-ਪੁਲ ਨਿਰਮਾਣ ਲਈ ਪੀ.ਆਈ.ਡੀ.ਬੀ. ਵੱਲੋਂ 54.76 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਰਿਜ਼ਰਵ: ਚੇਅਰਮੈਨ
ਧੂਰੀ, 31 ਜਨਵਰੀ: (ਜਗਦੇਵ ਰੰਚਨਾਂ) : ਧੂਰੀ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਹੋ ਨਿੱਬੜਿਆਂ ਜਦੋਂ ਦਹਾਕਿਆਂ ਤੋਂ ਲਟਕ ਰਹੀ ਧੂਰੀ ਰੇਲਵੇ ਓਵਰ ਬਰਿੱਜ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਰੇਲਵੇ ਵੱਲੋਂ ਓਵਰ ਬਰਿੱਜ ਦੀ ਡਰਾਇੰਗ ਮਨਜ਼ੂਰ ਹੋਣ ਦੇ ਕੇਵਲ ਦੋ ਦਿਨਾਂ ਅੰਦਰ ਹੀ ਟੈਂਡਰ ਪ੍ਰਕਾਸ਼ਿਤ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਲੋਕ ਹਿੱਤ ਦੇ ਪ੍ਰੋਜੈਕਟਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਅਤੇ ਵਚਨਬੱਧ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ. ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਵਿਰੋਧੀ ਧਿਰ ਵੱਲੋਂ ਇਸ ਪ੍ਰੋਜੈਕਟ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ, ਮਜ਼ਬੂਤ ਇਰਾਦੇ ਅਤੇ ਅਣਥੱਕ ਯਤਨਾਂ ਸਦਕਾ ਅੱਜ ਧੂਰੀ ਵਾਸੀਆਂ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ।
– ਪੁਲ ਬਣਨ ਨਾਲ ਬਦਲੇਗੀ ਧੂਰੀ ਦੀ ਤਕਦੀਰ; ਦੋ ਹਿੱਸਿਆ ’ਚ ਵੰਡਿਆਂ ਧੂਰੀ ਸ਼ਹਿਰ ਹੋਵੇਗਾ ਇੱਕ
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰੇਲਵੇ ਓਵਰ ਬਰਿੱਜ ਲਈ ਸਾਰੀ ਤਿਆਰੀ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਸੀ, ਜਿਸ ਕਾਰਨ ਟੈਂਡਰ ਪ੍ਰਕਿਰਿਆ ਨੂੰ ਦਿਨਾਂ ਦੀ ਥਾਂ ਘੰਟਿਆਂ ਵਿੱਚ ਅਗਲੇ ਪੜਾਅ ’ਤੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਇਨਫ਼ਰਾਸਟਰਕਚਰ ਡਿਵੈਲਪਮੈਂਟ ਬੋਰਡ ਵੱਲੋਂ ਇਸ ਮਹੱਤਵਪੂਰਨ ਪ੍ਰੋਜੈਕਟ ਲਈ 54.76 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਰਿਜ਼ਰਵ ਰੱਖੀ ਗਈ ਹੈ, ਜੋ ਸਰਕਾਰ ਦੀ ਗੰਭੀਰਤਾ ਅਤੇ ਸਮੇਂ-ਸਿਰ ਕੰਮ ਮੁਕੰਮਲ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਚੇਅਰਮੈਨ ਨੇ ਹੋਰ ਦੱਸਿਆ ਕਿ ਜੰਗਲਾਤ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਜਲ ਸਰੋਤ ਵਿਭਾਗ ਸਮੇਤ ਸਾਰੇ ਸਬੰਧਤ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿੱਚ ਜਮ੍ਹਾਂ ਕਰਵਾਈ ਜਾਣ ਵਾਲੀ ਰਕਮ ਅਤੇ ਜ਼ਮੀਨ ਤਬਦੀਲੀ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟੈਂਡਰ ਭਰਨ ਦੀ ਆਖ਼ਰੀ ਮਿਤੀ 17 ਫਰਵਰੀ ਹੈ ਅਤੇ ਫਰਵਰੀ ਮਹੀਨੇ ਦੌਰਾਨ ਹੀ ਟੈਂਡਰ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਰੇਲਵੇ ਓਵਰ ਬਰਿੱਜ ਬਾਗੜੀਆਂ ਚੌਂਕ ਨੇੜੇ ਮਹਾਂਵੀਰ ਮੰਦਰ ਕੋਲੋਂ ਸ਼ੁਰੂ ਹੋ ਕੇ ਧੂਰੀ ਬਾਈਪਾਸ ’ਤੇ ਜਾ ਕੇ ਉੱਤਰੇਗਾ। ਇਹ ਪੁਲ ਸ਼ੇਰੋ ਡਿਸਟ੍ਰੀਬਿਊਟਰੀ ਡਰੇਨ ਤੋਂ ਲੰਘੇਗਾ ਅਤੇ ਰਾਜਪੁਰਾ–ਬਠਿੰਡਾ ਅਤੇ ਧੂਰੀ–ਲੁਧਿਆਣਾ ਰੇਲਵੇ ਲਾਈਨਾਂ ਨੂੰ ਕਵਰ ਕਰੇਗਾ। ਇਸ ਨਾਲ ਧੂਰੀ ਬਾਈਪਾਸ ’ਤੇ ਟਰੈਫ਼ਿਕ ਦੀ ਸਮੱਸਿਆ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਇਸ ਪੁਲ ਦੇ ਬਣਨ ਨਾਲ ਧੂਰੀ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਸ. ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਓਵਰ ਬਰਿੱਜ ਦੇ ਨਿਰਮਾਣ ਨਾਲ ਧੂਰੀ ਸ਼ਹਿਰ ਦੀ ਤਸਵੀਰ ਹੀ ਬਦਲ ਜਾਵੇਗੀ। ਰੇਲਵੇ ਫਾਟਕਾਂ ’ਤੇ ਲੱਗਣ ਵਾਲੇ ਲੰਬੇ ਜਾਮ ਤੋਂ ਸਥਾਈ ਛੁਟਕਾਰਾ ਮਿਲੇਗਾ ਅਤੇ ਵਪਾਰਕ, ਉਦਯੋਗਿਕ ਤੇ ਸਮਾਜਿਕ ਵਿਕਾਸ ਨੂੰ ਨਵਾਂ ਉਤਸ਼ਾਹ ਪ੍ਰਾਪਤ ਹੋਵੇਗਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਧੂਰੀ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕ ਹਿੱਤਾਂ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ।







