ਚੰਡੀਗੜ੍ਹ, 7 ਫਰਵਰੀ 2026 — ਇੱਕ ਪਾਸੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨਾਰਾਜ਼ ਆਗੂਆਂ ਅਤੇ ਵਰਕਰਾਂ ਨੂੰ ਮਨਾਉਣ ਲਈ ‘ਨੰਗੇ ਪੈਰੀਂ’ ਜਾਣ ਦੀ ਗੱਲ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਾਰਟੀ ਅੰਦਰੋਂ ਅਸੰਤੋਸ਼ ਦੀ ਆਵਾਜ਼ ਹੋਰ ਤੇਜ਼ ਹੋ ਗਈ ਹੈ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅਕਾਲੀ ਦਲ ਦੇ ਅੰਦਰੂਨੀ ਸੰਕਟ ‘ਤੇ ਖੁੱਲ੍ਹ ਕੇ ਬਿਆਨ ਦਿੰਦਿਆਂ ਮੌਜੂਦਾ ਲੀਡਰਸ਼ਿਪ ਨੂੰ ਨਿਸ਼ਾਨੇ ‘ਤੇ ਲਿਆ ਹੈ।
ਇਆਲੀ ਨੇ ਕਿਹਾ ਕਿ ਕਿਸੇ ਵੀ ਆਗੂ ਜਾਂ ਵਰਕਰ ਦੀ ਨਾਰਾਜ਼ਗੀ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ, ਸਗੋਂ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਨਾਲ ਹੈ। ਉਨ੍ਹਾਂ ਜ਼ੋਰ ਦਿੰਦਿਆਂ ਆਖਿਆ ਕਿ ਲੀਡਰਸ਼ਿਪ ਵਿੱਚ ‘ਤਿਆਗ ਦੀ ਭਾਵਨਾ’ ਹੋਣੀ ਬਹੁਤ ਜ਼ਰੂਰੀ ਹੈ। ਇਆਲੀ ਦੇ ਇਸ ਬਿਆਨ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅਤੇ ਅਕਾਲੀ ਦਲ ਦੇ ਕੰਮ ਕਰਨ ਦੇ ਤਰੀਕੇ ਵੱਲ ਸਿੱਧਾ ਇਸ਼ਾਰਾ ਮੰਨਿਆ ਜਾ ਰਿਹਾ ਹੈ।
ਪਾਰਟੀ ਅੰਦਰੋਂ ਆ ਰਹੀਆਂ ਇਨ੍ਹਾਂ ਖੁੱਲ੍ਹੀਆਂ ਟਿੱਪਣੀਆਂ ਨਾਲ ਅਕਾਲੀ ਦਲ ਵਿੱਚ ਚੱਲ ਰਹੇ ਅੰਦਰੂਨੀ ਟਕਰਾਅ ਅਤੇ ਭਵਿੱਖੀ ਰਣਨੀਤੀ ‘ਤੇ ਸਵਾਲ ਹੋਰ ਗਹਿਰੇ ਹੋ ਗਏ ਹਨ।







