ਚੰਡੀਗੜ੍ਹ/ਗੁਰਦਾਸਪੁਰ, 7 ਫਰਵਰੀ 2026:
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀ ਸੰਸਦ ਮੈਂਬਰਾਂ ਬਾਰੇ ਦਿੱਤੇ ਗਏ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ‘ਤੇ ਕਰੜਾ ਹਮਲਾ ਬੋਲਿਆ ਹੈ। ਰੰਧਾਵਾ ਨੇ ਸੁਨੀਲ ਜਾਖੜ ਨੂੰ ਮੌਕਾਪ੍ਰਸਤ ਅਤੇ ਪਾਰਟੀ ਨਾਲ ਗੱਦਾਰੀ ਕਰਨ ਵਾਲਾ ਆਗੂ ਕਰਾਰ ਦਿੱਤਾ।
ਰੰਧਾਵਾ ਨੇ ਕਿਹਾ ਕਿ ਸੁਨੀਲ ਜਾਖੜ ਨੇ ਉਸ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਜਿਸ ਨੇ ਉਨ੍ਹਾਂ ਨੂੰ ਸਨਮਾਨ, ਮਾਣ ਅਤੇ ਵੱਡੇ ਅਹੁਦੇ ਦਿੱਤੇ। ਉਨ੍ਹਾਂ ਕਿਹਾ ਕਿ ਮੌਕਾਪ੍ਰਸਤੀ ਦਰਅਸਲ ਗੱਦਾਰੀ ਦਾ ਹੀ ਦੂਜਾ ਨਾਮ ਹੈ ਅਤੇ ਜਾਖੜ ਨੇ ਸਿਆਸੀ ਲਾਭ ਲਈ ਆਪਣੀ ਪੁਰਾਣੀ ਪਾਰਟੀ ‘ਤੇ ਹਮਲਾ ਕਰਕੇ ਆਪਣੀ ਅਸਲੀਅਤ ਬੇਨਕਾਬ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੁਨੀਲ ਜਾਖੜ ਨੇ ਲੋਕ ਸਭਾ ਵਿੱਚ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਰੌਲੇ ‘ਤੇ ਸਵਾਲ ਉਠਾਉਂਦਿਆਂ ਕਿਹਾ ਸੀ ਕਿ ਸੰਸਦ ਵਿੱਚ ਰੌਲਾ ਪਾਉਣ ਵਾਲੇ ਉਹੀ ਲੋਕ ਹਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਅਨਸਰਾਂ ਦਾ ਹੌਸਲਾ ਵਧਾਇਆ ਸੀ।
ਇਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਜਾਖੜ ਗੱਦਾਰੀ ਕਰਨ ਵਿੱਚ ਮਾਹਿਰ ਹਨ ਅਤੇ ਅਜਿਹੇ ਆਗੂਆਂ ਨੂੰ ਨੈਤਿਕਤਾ ਦੀਆਂ ਗੱਲਾਂ ਕਰਨਾ ਸ਼ੋਭਦਾ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਅਜਿਹੀ ਸਿਆਸਤ ਅਤੇ ਮੌਕਾਪ੍ਰਸਤ ਆਗੂਆਂ ਨੂੰ ਚੰਗੀ ਤਰ੍ਹਾਂ ਪਛਾਣਦੀ ਹੈ।







