Homeਪੰਜਾਬਗਣਤੰਤਰ ਦਿਵਸ ਪਰੇਡ–2026 ਲਈ ਪੰਜਾਬ ਦੀ ਝਾਕੀ ਮਨੁੱਖੀ ਏਕਤਾ, ਦਇਆ ਅਤੇ ਸ਼ਹਾਦਤ...

ਗਣਤੰਤਰ ਦਿਵਸ ਪਰੇਡ–2026 ਲਈ ਪੰਜਾਬ ਦੀ ਝਾਕੀ ਮਨੁੱਖੀ ਏਕਤਾ, ਦਇਆ ਅਤੇ ਸ਼ਹਾਦਤ ਦੇ ਆਦਰਸ਼ਾਂ ਦੀ ਪ੍ਰਤੀਕ

ਚੰਡੀਗੜ੍ਹ, 22 ਜਨਵਰੀ:
ਗਣਤੰਤਰ ਦਿਵਸ ਪਰੇਡ–2026 ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਝਾਕੀ ਮਨੁੱਖੀ ਏਕਤਾ, ਦਇਆ-ਭਾਵਨਾ ਅਤੇ ਧਾਰਮਿਕ ਕਦਰਾਂ-ਕੀਮਤਾਂ ਦੇ ਉੱਚਤਮ ਆਦਰਸ਼ਾਂ ਨੂੰ ਉਜਾਗਰ ਕਰਦੀ ਹੋਈ ਅਧਿਆਤਮਕਤਾ ਅਤੇ ਨਿਰਸਵਾਰਥ ਕੁਰਬਾਨੀ ਦਾ ਵਿਲੱਖਣ ਪ੍ਰਤੀਕ ਬਣ ਕੇ ਸਾਹਮਣੇ ਆਈ ਹੈ।

ਸਰਕਾਰੀ ਬੁਲਾਰੇ ਅਨੁਸਾਰ, ਇਸ ਝਾਕੀ ਦੇ ਦੋ ਮੁੱਖ ਹਿੱਸੇ ਹਨ—ਟਰੈਕਟਰ ਅਤੇ ਟ੍ਰੇਲਰ। ਟਰੈਕਟਰ ਹਿੱਸੇ ਵਿੱਚ ਬਣਾਇਆ ਗਿਆ ਹੱਥ ਦਾ ਨਿਸ਼ਾਨ ਮਨੁੱਖਤਾਵਾਦੀ ਸੋਚ ਅਤੇ ਦਇਆ-ਭਾਵਨਾ ਨੂੰ ਦਰਸਾਉਂਦਾ ਹੈ, ਜੋ ਅਧਿਆਤਮਿਕ ਚਾਨਣ ਦਾ ਪ੍ਰਸਾਰ ਕਰਦਾ ਹੈ। ਟਰੈਕਟਰ ਦੇ ਮੂਹਰਲੇ ਭਾਗ ਵਿੱਚ ‘ਏਕ ਓਂਕਾਰ’ (ਪਰਮਾਤਮਾ ਇੱਕ ਹੈ) ਦਾ ਘੁੰਮਦਾ ਨਿਸ਼ਾਨ ਅਤੇ ‘ਹਿੰਦ ਦੀ ਚਾਦਰ’ ਲਿਖਤ ਵਾਲਾ ਕੱਪੜੇ ਦਾ ਟੁਕੜਾ ਦਰਸਾਇਆ ਗਿਆ ਹੈ, ਜੋ ਜ਼ੁਲਮ ਦੇ ਖ਼ਿਲਾਫ਼ ਸੁਰੱਖਿਆ ਅਤੇ ਸਹਾਰੇ ਦਾ ਪ੍ਰਤੀਕ ਹੈ।

ਝਾਕੀ ਦੇ ਟ੍ਰੇਲਰ ਹਿੱਸੇ ਵਿੱਚ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਕੀਤਾ ਜਾ ਰਿਹਾ ਹੈ, ਜਿਸ ਦੇ ਪਿਛੋਕੜ ਵਿੱਚ ‘ਖੰਡਾ ਸਾਹਿਬ’ ਦਾ ਨਿਸ਼ਾਨ ਸਮੁੱਚੇ ਮਾਹੌਲ ਨੂੰ ਅਲੌਕਿਕ ਅਤੇ ਅਧਿਆਤਮਿਕ ਰੰਗਤ ਪ੍ਰਦਾਨ ਕਰਦਾ ਹੈ। ਇਹ ਦ੍ਰਿਸ਼ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਸਾਹਮਣੇ ਸਥਿਤ ਅਸਥਾਨ ਨੂੰ ਦਰਸਾਉਂਦਾ ਹੈ, ਜਿੱਥੇ ਰੋਜ਼ਾਨਾ ਸ਼ਬਦ ਕੀਰਤਨ ਹੁੰਦਾ ਹੈ। ਟ੍ਰੇਲਰ ਦੇ ਕਿਨਾਰੇ ‘ਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਾ ਮਾਡਲ ਵੀ ਸੁਸ਼ੋਭਿਤ ਹੈ, ਜੋ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਜੁੜੇ ਪਵਿੱਤਰ ਇਤਿਹਾਸ ਦੀ ਯਾਦ ਦਿਲਾਉਂਦਾ ਹੈ।

ਝਾਕੀ ਦੇ ਸਾਈਡ ਪੈਨਲਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਅਦੁੱਤੀ ਸ਼ਹਾਦਤਾਂ ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਮਹਾਨ ਸ਼ਰਧਾਲੂਆਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਉੱਚਤਮ ਆਦਰਸ਼ਾਂ ਦੀ ਪਾਲਣਾ ਕਰਦਿਆਂ ਅਮਾਨਵੀ ਜ਼ੁਲਮ ਦਾ ਸਾਹਮਣਾ ਕਰਕੇ ਮਨੁੱਖਤਾ ਲਈ ਅਲੌਕਿਕ ਮਿਸਾਲ ਕਾਇਮ ਕੀਤੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ 23 ਤੋਂ 29 ਨਵੰਬਰ 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੀ ਸ਼ਰਧਾ ਅਤੇ ਧਾਰਮਿਕ ਜਾਹੋ-ਜਲਾਲ ਨਾਲ ਮਨਾਇਆ ਗਿਆ ਸੀ। ਇਸ ਦੌਰਾਨ ਕਈ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ।

ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ ਪਹਿਲੀ ਵਾਰ ਭਾਈ ਜੈਤਾ ਜੀ ਯਾਦਗਾਰ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ, ਜੋ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਵਿਲੱਖਣ ਅਤੇ ਯਾਦਗਾਰ ਘਟਨਾ ਵਜੋਂ ਦਰਜ ਹੋ ਗਿਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments