ਪਟਿਆਲਾ, 21 ਫਰਵਰੀ ਸ਼ਾਹੀ ਸ਼ਹਿਰ ਪਟਿਆਲਾ ਨੂੰ ਸਾਫ਼–ਸੁਥਰਾ, ਸੁੰਦਰ ਅਤੇ ਵਿਕਸਿਤ ਬਣਾਉਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਮੇਅਰ ਦੀ ਕੁਰਸੀ ਰਾਜਸੀ ਸ਼ਾਨ–ਸ਼ੌਕਤ ਲਈ ਨਹੀਂ, ਸਗੋਂ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਅਤੇ ਮੇਰਾ ਮਕਸਦ ਲੋਕਾਂ ਲਈ ਉਦਾਹਰਨ ਬਣ ਕੇ ਦਿਖਾਉਣਾ ਹੈ ਕਿ ਇਮਾਨਦਾਰੀ ਨਾਲ ਕੰਮ ਕਿਵੇਂ ਕੀਤਾ ਜਾਂਦਾ ਹੈ। ਇਹ ਗੱਲਬਾਤ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤੀ।
ਮੇਅਰ ਗੋਗੀਆ ਨੇ ਦੱਸਿਆ ਕਿ ਪਟਿਆਲਾ ਨੂੰ ਕੂੜਾ ਮੁਕਤ ਬਣਾਉਣ ਲਈ 52 ਕਰੋੜ ਰੁਪਏ ਦਾ ਟੈਂਡਰ ਲਗਾਇਆ ਗਿਆ ਹੈ। ਹੁਣ ਤਾਜ਼ਾ ਕੂੜਾ ਉਸੇ ਦਿਨ ਸੈਗਰੀਗੇਟ ਕਰਕੇ ਨਿਪਟਾਇਆ ਜਾਵੇਗਾ। 50 ਸਾਲ ਪੁਰਾਣੇ ਡੰਪ ਦਾ ਲਗਭਗ 50 ਫੀਸਦੀ ਹਿੱਸਾ ਪਹਿਲਾਂ ਹੀ ਖਤਮ ਕੀਤਾ ਜਾ ਚੁੱਕਾ ਹੈ ਅਤੇ ਉੱਥੇ ਗ੍ਰੀਨ ਏਰੀਆ ਵਿਕਸਿਤ ਕਰਨ ਦੀ ਯੋਜਨਾ ਹੈ।
ਮੇਅਰ ਗੋਗੀਆ ਨੇ ਕਿਹਾ ਕਿ ਇਸ ਵਾਰ ਹਾਊਸ ਮੀਟਿੰਗ ਵਿੱਚ 25 ਸਾਲਾਂ ਮਗਰੋਂ ਪਹਿਲੀ ਵਾਰੀ ਵਾਧੇ ਦਾ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀ ਨੇਕ ਨੀਤੀ ਅਤੇ ਸਹਿਯੋਗ ਸਦਕੇ ਬਿਲਡਿੰਗ, ਲੈਂਡ, ਟੈਕਸ ਅਤੇ ਵਾਟਰ ਸਪਲਾਈ ਸਮੇਤ ਸਾਰੀਆਂ ਬ੍ਰਾਂਚਾਂ ਨੇ ਟਾਰਗੇਟ ਤੋਂ ਵੱਧ ਕਲੈਕਸ਼ਨ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗਲਤੀਆਂ ਮਿਲੀਆਂ, ਉੱਥੇ ਸਖ਼ਤ ਕਾਰਵਾਈ ਕੀਤੀ ਗਈ। ਹੁਣ 10 ਲੱਖ ਤੋਂ ਵੱਧ ਦੇ ਸੜਕ ਪ੍ਰੋਜੈਕਟਾਂ ਦੀ ਥਰਡ ਪਾਰਟੀ ਜਾਂਚ ਹੋ ਰਹੀ ਹੈ। ਜਦ ਤੱਕ ਕੰਮ ਦੀ ਗੁਣਵੱਤਾ ਠੀਕ ਨਹੀਂ ਹੁੰਦੀ, ਠੇਕੇਦਾਰ ਨੂੰ ਭੁਗਤਾਨ ਨਹੀਂ ਕੀਤਾ ਜਾਂਦਾ।
ਉਨ੍ਹਾਂ ਕਿਹਾ ਕਿ ਡੈਰੀ ਫਾਰਮਾਂ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਲਈ ਜਗ੍ਹਾ ਅਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਈ ਹੈ। ਮੇਅਰ ਗੋਗੀਆ ਨੇ ਕਿਹਾ ਕਿ ਕਈ ਪਾਰਕ ਡਿਵੈਲਪ ਹੋ ਚੁੱਕੇ ਹਨ ਅਤੇ ਬਾਕੀਆਂ ’ਚ ਲਾਈਟਿੰਗ, ਟ੍ਰੈਕ, ਬੈਠਣ ਦੀ ਵਿਵਸਥਾ ਅਤੇ ਹਰਿਆਲੀ ਵਧਾਈ ਜਾ ਰਹੀ ਹੈ। ਵਿਰਾਸਤੀ ਥਾਵਾਂ ਨੂੰ ਸੰਭਾਲ ਕੇ ਰੱਖਣ ਲਈ ਵੀ ਖਾਸ ਯੋਜਨਾ ਤਿਆਰ ਕੀਤੀ ਗਈ ਹੈ।
ਉਨ੍ਹਾਂ ਵਿਸ਼ੇਸ਼ ਤੋਰ ਤੇ ਕਿਹਾ ਕਿ ਮੁਲਾਜਮਾਂ ਲਈ ਪਹਿਲੀ ਤਰੀਕ ਨੂੰ ਤਨਖਾਹ, ਪੀਐਫ, ਗ੍ਰੈਚੁਇਟੀ ਅਤੇ ਮੈਡੀਕਲ ਬਿਲਾਂ ਦੀ ਅਦਾਇਗੀ ਯਕੀਨੀ ਬਣਾਈ ਗਈ ਹੈ। ਕਰਮਚਾਰੀਆਂ ਦਾ ਮਨੋਬਲ ਵਧਾਉਣਾ ਵੀ ਸਾਡੀ ਤਰਜੀਹ ਹੈ। ਉਹਨਾਂ ਕਿਹਾ ਕਿ ਮੈਂ ਸਵੇਰੇ ਲੋਕਾਂ ਵਿਚਕਾਰ ਰਹਿੰਦਾ ਹਾਂ, ਬਿਨਾਂ ਗਨਮੈਨ ਅਤੇ ਬਿਨਾਂ ਵੀਆਈਪੀ ਕਲਚਰ ਦੇ ਲੋਕਾਂ ਨਾਲ ਸਿੱਧਾ ਸੰਪਰਕ ਰੱਖਦਾ ਹਾਂ।
ਅੰਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੇਰਾ ਟੀਚਾ ਪਟਿਆਲਾ ਨੂੰ ਐਸਾ ਸ਼ਹਿਰ ਬਣਾਉਣਾ ਹੈ ਜੋ ਸਾਫ਼–ਸੁਥਰਾ, ਹਰਾ–ਭਰਾ, ਸੁੰਦਰ ਅਤੇ ਵਿਕਸਿਤ ਹੋਵੇ। ਇਮਾਨਦਾਰੀ, ਪਾਰਦਰਸ਼ਤਾ ਅਤੇ ਲੋਕਾਂ ਦੀ ਭਲਾਈ ਹੀ ਮੇਰੀ ਨੀਤੀ ਹੈ। ਮੈਂ ਚਾਹੁੰਦਾ ਹਾਂ ਕਿ ਜਦੋਂ ਮੇਰਾ ਕਾਰਜਕਾਲ ਖਤਮ ਹੋਵੇ, ਤਾਂ ਲੋਕ ਕਹਿਣ ਕਿ ਇਸ ਦੌਰ ਵਿੱਚ ਪਟਿਆਲਾ ਨੇ ਨਵਾਂ ਰੂਪ ਧਾਰਿਆ। ਲੋਕਾਂ ਦੇ ਸਹਿਯੋਗ ਨਾਲ ਅਸੀਂ ਪਟਿਆਲਾ ਨੂੰ ਸੱਚਮੁੱਚ “ਸ਼ਾਹੀ ਸ਼ਹਿਰ” ਹੀ ਨਹੀਂ, ਸਗੋਂ ਵਿਕਾਸ ਦੀ ਮਿਸਾਲ ਬਣਾ ਕੇ ਪੇਸ਼ ਕਰੀਏ।







