ਪੱਬਰਾ (ਘਨੌਰ/ਰਾਜਪੁਰਾ), 12 ਮਈ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਪੱਬਰਾ ਵਿਖੇ ਲੱਗ ਰਹੇ ਨਹਿਰੀ ਪਾਣੀ ‘ਤੇ ਅਧਾਰਤ ਪੀਣ ਵਾਲੇ ਪਾਣੀ ਦੇ ‘ਜਲ ਸ਼ੁੱਧੀਕਰਨ ਪਲਾਂਟ’ ਅਤੇ ਇਸ ਦੇ ਓਵਰ ਹੈਡ ਵਾਅਰ ਰੈਜੁਰਵਾਇਰ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜੇ.ਐਸ. ਸਿੱਧੂ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਉਦਘਾਟਨ ਲਈ ਤਿਆਰ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਇਸ ਪ੍ਰਾਜੈਕਟ ਨੂੰ ਬਹੁਤ ਜਲਦ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ 122 ਕਰੋੜ ਰੁਪਏ ਦੀ ਲਾਗਤ ਵਾਲੇ 18 ਦਾ ਐਮ.ਐਲ.ਡੀ. (5.285 ਕਿਉਸਿਕ) ਵਾਲੇ ਪਿੰਡ ਪੱਬਰਾ ਦੇ ਜਲ ਟ੍ਰੀਟਮੈਂਟ ਪਲਾਂਟ ‘ਤੋਂ 112 ਪਿੰਡਾਂ ਨੂੰ 1.80 ਕਰੋੜ ਲਿਟਰ, ਸਸਤੀਆਂ ਦਰਾਂ ‘ਤੇ 70 ਲਿਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਗੁਣਵੱਤਾ ਭਰਪੂਰ ਜਲ ਸਪਲਾਈ ਰੋਜ਼ਾਨਾ ਹੋਵੇਗੀ। ਇਨ੍ਹਾਂ ਪਿੰਡਾਂ ‘ਚ 25 ਪਿੰਡ ਘਨੌਰ ਹਲਕੇ ਦੇ, 62 ਪਿੰਡ ਰਾਜਪੁਰਾ ਹਲਕੇ ਦੇ, 23 ਪਿੰਡ ਸਨੌਰ ਹਲਕੇ ਦੇ ਅਤੇ 2 ਪਿੰਡ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਹਨ, ਇਥੋਂ 1.63 ਲੱਖ ਲੋਕਾਂ ਨੂੰ ਜਲ ਸਪਲਾਈ ਹੋਵੇਗੀ ਅਤੇ 179 ਕਿਲੋਮੀਟਰ ਡੀ.ਆਈ. ਪਾਇਪ ਲਾਇਨਾਂ ਵਿਛਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਗੁਰਲਾਲ ਘਨੌਰ ਦੇ ਯਤਨਾਂ ਸਦਕਾ ਮੁਕੰਮਲ ਹੋਏ ਇਸ ਪ੍ਰਾਜੈਕਟ ਦੇ ਚਾਲੂ ਹੋਣ ਨਾਲ ਲੋਕਾਂ ਨੂੰ ਆਪਣੇ ਘਰਾਂ ‘ਚ ਆਰ.ਓ. ਲਗਾਉਣ ਦੀ ਲੋੜ ਵੀ ਨਹੀਂ ਪੈਣੀ। ਇਸ ਪ੍ਰਜੈਕਟ ਤਹਿਤ ਸਾਰੇ ਪਿੰਡਾਂ ‘ਚ ਪਹਿਲਾਂ ਪਾਈਆਂ ਹੋਈਆਂ ਪਾਇਪਾਂ ਜੋ ਕਿ ਲੀਕੇਜ ਕਰਕੇ ਜਾਂ ਬੰਦ ਪਈਆਂ ਹਨ, ਨੂੰ ਵੀ ਬਦਲਿਆ ਗਿਆ ਹੈ ਅਤੇ ਹਰ ਘਰ ‘ਚ ਪਾਣੀ ਦਾ ਮੀਟਰ ਲੱਗਣ ਕਰਕੇ ਪਾਣੀ ਦੀ ਬਰਬਾਦੀ ਵੀ ਨਹੀਂ ਹੋਵੇਗੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਇਲਾਕੇ ਦੇ ਧਰਤੀ ਹੇਠਲੇ ਪਾਣੀ ‘ਚ ਫਲੋਰਾਇਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹੱਡੀਆਂ ਅਤੇ ਦੰਦਾਂ ‘ਚ ਫਲੋਰੋਸਿਸ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਪੀਣ ਨਾਲ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਣ ਕਰਕੇ ਲੋਕਾਂ ਦੀ ਸਿਹਤ ‘ਚ ਸੁਧਾਰ ਹੋਣ ਨਾਲ ਇਨ੍ਹਾਂ ਦੀ ਤਕਦੀਰ ਬਦਲੇਗੀ।
*************
ਫੋਟੋ ਕੈਪਸ਼ਨ- ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਪੱਬਰਾ ਵਿਖੇ ਜਲ ਸ਼ੁੱਧੀਕਰਨ ਪਲਾਂਟ ਦਾ ਜਾਇਜ਼ਾ ਲੈਂਦੇ ਹੋਏ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਤੇ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ।