Homeਹਰਿਆਣਾਗੁਰਦਾਸਪੁਰ ‘ਚ ਸੜਕ ਮੁਰੰਮਤ ਦੌਰਾਨ ਲਾਪਰਵਾਹੀ, ਰੌਂਗ ਸਾਈਡ ਡਾਇਵਰਸ਼ਨ ਨਾਲ ਵਧ ਰਹੇ...

ਗੁਰਦਾਸਪੁਰ ‘ਚ ਸੜਕ ਮੁਰੰਮਤ ਦੌਰਾਨ ਲਾਪਰਵਾਹੀ, ਰੌਂਗ ਸਾਈਡ ਡਾਇਵਰਸ਼ਨ ਨਾਲ ਵਧ ਰਹੇ ਭਿਆਨਕ ਹਾਦਸੇ:

ਗੁਰਦਾਸਪੁਰ ਸਮੇਤ ਪੰਜਾਬ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਅ ਅਤੇ ਹੋਰ ਮੁੱਖ ਸੜਕਾਂ ਦੀ ਮੁਰੰਮਤ ਦੌਰਾਨ ਸਬੰਧਤ ਕੰਪਨੀਆਂ ਅਤੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਗੰਭੀਰ ਲਾਪਰਵਾਹੀ ਕਾਰਨ ਆਮ ਲੋਕਾਂ ਦੀ ਜਾਨ-ਮਾਲ ਨਾਲ ਸਰੇਆਮ ਖਿਲਵਾੜ ਹੋ ਰਿਹਾ ਹੈ। ਸੜਕ ਮੁਰੰਮਤ ਦੇ ਨਾਂ ‘ਤੇ ਅਕਸਰ ਸੜਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਬੰਦ ਕਰਕੇ ਸਾਰੀ ਟ੍ਰੈਫਿਕ ਨੂੰ ਗਲਤ ਦਿਸ਼ਾ (ਰੌਂਗ ਸਾਈਡ) ਵੱਲ ਡਾਇਵਰਟ ਕਰ ਦਿੱਤਾ ਜਾਂਦਾ ਹੈ, ਜੋ ਭਿਆਨਕ ਹਾਦਸਿਆਂ ਦਾ ਮੁੱਖ ਕਾਰਨ ਬਣ ਰਿਹਾ ਹੈ।

ਪਿਛਲੇ ਸਮੇਂ ਦੌਰਾਨ ਇੱਕ ਪਾਸਾ ਬੰਦ ਹੋਣ ਕਾਰਨ ਗਲਤ ਦਿਸ਼ਾ ਵਿੱਚ ਚੱਲ ਰਹੇ ਵਾਹਨਾਂ ਦੀ ਸਾਹਮਣੇ ਤੋਂ ਆ ਰਹੀ ਟ੍ਰੈਫਿਕ ਨਾਲ ਭਿਆਨਕ ਟੱਕਰਾਂ ਹੋ ਚੁੱਕੀਆਂ ਹਨ। ਇਨ੍ਹਾਂ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਗੁਆਚੀਆਂ ਹਨ ਅਤੇ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਇਸ ਸਭ ਦੇ ਬਾਵਜੂਦ ਨਾ ਤਾਂ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਨਾ ਹੀ ਸਬੰਧਤ ਕੰਪਨੀਆਂ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਢੁਕਵਾਂ ਧਿਆਨ ਦਿੱਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚੋਂ ਲੰਘਦੇ ਰਾਸ਼ਟਰੀ ਰਾਜਮਾਰਗਾਂ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਵੱਖ-ਵੱਖ ਵੱਡੀਆਂ ਕੰਪਨੀਆਂ ਨੂੰ ਸੌਂਪਿਆ ਗਿਆ ਹੈ। ਇਹ ਕੰਪਨੀਆਂ ਸੜਕ ਦੀ ਮੁਰੰਮਤ ਕਰਦੇ ਸਮੇਂ ਇੱਕ ਹਿੱਸਾ ਬੰਦ ਕਰ ਦਿੰਦੀਆਂ ਹਨ ਅਤੇ ਬਿਨਾਂ ਪੂਰੇ ਸੁਰੱਖਿਆ ਉਪਾਵਾਂ ਦੇ ਆਵਾਜਾਈ ਨੂੰ ਗਲਤ ਦਿਸ਼ਾ ਵੱਲ ਮੋੜ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਤੇਜ਼ ਰਫ਼ਤਾਰ ਨਾਲ ਆ ਰਹੀ ਟ੍ਰੈਫਿਕ ਹਾਦਸਿਆਂ ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦੀ ਹੈ।

ਲੋਕਾਂ ਦਾ ਦੋਸ਼ ਹੈ ਕਿ ਡਾਇਵਰਜਨ ਦੀ ਸ਼ੁਰੂਆਤ ‘ਤੇ ਕੁਝ ਚੇਤਾਵਨੀ ਬੋਰਡ ਲਗਾ ਦਿੱਤੇ ਜਾਂਦੇ ਹਨ, ਪਰ ਅੱਗੇ ਇੱਕ ਤੋਂ ਪੰਜ ਕਿਲੋਮੀਟਰ ਤੱਕ ਸੜਕ ਬਿਨਾਂ ਕਿਸੇ ਸੂਚਨਾ ਬੋਰਡ, ਰਿਫਲੈਕਟਰ, ਕੋਨ ਜਾਂ ਅਸਥਾਈ ਪਾਰਟੀਸ਼ਨ ਦੇ ਛੱਡ ਦਿੱਤੀ ਜਾਂਦੀ ਹੈ। ਇਸ ਕਾਰਨ ਸਹੀ ਦਿਸ਼ਾ ਵਿੱਚ ਆ ਰਹੇ ਵਾਹਨਾਂ ਦੇ ਚਾਲਕਾਂ ਨੂੰ ਗਲਤ ਦਿਸ਼ਾ ਤੋਂ ਆ ਰਹੀ ਟ੍ਰੈਫਿਕ ਸਮੇਂ ‘ਤੇ ਨਜ਼ਰ ਨਹੀਂ ਆਉਂਦੀ ਅਤੇ ਉਲਝਣ ਕਾਰਨ ਅਚਾਨਕ ਵੱਡੇ ਹਾਦਸੇ ਵਾਪਰ ਜਾਂਦੇ ਹਨ।

ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਦੋਂ ਵੀ ਸੜਕ ਮੁਰੰਮਤ ਦੌਰਾਨ ਟ੍ਰੈਫਿਕ ਨੂੰ ਗਲਤ ਦਿਸ਼ਾ ਵਿੱਚ ਮੋੜਿਆ ਜਾਵੇ, ਤਾਂ ਸ਼ੁਰੂ ਤੋਂ ਅੰਤ ਤੱਕ ਸਾਫ਼ ਤੇ ਪ੍ਰਤੀਬਿੰਬਤ ਸਾਈਨ ਬੋਰਡ, ਅਸਥਾਈ ਪਾਰਟੀਸ਼ਨ ਅਤੇ ਕੋਨ ਲਗਾਏ ਜਾਣ। ਰਾਤ ਦੇ ਸਮੇਂ ਹਾਦਸਿਆਂ ਤੋਂ ਬਚਾਅ ਲਈ ਫਲੈਸ਼ ਲਾਈਟਾਂ ਦੀ ਵਰਤੋਂ ਵੀ ਲਾਜ਼ਮੀ ਬਣਾਈ ਜਾਵੇ।

ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇ ਬਾਵਜੂਦ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਮੌਕੇ ‘ਤੇ ਨਿਰੀਖਣ ਨਹੀਂ ਕਰ ਰਿਹਾ ਅਤੇ ਨਾ ਹੀ ਲਾਪਰਵਾਹੀ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਹੋ ਰਹੀ ਹੈ। ਲੋਕਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਮੌਕੇ ‘ਤੇ ਨਿਗਰਾਨੀ ਟੀਮਾਂ ਤਾਇਨਾਤ ਕਰਕੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ, ਨਹੀਂ ਤਾਂ ਇਹ ਲਾਪਰਵਾਹੀ ਹੋਰ ਵੀ ਕਈ ਕੀਮਤੀ ਜਾਨਾਂ ਲੈ ਸਕਦੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments