਲਾ ਗੈਲਰੀ: ਪੁਰਾਤਨ ਮੂਰਤੀਆਂ ਅਤੇ ਇਤਿਹਾਸਕ ਸਾਜੋ-ਸਮਾਨ ਦਾ ਸੰਗ੍ਰਹਿ।

ਕਿਲ੍ਹਾ ਮੁਬਾਰਕ (ਦਰਬਾਰ ਹਾਲ): ਪੁਰਾਤਨ ਹਥਿਆਰਾਂ ਦਾ ਖਜ਼ਾਨਾ
ਕਿਲ੍ਹਾ ਮੁਬਾਰਕ ਦੇ ਮਿਊਜ਼ੀਅਮ ਵਿੱਚ ਵੀ ਦੋ ਮੁੱਖ ਗੈਲਰੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਪੁਰਾਤਨ ਹਥਿਆਰ (Arms & Armour): ਇੱਕ ਮਿਆਨ ਵਿੱਚ ਦੋ ਤਲਵਾਰਾਂ, ਕਟਾਰਾਂ ਅਤੇ ਹੋਰ ਜੰਗੀ ਸਾਜੋ-ਸਮਾਨ।
- ਖਾਸ ਖਿੱਚ: ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਤਸਵੀਰ, ਇਟਾਲਾ ਤੇ ਫਇਏਟ ਦੀਆਂ ਪੁਰਾਤਨ ਕਾਰਾਂ, ਕੋਲਕਾਤਾ ਤੋਂ ਤਿਆਰ ਹੋਈ ਚਾਂਦੀ ਦੀ ਬੱਘੀ ਅਤੇ ਵਿਸ਼ਾਲ ਝਾੜ-ਫਾਨੂਸ (Chandeliers)।
“ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਆਪਣੀ ਵਿਰਾਸਤ ਨਾਲ ਜੁੜਨ ਦਾ ਸੁਨਹਿਰੀ ਮੌਕਾ ਹੈ। ਮੈਂ ਪਟਿਆਲਾ ਵਾਸੀਆਂ ਅਤੇ ਸੈਲਾਨੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇੱਕ ਵਾਰ ਜ਼ਰੂਰ ਇਨ੍ਹਾਂ ਇਤਿਹਾਸਕ ਵਸਤਾਂ ਦੇ ਦਿਦਾਰ ਕਰਨ।” — ਵਰਜੀਤ ਵਾਲੀਆ, ਡੀ.ਸੀ. ਪਟਿਆਲਾ







