ਪਟਿਆਲਾ, 10 ਫਰਵਰੀ, 2026 (ਬਲਜੀਤ ਸਰਨਾ): ਅੰਡਰ-19 ਕ੍ਰਿਕਟ ਵਿਸ਼ਵ ਕੱਪ 2026 ਵਿੱਚ ਭਾਰਤ ਦੀ ਇਤਿਹਾਸਕ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਪ-ਕਪਤਾਨ ਵਿਹਾਨ ਮਲਹੋਤਰਾ ਬੀਤੀ ਦੇਰ ਰਾਤ ਆਪਣੇ ਗ੍ਰਹਿ ਸ਼ਹਿਰ ਪਟਿਆਲਾ ਪਹੁੰਚੇ। ਪਟਿਆਲਾ ਰੇਲਵੇ ਸਟੇਸ਼ਨ ਅਤੇ ਉਨ੍ਹਾਂ ਦੇ ਘਰ ਪਹੁੰਚਣ ‘ਤੇ ਪਰਿਵਾਰ, ਦੋਸਤਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਫੁੱਲਾਂ ਦੇ ਹਾਰਾਂ ਅਤੇ ਢੋਲ-ਧਮਾਕਿਆਂ ਨਾਲ ਉਨ੍ਹਾਂ ਦਾ ਨਿੱਘਾ ਅਤੇ ਭਵਿੱਖ ਸਵਾਗਤ ਕੀਤਾ ਗਿਆ।
ਮਿਹਨਤ ਦਾ ਮਿਲਿਆ ਫਲ: ਵਿਹਾਨ ਮਲਹੋਤਰਾ
Video: 
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਹਾਨ ਨੇ ਆਪਣੀ ਇਸ ਸਫਲਤਾ ਦਾ ਸਾਰਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਕੋਚਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਉਨ੍ਹਾਂ ਕਿਹਾ:
“ਮੈਂ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਮਿਹਨਤ ਕਰ ਰਿਹਾ ਸੀ ਅਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਇਸ ਦਾ ਇਨਾਮ ਮਿਲਿਆ ਹੈ। ਵਿਸ਼ਵ ਜੇਤੂ ਬਣ ਕੇ ਆਪਣੇ ਦੇਸ਼ ਅਤੇ ਸ਼ਹਿਰ ਪਰਤਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।”
IPL 2026: RCB ਲਈ ਚੁਣੇ ਜਾਣ ‘ਤੇ ਖੁਸ਼ੀ
ਵਿਹਾਨ ਨੇ ਦੱਸਿਆ ਕਿ ਵਿਸ਼ਵ ਕੱਪ ਦੀ ਜਿੱਤ ਤੋਂ ਬਾਅਦ ਹੁਣ ਉਨ੍ਹਾਂ ਦਾ ਅਗਲਾ ਟੀਚਾ IPL 2026 ਹੈ। ਦੱਸ ਦੇਈਏ ਕਿ ਵਿਹਾਨ ਮਲਹੋਤਰਾ ਨੂੰ ਇਸ ਵਾਰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।
- ਆਈਡਲ ਵਿਰਾਟ ਕੋਹਲੀ ਨਾਲ ਸਾਂਝਾ ਕਰਨਗੇ ਡਰੈਸਿੰਗ ਰੂਮ: ਵਿਹਾਨ ਨੇ ਆਪਣੀ ਉਤਸੁਕਤਾ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ ਆਦਰਸ਼ (Idol) ਵਿਰਾਟ ਕੋਹਲੀ ਨਾਲ ਖੇਡਣ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਕੋਹਲੀ ਨਾਲ ਡਰੈਸਿੰਗ ਰੂਮ ਸਾਂਝਾ ਕਰਨਾ ਉਨ੍ਹਾਂ ਲਈ ਇੱਕ ਵੱਡਾ ਮੌਕਾ ਹੈ ਅਤੇ ਉਹ ਉਨ੍ਹਾਂ ਤੋਂ ਬਹੁਤ ਕੁਝ ਸਿੱਖਣਗੇ, ਜੋ ਭਵਿੱਖ ਵਿੱਚ ਉਨ੍ਹਾਂ ਦੇ ਕੈਰੀਅਰ ਵਿੱਚ ਕੰਮ ਆਵੇਗਾ।
ਪਟਿਆਲਾ ਵਿੱਚ ਜਸ਼ਨ ਦਾ ਮਾਹੌਲ
ਵਿਹਾਨ ਦੇ ਪਿਤਾ ਮਨੋਜ ਮਲਹੋਤਰਾ ਅਤੇ ਮਾਤਾ ਡਾ. ਪੂਨਮ ਮਲਹੋਤਰਾ ਨੇ ਆਪਣੇ ਪੁੱਤਰ ਦੀ ਉਪਲਬਧੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵਿਹਾਨ ਨੇ ਸ਼ੁਰੂ ਤੋਂ ਹੀ ਕ੍ਰਿਕਟ ਅਤੇ ਪੜ੍ਹਾਈ ਵਿਚਾਲੇ ਵਧੀਆ ਸੰਤੁਲਨ ਬਣਾ ਕੇ ਰੱਖਿਆ ਹੈ। ਸਥਾਨਕ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਵਿਹਾਨ ਨੂੰ “ਪਟਿਆਲਾ ਦਾ ਮਾਣ” ਦੱਸ ਰਹੇ ਹਨ।









