ਕੈਲਗਰੀ:
ਵਿਦੇਸ਼ਾਂ ਵਿੱਚ ਫਿਰੌਤੀ ਮੰਗਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲੇ ਵਿੱਚ ਪੰਜਾਬੀ ਗਾਇਕ ਵੀਰ ਦਵਿੰਦਰ ਨੂੰ ਫਿਰੌਤੀ ਲਈ ਧਮਕੀ ਭਰੀ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣਾ ਨਾਂ “ਆਂਡਾ ਬਟਾਲਾ” ਦੱਸਦਿਆਂ 5 ਲੱਖ ਡਾਲਰ ਦੀ ਮੰਗ ਕੀਤੀ। ਗਾਇਕ ਵੱਲੋਂ ਫਿਰੌਤੀ ਦੇਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ ਗਈ।
ਇਸ ਮਾਮਲੇ ਤੋਂ ਬਾਅਦ ਫਿਰੌਤੀ ਮੰਗਣ ਵਾਲਿਆਂ ਵੱਲੋਂ ਗਾਇਕ ਵੀਰ ਦਵਿੰਦਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕੀਤੀ ਗਈ। ਘਟਨਾ ਵੇਲੇ ਗਾਇਕ ਆਪਣੇ ਪਰਿਵਾਰ ਸਮੇਤ ਘਰ ਵਿੱਚ ਮੌਜੂਦ ਨਹੀਂ ਸਨ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਮੁਤਾਬਕ ਘਰ ’ਤੇ ਲਗਭਗ 7 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 3 ਗੋਲੀਆਂ ਘਰ ਦੀ ਬਾਹਰੀ ਕੰਧ ਨੂੰ ਚੀਰਦੀਆਂ ਹੋਈਆਂ ਬੈੱਡਰੂਮ ਤੱਕ ਪਹੁੰਚ ਗਈਆਂ। ਹਾਲਾਂਕਿ, ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਟੈਰਾਵੁੱਡ ਨੌਰਥ ਈਸਟ ਇਲਾਕੇ ਵਿੱਚ ਦੋ ਦਿਨ ਪਹਿਲਾਂ ਇੱਕ ਹੋਰ ਪੰਜਾਬੀ ਪਰਿਵਾਰ ਦੇ ਘਰ ’ਤੇ ਫਾਇਰਿੰਗ ਦੀ ਘਟਨਾ ਸਾਹਮਣੇ ਆ ਚੁੱਕੀ ਹੈ। ਜੁਲਾਈ 2025 ਤੋਂ ਜਨਵਰੀ 2026 ਤੱਕ ਸਾਊਥ ਏਸ਼ੀਅਨ ਕਮਿਉਨਟੀ ਦੇ ਘੱਟੋ-ਘੱਟ 12 ਪਰਿਵਾਰਾਂ ਨੂੰ ਫਿਰੌਤੀ ਕਾਲਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਚੁੱਕਾ ਹੈ। ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਦੋਸ਼ੀ ਘਰਾਂ ’ਤੇ ਗੋਲੀਆਂ ਚਲਾਕੇ ਉਨ੍ਹਾਂ ਦੀ ਵੀਡੀਓ ਤਿਆਰ ਕਰਕੇ ਪੀੜਤਾਂ ਨੂੰ ਭੇਜ ਦਿੰਦੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਜਦੋਂ ਵੀ ਕਿਸੇ ਨੂੰ ਫਿਰੌਤੀ ਸਬੰਧੀ ਫੋਨ ਆਵੇ, ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਅਨੁਸਾਰ, ਫਿਰੌਤੀ ਮੰਗਣ ਵਾਲਿਆਂ ਨੂੰ ਪੈਸੇ ਨਾ ਦੇਣ ਨਾਲ ਹੀ ਉਨ੍ਹਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਲਗਾਤਾਰ ਆ ਰਹੀਆਂ ਫਿਰੌਤੀ ਕਾਲਾਂ ਅਤੇ ਫਾਇਰਿੰਗ ਦੀਆਂ ਘਟਨਾਵਾਂ ਕਾਰਨ ਕੈਲਗਰੀ ਵਿੱਚ ਸਾਊਥ ਏਸ਼ੀਅਨ ਕਮਿਉਨਟੀ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।








